ਸੰਯੁਕਤ ਰਾਸ਼ਟਰ, 21 ਜੂਨ – ਇਥੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਜ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਇਤਿਹਾਸਕ ਸਮਾਗਮ ਦੀ ਅਗਵਾਈ ਕਰਦਿਆਂ ਯੋਗ ਨੂੰ ‘ਸੱਚਮੁਚ ਸਰਬਵਿਆਪਕ’ ਤੇ ‘ਕਾਪੀਰਾਈਟਸ ਤੇ ਪੇਟੈਂਟ ਤੋਂ ਮੁਕਤ’ ਕਰਾਰ ਦਿੱਤਾ। ਯੂਐੱਨ ਹੈੱਡਕੁਆਰਟਰਜ਼ ਵਿੱਚ ਸ੍ਰੀ ਮੋਦੀ ਦੀ ਅਗਵਾਈ ਹੇਠ ਮਨਾਏ ਗਏ ਕੌਮਾਂਤਰੀ ਯੋਗ ਦਿਹਾੜੇ ਵਿੱਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀਆਂ, ਡਿਪਲੋਮੈਟਾਂ ਅਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਨਵਾਂ ਗਿੰਨੀਜ਼ ਵਿਸ਼ਵ ਰਿਕਾਰਡ ਸਿਰਜਿਆ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਭਾਰਤ ਵਾਸੀਆਂ ਦੇ ਨਾਮ ਵੀਡੀਓ ਸੁਨੇਹੇ ’ਚ ਕਿਹਾ ਕਿ ਮੁਲਕ ਨੇ ਹਮੇਸ਼ਾ ਜੋੜਨ, ਅਪਣਾਉਣ ਅਤੇ ਉਸ ਨੂੰ ਜਜ਼ਬ ਕਰਨ ਵਾਲੀਆਂ ਰਵਾਇਤਾਂ ਦਾ ਪਾਲਣ ਕੀਤਾ ਹੈ। ਮੋਦੀ ਨੇ ਕਿਹਾ,‘‘ਅਸੀਂ ਯੋਗ ਰਾਹੀਂ ਮੱਤਭੇਦਾਂ, ਅੜਿੱਕਿਆਂ ਅਤੇ ਟਾਕਰੇ ਨੂੰ ਖ਼ਤਮ ਕਰਨਾ ਹੈ। ਅਸੀਂ ਦੁਨੀਆ ਅੱਗੇ ‘ਇਕ ਭਾਰਤ, ਸਰਵਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਿਸਾਲ ਵਜੋਂ ਪੇਸ਼ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਇਸ ਵਾਰ ਦਾ ਯੋਗ ਦਿਵਸ ਕੁਝ ਖਾਸ ਹੈ ਕਿਉਂਕਿ ਆਰਕਟਿਕ ਅਤੇ ਅੰਟਾਰਟਿਕ ਸਥਿਤ ਭਾਰਤ ਦੇ ਖੋਜ ਕੇਂਦਰਾਂ ’ਤੇ ਵੀ ਰਿਸਰਚਰਾਂ ਨੇ ਪ੍ਰੋਗਰਾਮ ’ਚ ਹਿੱਸਾ ਲਿਆ।
ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ’ਤੇ ਅਮਰੀਕਾ ਦੇ ਆਪਣੇ ਪਲੇਠੇ ਸਰਕਾਰੀ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਯੂਐੱਨ ਹੈੱਡਕੁਆਰਟਰਜ਼ ਦੇ ਉੱਤਰੀ ਲਾਅਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਮੱਥਾ ਟੇਕ ਕੇ ਸਮਾਗਮ ਦਾ ਆਗਾਜ਼ ਕੀਤਾ ਅਤੇ ਨੌਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਇਤਿਹਾਸਕ ਜਸ਼ਨਾਂ ਦੀ ਅਗਵਾਈ ਕੀਤੀ।
Home Page 9ਵਾਂ ਅੰਤਰਰਾਸ਼ਟਰੀ ਯੋਗ ਦਿਵਸ: ਪ੍ਰਧਾਨ ਮੰਤਰੀ ਮੋਦੀ ਨੇ ਸੰਯੁਕਤ ਰਾਸ਼ਟਰ ਹੈੱਡਕੁਆਰਟਰ ’ਚ...