ਚੌਥਾ ਵਿਸ਼ਵ ਕਬੱਡੀ ਕੱਪ-2013
ਮਰਦ ਵਰਗ ਦੀ ਜੇਤੂ ਨੂੰ 2 ਕਰੋੜ ਤੇ ਔਰਤ ਵਰਗ ਦੀ ਜੇਤੂ ਨੂੰ ਇਕ ਕਰੋੜ ਦੀ ਮਿਲੇਗੀ ਇਨਾਮੀ ਰਾਸ਼ੀ
ਉਦਘਾਟਨੀ ਸਮਾਰੋਹ ‘ਤੇ ਪ੍ਰਿਅੰਕਾ ਚੋਪੜਾ ਜਦੋਂ ਕਿ ਸਮਾਪਤੀ ਸਮਾਰੋਹ ‘ਤੇ ਰਣਵੀਰ ਸਿੰਘ ਕਰਨਗੇ ਦਰਸ਼ਕਾਂ ਦਾ ਮਨੋਰੰਜਨ, ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਸ਼ਹਿਬਾਜ਼ ਸ਼ਰੀਫ
ਪਹਿਲੀ ਵਾਰ ਪਾਕਿਸਤਾਨ ਤੇ ਮੈਕਸੀਕੋ ਦੀਆਂ ਮਹਿਲਾ ਟੀਮਾਂ ਲੈਣਗੀਆਂ ਭਾਗ, ਨਸ਼ਾ ਮੁਕਤ ਵਿਸ਼ਵ ਕੱਪ ਲਈ ਨਾਡਾ ਦੀ ਅਗਵਾਈ ਹੇਠ ਐਂਟੀ ਡੋਪਿੰਗ ਕਮੇਟੀ ਕਾਇਮ
ਚੰਡੀਗੜ੍ਹ, 26 ਨਵੰਬਰ – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਵਿਸ਼ਵ ਕਬੱਡੀ ਕੱਪ 30 ਨਵੰਬਰ ਤੋਂ 14 ਦਸੰਬਰ ਤੱਕ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਖੇਡਿਆ ਜਾਵੇਗਾ, ਜਿਸ ਦੌਰਾਨ 6 ਮਹਾਂਦੀਪਾਂ ਦੀਆਂ 20 ਟੀਮਾਂ 7 ਕਰੋੜ ਰੁਪੈ ਦੀ ਇਨਾਮੀ ਰਾਸ਼ੀ ਲਈ ਭਿੜਨਗੀਆਂ।
ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਹੋਣ ਵਾਲੇ ਉਦਘਾਟਨੀ ਸਮਾਰੋਹ ਲਈ ਮੁੱਖ ਮਹਿਮਾਨ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਹੋਣਗੇ ਜਦੋਂ ਕਿ ਸਮਾਪਤੀ ਸਮਾਰੋਹ ਲਈ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਮੀਆਂ ਮੁਹੰਮਦ ਸ਼ਹਿਬਾਜ਼ ਸ਼ਰੀਫ ਨੇ ਆਪਣੀ ਸਹਿਮਤੀ ਦੇ ਦਿੱਤੀ ਹੈ। ਉਹ ਇਨਾਮ ਵੰਡਣ ਦੀ ਰਸਮ ਵੀ ਅਦਾ ਕਰਨਗੇ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਂ ਖੇਡ ਕਬੱਡੀ ਨੂੰ ਦੁਨੀਆਂ ਦੇ ਨਕਸ਼ੇ ‘ਤੇ ਪਹੁੰਚਾਉਣ ਵਿੱਚ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਕਿਹਾ ਕਿ ਲਾਤੀਨੀ ਅਮਰੀਕਾ ਦੇ ਦੇਸ਼ਾਂ ਮੈਕਸੀਕੋ, ਅਰਜਨਟੀਨਾ ਤੋਂ ਇਲਾਵਾ ਅਫ਼ਰੀਕੀ ਮਹਾਂਦੀਪ ਦੇ ਦੇਸ਼ ਕੀਨੀਆ ਤੇ ਆਸਟਰੇਲੀਆ ਮਹਾਂਦੀਪ ਦੀ ਟੀਮ ਨਿਊਜ਼ੀਲੈਂਡ ਵਲੋਂ ਵੀ ਭਾਗ ਲਿਆ ਜਾ ਰਿਹਾ ਹੈ। ਮੈਕਸੀਕੋ ਤੇ ਪਾਕਿਸਤਾਨ ਦੀ ਔਰਤ ਵਰਗ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਵਿੱਚ ਭਾਗ ਲੈ ਰਹੀ ਹੈ, ਜਦੋਂ ਕਿ ਈਰਾਨੀ ਟੀਮ ਨੇ ਅਗਲੇ…….. ਸਾਲ ਵਿਸ਼ਵ ਕੱਪ ਦੌਰਾਨ ਭਾਗ ਲੈਣਾ ਹੈ। ਸ. ਬਾਦਲ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਖਿਡਾਰੀਆਂ ਨੂੰ ਸਿਖਲਾਈ ਦੇਣ ਲਈ ਪੰਜਾਬ ਸਰਕਾਰ ਵਲੋਂ ਕੋਚ ਭੇਜੇ ਗਏ ਸਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਦੀਆਂ ਟੀਮਾਂ ਵਲੋਂ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਨੂੰ ਸਖ਼ਤ ਟੱਕਰ ਮਿਲੇਗੀ।
ਵਿਸ਼ਵ ਕੱਪ ਦੇ ਉਦਘਾਟਨੀ ਸਮਾਰੋਹ ਦੌਰਾਨ ਪ੍ਰਸਿੱਧ ਅਦਾਕਾਰਾ ਪ੍ਰਿਅੰਕਾ ਚੋਪੜਾ ਜਦੋਂ ਕਿ ਸਮਾਪਤੀ ਸਮਾਰੋਹ ਦੌਰਾਨ ਅਦਾਕਾਰ ਰਣਵੀਰ ਸਿੰਘ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਪੰਜਾਬੀ ਦੇ ਕਲਾਕਾਰਾਂ ਤੋਂ ਇਲਾਵਾ ਵਿਦੇਸ਼ੀ ਕਲਾਕਾਰ ਵੀ ਵਿਸ਼ਵ ਕੱਪ ਦੌਰਾਨ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਵਿਸ਼ਵ ਕਬੱਡੀ ਕੱਪ ਦੌਰਾਨ ਕੁੱਲ 6 ਮਹਾਂਦੀਪਾਂ ਦੀਆਂ 20 ਟੀਮਾਂ ਭਾਗ ਲੈਣਗੀਆਂ, ਜਿਨ੍ਹਾਂ ਵਿੱਚ ਮਰਦ ਵਰਗ ਵਿੱਚ ਪਿਛਲੀ ਚੈਂਪੀਅਨ ਭਾਰਤ, ਪਾਕਿਸਤਾਨ, ਅਰਜਨਟੀਨਾ, ਅਮਰੀਕਾ, ਇੰਗਲੈਂਡ, ਕੈਨੇਡਾ, ਸਿਓਰਾ ਲਿਓਨ, ਈਰਾਨ, ਡੈਨਮਾਰਕ, ਕੀਨੀਆ, ਸਪੇਨ, ਸਕਾਟਲੈਂਡ ਹਨ ਜਦੋਂ ਕਿ ਔਰਤ ਵਰਗ ਵਿੱਚ ਅਮਰੀਕਾ, ਇੰਗਲੈਂਡ, ਡੈਨਮਾਰਕ, ਭਾਰਤ, ਨਿਊਜ਼ੀਲੈਂਡ, ਮੈਕਸੀਕੋ, ਕੀਨੀਆ ਤੇ ਪਾਕਿਸਤਾਨ ਵਿਸ਼ਵ ਕੱਪ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਉਣਗੀਆਂ। ਵਿਸ਼ਵ ਕੱਪ ਦਾ ਉਦਘਾਟਨੀ ਸਮਾਰੋਹ ਬਠਿੰਡਾ ਵਿਖੇ ਜਦੋਂ ਕਿ ਫਾਈਨਲ ਮੈਚ ਲੁਧਿਆਣਾ ਵਿਖੇ ਹੋਵੇਗਾ। ਲੀਗ ਮੈਚ ਬਠਿੰਡਾ, ਪਟਿਆਲਾ, ਚੋਹਲਾ ਸਾਹਿਬ, ਹੁਸ਼ਿਆਰਪੁਰ, ਗੁਰਦਾਸਪੁਰ, ਦੋਦਾ (ਮੁਕਤਸਰ), ਅੰਮ੍ਰਿਤਸਰ, ਜਲਾਲਾਬਾਦ, ਰੂਪਨਗਰ, ਸੰਗਰੂਰ, ਮਾਨਸਾ, ਜਲੰਧਰ ਤੇ ਲੁਧਿਆਣਾ ਵਿਖੇ ਵੀ ਹੋਣਗੇ।
ਉਨ੍ਹਾਂ ਕਿਹਾ ਕਿ ਮਰਦ ਵਰਗ ਵਿੱਚ ਜੇਤੂ ਟੀਮ ਨੂੰ 2 ਕਰੋੜ ਰੁਪੈ ਜਦੋਂ ਕਿ ਉਪ ਜੇਤੂ ਨੂੰ 1 ਕਰੋੜ ਰੁਪੈ ਦਾ ਇਨਾਮ ਮਿਲੇਗਾ। ਤੀਜੇ ਸਥਾਨ ਵਾਲੀ ਟੀਮ ਨੂੰ 51 ਲੱਖ ਰੁਪੈ ਮਿਲਣਗੇ। ਔਰਤ ਵਰਗ ਵਿੱਚ ਚੈਂਪੀਅਨ ਟੀਮ ਨੂੰ 1 ਕਰੋੜ, ਉਪ ਜੇਤੂ ਨੂੰ 51 ਲੱਖ ਅਤੇ ਤੀਜੇ ਸਥਾਨ ਵਾਲੀ ਟੀਮ ਨੂੰ 25 ਲੱਖ ਰੁਪੈ ਮਿਲਣਗੇ। ਜ਼ਿਕਰਯੋਗ ਹੈ ਕਿ ਔਰਤ ਵਰਗ ਵਿੱਚ ਜੇਤੂ ਟੀਮ ਲਈ ਇਨਾਮੀ ਰਾਸ਼ੀ ਪਿਛਲੇ ਸਾਲ ਨਾਲੋਂ ਦੁੱਗਣੀ ਕਰ ਦਿੱਤੀ ਗਈ ਹੈ, ਜੋ ਕਿ ਅਗਲੇ ਸਾਲ ਮਰਦ ਵਰਗ ਦੇ ਬਰਾਬਰ ਕਰ ਦਿੱਤੀ ਜਾਵੇਗੀ। ਅਰਜਨਟੀਨਾ, ਕੈਨੇਡਾ, ਅਮਰੀਕਾ, ਮੈਕਸੀਕੋ, ਸਿਓਰਾ ਲਿਓਨ ਨੂੰ ਪ੍ਰਤੀ ਟੀਮ 15 ਲੱਖ ਰੁਪੈ ਗਾਰੰਟੀ ਮਨੀ ਵਜੋਂ ਦਿੱਤੇ ਜਾਣਗੇ ਜਦੋਂ ਕਿ ਬਾਕੀ ਟੀਮਾਂ ਨੂੰ 10 ਲੱਖ ਰੁਪੈ ਗਾਰੰਟੀ ਮਨੀ ਵਜੋਂ ਮਿਲਣਗੇ। ਵਿਸ਼ਵ ਕੱਪ ਦੌਰਾਨ ਮਰਦ ਵਰਗ ਵਿੱਚ ਸਰਬੋਤਮ ਜਾਫੀ ਤੇ ਧਾਵੀ ਨੂੰ ਪਹਿਲਾਂ ਵਾਂਗ ਟਰੈਕਟਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
ਵਿਸ਼ਵ ਕੱਪ ਦੀ ਵੱਡੀ ਵਿਸ਼ੇਸ਼ਤਾ ਇਹ ਵੀ ਹੈ ਕਿ ਜਿਸ ਵੀ ਵਿਦੇਸ਼ੀ ਖਿਡਾਰੀ ਜਿਸ ਦੇਸ਼ ਵਲੋਂ ਖੇਡੇਗਾ ਉਹ ਉਸ ਦੇਸ਼ ਦਾ ਨਾਗਰਿਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਸਟਿਸ ਮੌਂਗੀਆ ਦੀ ਅਗਵਾਈ ਵਿੱਚ ਇਕ ਕਮੇਟੀ ਵੀ ਕਾਇਮ ਕੀਤੀ ਗਈ ਹੈ, ਜੋ ਕਿ ਅਜਿਹੇ ਮਾਮਲਿਆਂ ਦੀ ਨਿਗਰਾਨੀ ਕਰੇਗੀ। ਵਿਸ਼ਵ ਕੱਪ ਨੂੰ ਨਸ਼ਾ ਮੁਕਤ ਕਰਵਾਉਣ ਲਈ ਨਾਡਾ ਦੀ ਅਗਵਾਈ ਹੇਠ ਇਕ ਐਂਟੀ ਡੋਪਿੰਗ ਕਮੇਟੀ ਬਣਾਈ ਗਈ ਹੈ, ਜੋ ਕਿ ਟੂਰਨਾਮੈਂਟ ਦੌਰਾਨ ਲਗਾਤਾਰ ਖਿਡਾਰੀਆਂ ਦੇ ਡੋਪ ਟੈੱਸਟ ਕਰੇਗੀ। ਸ. ਬਾਦਲ ਨੇ ਕਿਹਾ ਕਿ ਨਸ਼ਾ ਮੁਕਤ ਵਿਸ਼ਵ ਕੱਪ ਲਈ ਪੂਰੀ ਸਖ਼ਤੀ ਵਰਤੀ ਜਾਵੇਗੀ।
ਭਾਰਤੀ ਟੀਮ ਦੀ ਚੋਣ ਲਈ ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ ਦੀ ਪ੍ਰਧਾਨਗੀ ਹੇਠ ਬਣਾਈ ਚੋਣ ਕਮੇਟੀ ਵਲੋਂ 9 ਤੋਂ 12 ਨਵੰਬਰ ਤੱਕ ਲੁਧਿਆਣਾ ਵਿਖੇ ਟਰਾਇਲਾਂ ਦੌਰਾਨ ਮਰਦ ਅਤੇ ਔਰਤ ਕਬੱਡੀ ਟੀਮਾਂ ਲਈ 30-30 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਇਸ ਤਰ੍ਹਾਂ ਹੀ 23 ਤੇ 24 ਨਵੰਬਰ ਨੂੰ ਦੋਨੋਂ ਭਾਰਤੀ ਟੀਮਾਂ ਲਈ ਚੁਣੇ ਇਨ੍ਹਾਂ ਖਿਡਾਰੀਆਂ ਦੇ ਡੋਪ ਟੈੱਸਟ ਕੀਤੇ ਗਏ। ਡੋਪ ਟੈੱਸਟ ਦਾ ਨਤੀਜਾ ਆਉਣ ਤੋਂ ਬਾਅਦ ਹੀ ਟੀਮਾਂ ਦਾ ਐਲਾਨ ਕੀਤਾ ਜਾਵੇਗਾ ਤਾਂ ਕਿ ਇਸ ਟੂਰਨਾਮੈਂਟ ਨੂੰ ਡਰੱਗ ਮੁਕਤ ਕੀਤਾ ਜਾ ਸਕੇ। ਇਸ ਮੌਕੇ ਸਿੱਖਿਆ ਮੰਤਰੀ ਤੇ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ ਵੀ ਹਾਜ਼ਰ ਸਨ।
Indian News 7 ਕਰੋੜ ਦੀ ਇਨਾਮੀ ਰਾਸ਼ੀ ਲਈ ਭਿੜਨਗੇ 20 ਦੇਸ਼-ਸੁਖਬੀਰ ਸਿੰਘ ਬਾਦਲ