ਨਵੀਂ ਦਿੱਲੀ – 30 ਅਪ੍ਰੈਲ ਦਿਨ ਮੰਗਲਵਾਰ ਨੂੰ ਇੱਥੇ ਦੀ ਕੜਕੜਡੂਮਾ ਅਦਾਲਤ ਨੇ ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਨੂੰ ਨਵੰਬਰ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿੱਚ ਬਰੀ ਕਰ ਦਿੱਤਾ। ਦਿੱਲੀ ਕੈਂਟ ਵਿੱਚ ਹੋਏ ਇਨ੍ਹਾਂ ਦੰਗਿਆਂ ਵਿੱਚ 5 ਸਿੱਖਾਂ ਦੀ ਹੱਤਿਆ ਕੀਤੀ ਗਈ ਸੀ। ਸੱਜਣ ਕੁਮਾਰ ਇਸ ਮਾਲੇ ਵਿਚ ਮੁੱਖ ਦੋਸ਼ੀ ਬਣਾਏ ਗਏ ਸਨ। ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ. ਆਰ. ਆਰੀਅਨ ਵਲੋਂ ਦਿੱਤੇ ਗਏ ਇਸ ਫੈਸਲੇ ਵਿੱਚ ਸਾਬਕਾ ਵਿਧਾਇਕ ਮਹਿੰਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਸਿਰਫ਼ ਦੰਗਿਆਂ ਵਿੱਚ ਹਿੱਸਾ ਲੈਣ ਦਾ ਦੋਸ਼ੀ ਕਰਾਰ ਦਿੱਤਾ ਜਦੋਂ ਕਿ ਬਾਕੀ 3 ਮੁਲਜ਼ਮਾਂ – ਸਾਬਕਾ ਕੌਂਸਲਰ ਬਲਵਾਨ ਖੋਖਰ, ਗਿਰਧਾਰੀ ਲਾਲ ਅਤੇ ਕੈਪਟਨ ਭਾਗਮਲ ਨੂੰ ਕਤਲ ਦੇ ਦੋਸ਼ੀ ਪਾਇਆ ਗਿਆ। ਇਸ ਲਈ ਇਨ੍ਹਾਂ 3 ਦੋਸ਼ੀਆਂ ਨੂੰ ਤੁਰੰਤ ਨਿਆਂਇਕ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਸਜ਼ਾ ਦਾ ਫੈਸਲਾ ਕਰਨ ਲਈ 6 ਮਈ ਦੀ ਤਰੀਕ ਮਿੱਥ ਦਿੱਤੀ ਗਈ ਹੈ। ਇਸੇ ਮਾਮਲੇ ਦੇ 2 ਹੋਰ ਮੁਲਜ਼ਮਾਂ – ਸੰਤੋਸ਼ ਰਾਣੀ ਅਤੇ ਮਹਾਂ ਸਿੰਘ ਦਾ ਦੇਹਾਂਤ ਹੋ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਹ ਮੁਕੱਦਮਾ ਪੀੜਤ ਜਗਦੀਸ਼ ਕੌਰ ਦੇ ਪਤੀ ਕੇਹਰ ਸਿੰਘ ਅਤੇ ਪੁੱਤਰ ਗੁਰਪ੍ਰੀਤ ਸਿੰਘ ਤੋਂ ਇਲਾਵਾ ਇਕ ਹੋਰ ਪੀੜਤ ਜਗਸ਼ੇਰ ਸਿੰਘ ਦੇ ਤਿੰਨ ਭਰਾਵਾਂ ਰਘੁਵਿੰਦਰ ਸਿੰਘ, ਨਰਿੰਦਰ ਪਾਲ ਸਿੰਘ ਅਤੇ ਕੁਲਦੀਪ ਸਿੰਘ ਦੇ ਕਤਲਾਂ ਨਾਲ ਸਬੰਧਤ ਸੀ। ਇਹ ਪੰਜੋਂ ਕਤਲ 1 ਅਤੇ 2 ਨਵੰਬਰ 1984 ਦੀ ਰਾਤ ਨੂੰ ਹੋਏ ਸਨ। 24 ਅਕਤੂਬਰ 2005 ਨੂੰ ਨਾਨਾਵਤੀ ਕਮਿਸ਼ਨ ਵਲੋਂ ਕੀਤੀ ਗਈ ਸਿਫਾਰਿਸ਼ ਉਪਰੰਤ ਇਹ ਮੁਕੱਦਮਾ ਸੀ. ਬੀ. ਆਈ. ਵਲੋਂ ਦਰਜ ਕੀਤਾ ਗਿਆ ਸੀ। ਦਿੱਲੀ ਹਾਈ ਕੋਰਟ ਨੇ 8 ਫਰਵਰੀ 2010 ਨੂੰ ਸਪੈਸ਼ਲ ਪਬਲਿਕ ਪ੍ਰਾਸੀਕਿਊਟਰ ਆਰ. ਐਸ. ਚੀਮਾ ਨੂੰ ਮੁਕੱਦਮੇ ਦੀ ਪੈਰਵੀ ਲਈ ਮਨੋਨੀਤ ਕੀਤਾ ਅਤੇ ਮੁਕੱਦਮੇ ਦੀ ਸੁਣਵਾਈ ਰੋਜ਼ਾਨਾ ਕਰਨ ਦਾ ਨਿਰਦੇਸ਼ ਦਿੱਤਾ ਸੀ। ਇਸੇ ਮਾਮਲੇ ਵਿੱਚ 15 ਫਰਵਰੀ ਨੂੰ ਸੱਜਣ ਕੁਮਾਰ ਦੀ ਅਗਾਊਂ ਜ਼ਮਾਨਤ ਦੀ ਦਰਖਾਸਤ 15 ਫਰਵਰੀ 2010 ਨੂੰ ਰੱਦ ਹੋ ਗਈ ਸੀ ਅਤੇ 17 ਫਰਵਰੀ 2010 ਨੂੰ ਸੱਜਣ ਕੁਮਾਰ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ ਪਰ 26 ਫਰਵਰੀ 2010 ਨੂੰ ਹਾਈ ਕੋਰਟ ਵਲੋਂ ਸੱਜਣ ਕੁਮਾਰ ਨੂੰ ਅਗਾਊਂ ਜ਼ਮਾਨਤ ਦੇ ਦਿੱਤੀ ਗਈ। ਮਾਮਲੇ ਦੀ ਸੁਣਵਾਈ ਦੌਰਾਨ ਸ਼ਿਕਾਇਤ ਅਤੇ ਬਚਾਅ ਧਿਰ ਵਲੋਂ 9 ਜਨਵਰੀ 2010 ਤੱਕ ਆਪੋ-ਆਪਣੇ ਪੱਖ ਵਿੱਚ 17-17 ਗਵਾਹ ਪੇਸ਼ ਕੀਤੇ ਗਏ। ਅਪ੍ਰੈਲ 2012 ਵਿੱਚ ਸਰਕਾਰੀ ਵਕੀਲਾਂ ਨੇ ਮਾਮਲੇ ‘ਤੇ ਬਹਿਸ ਸ਼ੁਰੂ ਕੀਤੀ ਜਦੋਂ ਕਿ ਬਚਾਅ ਪੱਖ ਨੇ ਆਪਣੀਆਂ ਦਲੀਲਾਂ ਜਨਵਰੀ 2013 ਤੋਂ ਦੇਣੀਆਂ ਆਰੰਭ ਕੀਤੀਆਂ। ਇਸ ਮਾਮਲੇ ਦਾ ਫੈਸਲਾ 16 ਅਪਰੈਲ ਨੂੰ ਸੁਰੱਖਿਅਤ ਰੱਖ ਲਿਆ ਗਿਆ ਸੀ। ਅਦਾਲਤ ਵਿੱਚ ਜੱਜ ਵਲੋਂ ਜਿਵੇਂ ਹੀ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਤਾਂ ਇਸ ਫੈਸਲੇ ਵਿਰੁੱਧ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਰੋਸ ਵਜੋਂ ਜੱਜ ਜੇ. ਆਰ. ਆਰੀਅਨ ਵੱਲ ਜੁੱਤੀ ਵਗ੍ਹਾ ਕੇ ਮਾਰੀ। ਅਜਿਹਾ ਕਰਨ ‘ਤੇ ਪੀਰ ਮੁਹੰਮਦ ਨੂੰ ਤੁਰੰਤ ਹਿਰਾਸਤ ਵਿੱਚ ਲੈ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ‘ਤੇ ਧਾਰਾ 186,353 ਆਈਪੀਸੀ ਤਹਿਤ ਕੇਸ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦਿੱਲੀ ਕੈਂਟ ਦੇ ਇਸ ਮਾਮਲੇ ਤੋਂ ਇਲਾਵਾ ਸੱਜਣ ਕੁਮਾਰ ਤੇ ਸੁਲਤਾਨਪੁਰੀ ਅਤੇ ਨੰਗਲੋਈ ‘ਚ ਹੋਏ ਦੰਗਿਆਂ ਦੇ ਮਾਮਲੇ ਦਾ ਵੀ ਦੋਸ਼ ਹੈ। ਸੁਲਤਾਨਪੁਰੀ ਦੇ ਦੰਗਿਆਂ ਦੇ ਮਾਮਲੇ ‘ਚ ਸੱਜਣ ਕੁਮਾਰ ਖਿਲਾਫ ਦੋਸ਼ ਆਇਦ ਕਰਨ ਦਾ ਫੈਸਲਾ 15 ਮਈ ਨੂੰ ਮਾਣਯੋਗ ਹਾਈ ਕੋਰਟ ਵਲੋਂ ਕੀਤਾ ਜਾਵੇਗਾ ਜਦੋਂ ਕਿ ਨੰਗਲੋਈ ‘ਚ ਹੋਏ ਦੰਗਿਆਂ ਦੇ ਮਾਮਲੇ ‘ਚ ਪੁਲਸ 30 ਸਾਲ ਬਾਅਦ ਵੀ ਦੋਸ਼ ਪੱਤਰ ਦਾਇਰ ਨਹੀਂ ਕਰ ਸਕੀ ਹੈ।
Indian News 84 ਦੰਗਿਆਂ ‘ਚ ਦੋਸ਼ੀ ਸੱਜਣ ਕੁਮਾਰ ਬਰੀ, 5 ਸਾਥੀ ਦੋਸ਼ੀ ਕਰਾਰ