ਮਨਦੀਪ ਸਿੰਘ ਨੂੰ ਸ਼੍ਰੀ ਵੇਣੂ ਪ੍ਰਸ਼ਾਦ ਦੀ ਥਾਂ ਰਾਹਤ ਕਾਰਜਾਂ ਲਈ ਉੱਤਰਾਖੰਡ ਭੇਜਿਆ ਗਿਆ
ਰਿਸੀਕੇਸ਼ (ਉੱਤਰਾਖੰਡ), 26 ਜੂਨ – ਅੱਜ ਦੇਰ ਸ਼ਾਮ 1200 ਹੋਰ ਸ਼ਰਧਾਲੂਆਂ ਦੇ ਉੱਤਰਾਖੰਡ ਤੋਂ ਪੰਜਾਬ ਪਹੁੰਚਣ ਨਾਲ ਉੱਤਰਾਖੰਡ ਤੋਂ ਬਚਾ ਕੇ ਪੰਜਾਬ ਭੇਜੇ ਗਏ ਕੁੱਲ ਸ਼ਰਧਾਲੂਆਂ ਦੀ ਗਿਣਤੀ 7500 ਤੱਕ ਪਹੁੰਚ ਗਈ ਹੈ। ਇਨ੍ਹਾਂ ਸ਼ਰਧਾਲੂਆਂ ਨੂੰ ਪੰਜਾਬ ਪੁਲਿਸ, ਪੰਜਾਬ ਰੋਡਵੇਜ਼ ਅਤੇ ਕਿਰਾਏ ਦੇ ਹੋਰਨਾ ਵਾਹਨਾਂ ਰਾਹੀਂ ਪੰਜਾਬ ਲਿਆਂਦਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਸਰਕਾਰ ਦੇ ਇਕ ਬੁਲਾਰੇ ਗਏ ਤਾਜ਼ਾ ਜਾਣਕਾਰੀ ਅਨੁਸਾਰ 1800 ਸ਼ਰਧਾਲੂਆਂ ਦੀ ਜੱਥਾ ਪੰਜਾਬ ਪੁਲਿਸ ਅਤੇ ਹੋਰਨਾ ਵਾਹਨਾਂ ਰਾਹੀਂ ਨਦਰਾਸੂ ਗੁਰਦੁਆਰਾ ਸਾਹਿਬ ਤੋ ਰਿਸੀਕੇਸ਼ ਲਈ ਰਵਾਨਾ ਹੋ ਚੁੱਕਿਆ ਹੈ। ਇਸੇ ਦੌਰਾਨ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਪੁਲਿਸ ਅਤੇ ਹੋਰਨਾ ਵਿਭਾਗਾਂ ਦੇ ਅਧਿਕਾਰੀਆਂ ਦੀ ਪੁਰਜ਼ੋਰ ਸ਼ਲਾਘਾ ਕਰਦਿਆਂ ਕਿਹਾ ਕਿ ਇਨ੍ਹਾਂ ਨੇ ਇਸ ਮੁਸ਼ਕਿਲ ਦੀ ਘੜੀ ਵਿਚ ਆਪਣੇ ਫਰਜ਼ਾਂ ਨੂੰ ਪਛਾਣਦੇ ਹੋਏ ਮਨੁੱਖਤਾ ਦੀ ਸੇਵਾ ਲਈ ਅਦੁੱਤੀ ਕਾਰਜ ਕੀਤਾ ਹੈ। ਉਨ੍ਹਾਂ ਰਾਹਤ ਕਾਰਜਾਂ ਵਿਚ ਲਗੀਆ ਟੀਮਾਂ ਨੂੰ ਉਦੋਂ ਤੱਕ ਡਟੇ ਰਹਿਣ ਦੇ ਨਿਰਦੇਸ਼ ਦਿੱਤੇ ਜਦੋਂ ਤੱਕ ਹਰ ਇਕ ਸ਼ਰਧਾਲੂ ਨੂੰ ਪੰਜਾਬ ਨਹੀਂ ਪਹੁੰਚਾ ਦਿੱਤਾ ਜਾਂਦਾ।
ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਅੱਜ ਉੱਤਰਾਖੰਡ ਵਿਖੇ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਪੰਜਾਬ ਦੇ ਸਿਵਲ ਤੇ ਪੁਲਿਸ ਅਧਿਕਾਰੀਆਂ ਨਾਲ ਲੰਬੀ ਗੱਲਬਾਤ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਆਈ.ਏ.ਐਸ. ਸ੍ਰੀ ਵੇਣੂ ਪ੍ਰਸ਼ਾਦ ਨੂੰ ਹੁਕਮ ਦਿੱਤਾ ਕਿ ਹੁਣ ਜਦ ਹੇਮਕੁੰਟ ਸਾਹਿਬ, ਗੋਬਿੰਦ ਧਾਮ ਤੇ ਗੋਬਿੰਦ ਘਾਟ ਵਿਖੇ ਫਸੇ ਸਾਰੇ ਸ਼ਰਧਾਲੂਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਤਾਂ ਬਦਰੀਨਾਥ ਤੇ ਕੇਦਾਰਨਾਥ ਵਿਖੇ ਤਾਇਨਾਤ ਪੰਜਾਬ ਸਰਕਾਰ ਦੀਆਂ ਰਾਹਤ ਕਾਰਜ ਟੀਮਾਂ ਉੱਥੇ ਰਾਹਤ ਕਾਰਜ ਮੁਕੰਮਲ ਹੋਣ ਤੱਕ ਡਟੀਆਂ ਰਹਿਣ। ਉਨ੍ਹਾਂ ਨਾਲ ਹੀ ਕਿਹਾ ਕਿ ਬਦਰੀਨਾਥ ਤੇ ਕੇਦਾਰਨਾਥ ਤੋਂ ਫਸੇ ਸ਼ਰਧਾਲੂਆਂ ਨੂੰ ਕੱਢਣ ਲਈ ਉੱਤਰਾਖੰਡ ਸਰਕਾਰ ਦੇ ਫੌਜ ਨਾਲ ਲਗਾਤਾਰ ਰਾਬਤਾ ਰੱਖ ਕੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਜੋਸ਼ੀ ਮੱਠ ਤੋਂ ਰਿਸੀਕੇਸ਼ ਤੱਕ 248 ਕਿਮੀ ਦੇ ਰਸਤੇ ਦੌਰਾਨ ਸਥਾਪਿਤ ਰਾਹਤ ਕੈਂਪਾਂ ਵਿਚ ਸ਼ਰਧਾਲੂਆਂ ਦੀ ਮੈਡੀਕਲ ਜਾਂਚ ਕਰਨੀ ਯਕੀਨੀ ਬਣਾਈ ਜਾਵੇ ਅਤੇ ਹਰ ਲੋੜਵੰਦ ਨੂੰ ਦਵਾਈ ਦਿੱਤੀ ਜਾਵੇ।
ਸ. ਬਾਦਲ ਨੇ ਪੰਜਾਬ ਪੁਲਿਸ ਵਲੋਂ ਰਾਹਤ ਕਾਰਜਾਂ ਦੀ ਨਿਗਰਾਨੀ ਕਰ ਰਹੇ ਡੀ.ਆਈ.ਜੀ. ਸ੍ਰੀ ਖੂਬੀ ਰਾਮ ਨੂੰ ਕਿਹਾ ਕਿ ਰਿਸੀਕੇਸ਼ ਤੱਕ ਸ਼ਰਧਾਲੂਆਂ ਨੂੰ ਲਿਆਉਂਦੇ ਸਮੇਂ ਖ਼ਤਰੇ ਵਾਲੀਆਂ ਥਾਂਵਾਂ ‘ਤੇ ਪੰਜਾਬ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਜਾਣ ਕਿਉਂ ਜੋ ਰਸਤਾ ਖਰਾਬ ਹੋਣ ਦੇ ਮੱਦੇ-ਨਜ਼ਰ ਸ਼ਰਧਾਲੂਆਂ ਦੀ ਰਸਤੇ ‘ਚ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸ. ਬਾਦਲ ਨੇ ਡਾਇਰੈਕਟਰ ਟਰਾਂਸਪੋਰਟ ਸ੍ਰੀ ਸੁਮੇਰ ਸਿੰਘ ਗੁਰਜ਼ਰ ਨੂੰ ਆਦੇਸ਼ ਦਿੱਤਾ ਕਿ ਬੱਸਾਂ ਰਾਹੀਂ ਸ਼ਰਧਾਲੂਆਂ ਦੀ ਉਨ੍ਹਾਂ ਦੇ ਘਰਾਂ ਤੱਕ ਪਹੁੰਚ ਯਕੀਨੀ ਬਣਾਈ ਜਾਵੇ।
ਇਸੇ ਦੌਰਾਨ ਸ੍ਰੀ ਵੇਣੂ ਪ੍ਰਸ਼ਾਦ ਨੇ ਕਿਹਾ ਕਿ ਬੀਤੀ ਦੇਰ ਸ਼ਾਮ ਰਸਤਾ ਖੁੱਲ ਗਿਆ ਸੀ ਤੇ ਅੱਜ ਸਵੇਰ ਤੋਂ ਸ਼ਰਧਾਲੂਆਂ ਨੂੰ ਲਗਾਤਾਰ ਰਿਸੀਕੇਸ਼ ਲਿਆਂਦਾ ਜਾ ਰਿਹਾ ਹੈ। ਸ਼ਰਧਾਲੂਆਂ ਨੂੰ ਰਿਸੀਕੇਸ਼ ਲਿਆਉਣ ਲਈ 45 ਬੱਸਾਂ ਪਹਿਲਾਂ ਹੀ ਨਦਰਾਸੂ ਵਿਖੇ ਪਹੁੰਚ ਗਈਆਂ ਹਨ ਅਤੇ ਉੱਥੇ ਠਹਿਰਾਏ ਗਏ ਸਾਰੇ ਸ਼ਰਧਾਲੂਆਂ ਨੂੰ ਅੱਜ ਰਾਤ ਤੱਕ ਰਿਸੀਕੇਸ਼ ਤੋਂ ਉਨ੍ਹਾਂ ਦੇ ਘਰਾਂ ਲਈ ਰਵਾਨਾ ਕਰ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਬਦਰੀਨਾਥ ਵਿਖੇ ਫਸੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਪੰਜਾਬ ਸਰਕਾਰ ਦੇ ਹੈਲੀਕਾਪਟਰ ਨਾਲ 94 ਸ਼ਰਧਾਲੂਆਂ ਨੂੰ ਸੁਰੱਖਿਅਤ ਜੋਸ਼ੀ ਮੱਠ ਬੇਸ ਕੈਂਪ ਵਿਖੇ ਪਹੁੰਚਾ ਦਿੱਤਾ ਗਿਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਹੋਰਨਾਂ ਰਾਜਾਂ ਨਾਲ ਸਬੰਧਿਤ ਹਨ। ਇਸੇ ਦੌਰਾਨ ਪੰਜਾਬ ਸਰਕਾਰ ਵਲੋਂ ਜੰਗਲਾਤ ਵਿਭਾਗ ਦੇ ਸਕੱਤਰ ਸ਼੍ਰੀ ਮਨਦੀਪ ਸਿੰਘ ਨੂੰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰਾਲੇ ਦੇ ਸਕੱਤਰ ਸ਼੍ਰੀ ਏ.ਵੇਣੂ ਪ੍ਰਸ਼ਾਦ ਦੀ ਥਾਂ ਉੱਤਰਾਖੰਡ ਵਿਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਤਾਇਨਾਤ ਕੀਤਾ ਗਿਆ ਹੈ।