ਆਪ ਜੀ ਦਸਮੇਸ਼ ਪਿਤਾ ਜੀ ਦੇ ਦੂਜੇ ਪੁੱਤਰ ਸਨ। ਆਪ ਦਾ ਜਨਮ ਮਾਤਾ ਜੀਤੋ ਜੀ ਦੀ ਕੁੱਖੋਂ ਸੰਮਤ 1747 (14 ਮਾਰਚ 1691 ਈ.) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਇਆ। ਆਪ ਦਾ ਦਾ ਪਾਲਣ-ਪੋਸ਼ਣ ਵੀ ਬਾਬਾ ਅਜੀਤ ਸਿੰਘ ਜੀ ਵਾਂਗ ਹੀ ਹੋਇਆ। ਆਪ ਜੀ ਨੇ ਧਾਰਮਿਕ ਵਿੱਦਿਆ, ਸ਼ਸਤਰ ਵਿੱਦਿਆ ਅਤੇ ਰਣਨੀਤੀ ਗ੍ਰਹਿਣ ਕੀਤੀ। ਅੱਠ ਸਾਲ ਦੀ ਉਮਰ ਵਿੱਚ ਅੰਮ੍ਰਿਤ ਪਾਨ ਕੀਤਾ। ਆਪ ਜੀ ਵੀ ਗੁਰੂ ਪਿਤਾ ਅਤੇ ਵੱਡੇ ਭਰਾਤਾ ਬਾਬਾ ਅਜੀਤ ਸਿੰਘ ਤੇ ਹੋਰ ਮਰਜੀਵੜੇ ਸਿੰਘਾਂ ਨਾਲ ਚਮਕੌਰ ਸਾਹਿਬ ਪਹੁੰਚੇ। ਬਾਬਾ ਜੁਝਾਰ ਸਿੰਘ ਜੀ ਨੇ ਗੜ੍ਹੀ ਦੀ ਅਟਾਰੀ ਤੇ ਬੈਠ ਕੇ ਸਿੰਘਾਂ ਸੂਰਮਿਆਂ ਅਤੇ ਬਾਬਾ ਅਜੀਤ ਸਿੰਘ ਜੀ ਦਾ ਜੰਗ ਵੇਖਿਆ। ਜਦੋਂ ਬਾਬਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ ਤਾਂ ਬਾਬਾ ਜੁਝਾਰ ਸਿੰਘ ਜੀ ਦਾ ਖ਼ੂਨ ਖੌਲਿਆ ਤੇ ਜੰਗ ਕਰਨ ਦੀ ਲਾਲਸਾ ਪ੍ਰਬਲ ਹੋ ਉੱਠੀ। ਗੁਰੂ ਪਿਤਾ ਜੀ ਤੋਂ ਆਗਿਆ ਮੰਗੀ ।ਇਸ ਘਟਨਾ ਨੂੰ ਅੱਲਾ ਯਾਰ ਖਾਂ ਇਉਂ ਬਿਆਨ ਕਰਦੇ ਹਨ :-
ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।
ਇਸ ਵਕਤ ਕਹਾ ਨੰਨੇ ਸੇ ਮਾਸੂਮ ਪਿਸਰ ਨੇ।
ਰੁਖ਼ਸਤ ਹਮੇਂ ਦਿਲਵਾਉ ਪਿਤਾ ਜਾਏਗੇ ਮਰਨੇ।
ਪਿਤਾ ਦੇ ਸਾਹਮਣੇ ਵੱਡਾ ਬੇਟਾ ਸ਼ਹੀਦ ਹੋ ਗਿਆ। ਛੋਟੇ ਪੁੱਤਰ ਨੇ ਵੇਖ ਕੇ ਪਿਤਾ ਗੁਰੂ ਤੋਂ ਆਗਿਆ ਮੰਗੀ ਕਿ ਮੈਨੂੰ ਵੀ ਰਣ ਤੱਤੇ ਵਿੱਚ ਕੁੱਦਣ ਦਿਓ। ਬਾਬਾ ਜੁਝਾਰ ਸਿੰਘ ਜੀ ਦੀ ਬੇਨਤੀ ਸੁਣ ਕੇ ਪਿਤਾ ਗੁਰੂ ਜੀ ਨੇ ਫ਼ਰਮਾਇਆ ,ਬੇਟਾ ਤੁਸੀਂ ਪੰਥ ਦੀ ਬੇੜੀ ਦੇ ਮਲਾਹ ਹੋ, ਸੀਸ ਭੇਟ ਕਰੋ ਤਾਂ ਜੋ ਧਰਮ ਦਾ ਬੇੜਾ ਪਾਰ ਲੱਗੇ। ਜਾਓ ਤੁਹਾਨੂੰ ਵੱਡੇ ਭਾਈ ਬਾਬਾ ਅਜੀਤ ਸਿੰਘ ਜੀ ਉਡੀਕ ਰਹੇ ਹਨ। ਮੇਰੀ ਚਾਹਨਾ ਹੈ ਕਿ ਮੈਂ ਤੈਨੂੰ ਜੰਗ ਵਿੱਚ ਬਰਛੀ ਚਲਾਉਂਦੇ ਤੇ ਬਰਛੀ ਦਾ ਵਾਰ ਸਹਿੰਦੇ ਹੋਏ ਵੇਖਾਂ।
ਪਿਤਾ ਗੁਰੂ ਜੀ ਨੇ ਆਗਿਆ ਦਿੱਤੀ ਸ਼ਸਤਰ ਸਜਾਏ ਅਤੇ ਪੰਜ ਸਿੰਘ ਨਾਲ ਤੋਰੇ। ਕਵੀ ਸੈਨਾ ਪਤਿ ਲਿਖਦੇ ਹਨ :-
ਜਬ ਦੇਖਿਓ ਜੁਝਾਰ ਸਿੰਘ ਸਮਾਂ ਪਹੁੰਚਿਓ ਆਨ।
ਦੌਰਿਓ ਦਲ ਮੈਂ ਧਾਇ ਕੈ ਕਰ ਮਹਿ ਗਹੀ ਕਮਾਨ।
ਬਾਬਾ ਜੁਝਾਰ ਸਿੰਘ ਜੀ ਨੂੰ ਰਣ ਵਿੱਚ ਜੂਝਣ ਦਾ ਕਿੰਨਾ ਚਾਓ ਸੀ :-
ਐਸੇ ਰੌਰੇ ਜਬ ਊਹਾ ਭਇਓ। ਸਾਹਿਬ ਜੁਝਾਰ ਸਿੰਘ ਮਨ ਮਹਿ ਠਯੋ।
ਅਬ ਜੀਵਨ ਕੋ ਕੁਛ ਧ੍ਰਮ ਨਹੀਂ। ਪੁਤ੍ਰ ਜੀਵੈ ਲੜ ਪਿਤਾ ਮਰਾਹੀ।
ਬਾਬਾ ਅਜੀਤ ਸਿੰਘ ਜੀ ਤੋਂ ਬਾਅਦ ਜਦੋਂ ਬਾਬਾ ਜੁਝਾਰ ਸਿੰਘ ਰਣ ਤੱਤੇ ਵਿੱਚ ਗਰਜੇ ਤਾਂ ਵੈਰੀ ਦਲਾਂ ਵਿੱਚ ਸਹਿਮ ਛਾ ਗਿਆ। ਦੁਸ਼ਮਣ ਅੱਗੇ ਅੱਗੇ ਭੱਜਣ ਲੱਗੇ ,ਡਰ ਦੇ ਮਾਰੇ ਕੋਈ ਨੇੜੇ ਨਹੀਂ ਢੁੱਕਦਾ ਸੀ। ਜੰਗ ਵਿੱਚ ਲੋਥਾਂ ਦੇ ਢੇਰ ਲੱਗ ਗਏ। ਸਾਹਿਬਜ਼ਾਦੇ ਦੇ ਨੇਜ਼ੇ ਨੇ ਐਸੇ ਕਮਾਲ ਦਿਖਾਏ ਕਿ ਮੁਗ਼ਲ ਫ਼ੌਜਾਂ ਹੈਰਾਨ ਰਹਿ ਗਈਆਂ ਕਿ ਇਤਨੀ ਛੋਟੀ ਉਮਰ ਵਿੱਚ ਨੇਜ਼ਾ ਬਾਜ਼ੀ ਦੀ ਇਤਨੀ ਮੁਹਾਰਤ ਅਤੇ ਨਿਰਭੈਤਾ। ਯੋਗੀ ਅੱਲਾ ਯਾਰ ਖਾਂ ਜੀ ਇਸ ਤਰ੍ਹਾਂ ਲਿਖਦੇ ਹਨ :-
ਦਸ ਬੀਸ ਕੋ ਜ਼ਖਮੀ ਕੀਆ ਦਸ ਬੀਸ ਕੋ ਮਾਰਾ।
ਇਕ ਹਮਲੇ ਮੇਂ ਇਸ ਏਕ ਨੇ ਇੱਕੀਸ ਕੋ ਮਾਰਾ।
ਖੰਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ।
ਗੁਲ ਮਚ ਗਿਆ ਇਕ ਤਿਫਲ ਨੇ ਚਾਲੀਸ ਕੋ ਮਾਰਾ।
ਬਚ ਬਚ ਕੇ ਲੜੋ ਕਲਗੀਓ ਵਾਲੇ ਕੇ ਪਿਸਰ ਸੇ।
ਯਿਹ ਨੀਮਚਾਂ ਲਾਏ ਹੈਂ ਗੁਰੂ ਜੀ ਕੀ ਕਮਰ ਸੇ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਘਮਸਾਨ ਮਚਾ ਦਿੱਤਾ। ਇੱਕੋ ਹਮਲੇ ਵਿੱਚ 21 ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਰਾਖਸ਼ਾਂ ਵਰਗੇ ਦੈਂਤ ਪਠਾਣਾਂ ਨੂੰ ਪਰੋ ਦਿੱਤਾ। ਸਾਰੇ ਰੌਲਾ ਮੱਚ ਗਿਆ ਕਿ ਕਲਗ਼ੀਧਰ ਦੇ ਬੀਰ ਸਪੂਤ ਤੋਂ ਬਚ ਕੇ ਲੜੋ ।ਇਹਨਾਂ ਕੋਲ ਪਿਤਾ ਗੁਰੂ ਜੀ ਦਾ ਬਖ਼ਸ਼ਿਆ ਖੰਡਾ ਹੈ।
ਪਰ ਪੰਜ ਭੁੱਖੇ ਸਿੰਘ ਲੱਖਾਂ ਦਾ ਮੁਕਾਬਲਾ ਕਿੰਨੀ ਕੁ ਦੇਰ ਕਰ ਸਕਦੇ ਸਨ। ਸਾਹਿਬਜ਼ਾਦੇ ਨੂੰ ਲੜਦਿਆਂ ਲੜਦਿਆਂ ਸ਼ਾਮ ਪੈ ਗਈ। ਉਸ ਸਮੇਂ ਇੱਕ ਤੀਰ ਆ ਕੇ ਬਾਬਾ ਜੁਝਾਰ ਸਿੰਘ ਦੇ ਦਿਲ ਵਿੱਚ ਲੱਗਾ। ਮਾਨੋ ਇਹ ਤੀਰ ਕਲੇਜੇ ਵਿੱਚ ਨਹੀਂ ਸਗੋਂ ਫੁੱਲ ਵਿੱਚ ਕੰਡਾ ਵੱਜਾ ਹੈ। ਸਾਰੇ ਪਾਸੇ ਹਨੇਰਾ ਛਾ ਗਿਆ। ਹਾ-ਹਾ ਕਾਰ ਮੱਚ ਗਈ। ਦਸਮੇਸ਼ ਪਿਤਾ ਦਾ ਲਾਡਲਾ ਸਪੂਤ ਭੁਆਂਟਣੀ ਖਾ ਕੇ ਜ਼ਮੀਨ ‘ਤੇ ਡਿੱਗ ਗਿਆ।
ਇਸ ਤਰ੍ਹਾਂ ਨਾਲ ਸਾਹਿਬ ਜੁਝਾਰ ਸਿੰਘ ਜੀ ਆਪਣੇ ਵੱਡੇ ਭਰਾ ਅਜੀਤ ਸਿੰਘ ਦੇ ਨਾਲ ਰਲ ਕੇ ਬਾਬਾ ਗੁਰੂ ਤੇਗ਼ ਬਹਾਦਰ ਜੀ ਦੀ ਗੋਦ ਵਿੱਚ ਜਾ ਬੈਠੇ। ਸੂਰਜ ਵੀ ਅਸੱਤ ਹੋ ਗਿਆ ਮਾਨੋ ਮੁਗ਼ਲਾਂ ਦੇ ਰਾਜ ਦਾ ਸੂਰਜ ਹੀ ਡੁੱਬ ਗਿਆ। ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦਗਾਰ ਚਮਕੌਰ ਸਾਹਿਬ ਵਿੱਚ ਗੁਰਦੁਆਰਾ ਕਤਲ ਗੜ੍ਹ ਸਾਹਿਬ ਅਤੇ ਗੜ੍ਹੀ ਸਾਹਿਬ ਸੁਸ਼ੋਭਿਤ ਹੈ, ਯੋਗੀ ਅੱਲਾ ਯਾਰ ਖਾਂ ਕਹਿੰਦੇ ਹਨ :-
ਬੱਸ ਏਕ ਹਿੰਦ ਮੇਂ ਤੀਰਥ ਹੈ ਯਾਤਰਾ ਕੇ ਲੀਏ।
ਕਟਾਏ ਬਾਪ ਨੇ ਬੱਚੇ ਜਹਾਂ ਖ਼ੁਦਾ ਕੇ ਲੀਏ।
ਚਮਕ ਹੈ ਮਿਹਰ ਕੀ ਚਮਕੌਰ! ਥੇਰੇ ਜ਼ਰਰੋ ਮੇਂ।
ਯਹੀਂ ਸੇ ਬਨ ਕੇ ਸਤਾਰੇ ਗਏ ਸ਼ਮਾਂ ਕੇ ਲੀਏ।
ਗੁਰੂ ਗੋਬਿੰਦ ਕੇ ਲ਼ਖ਼ਤਿ ਜਿਗਰ ਅਜੀਤੋ ਜੁਝਾਰ।
ਫਲਕ ਪਿ ਇਕ ਯਹਾਂ ਦੋ ਚਾਂਦ ਹੈ ਜਿਯਾ ਕੇ ਲੀਏ।
ਯੋਗੀ ਜੀ ਕਿੰਨਾ ਸੁੰਦਰ ਬਿਆਨ ਕਰਦੇ ਹਨ ਕਿ ਹਿੰਦੁਸਤਾਨ ਵਿੱਚ ਯਾਤਰਾ ਕਰਨ ਲਈ ਕੇਵਲ ਇੱਕੋ ਇੱਕ ਤੀਰਥ ਹੈ, ਚਮਕੌਰ ਸਾਹਿਬ। ਜਿੱਥੇ ਕਿ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਬੇਟੇ ਧਰਮ ਤੋਂ ਕੁਰਬਾਨ ਕੀਤੇ। ਚਮਕੌਰ ਸਾਹਿਬ ਦੇ ਕਿਣਕੇ ਕਿਣਕੇ ਵਿੱਚ ਕੁਰਬਾਨੀ ਰੂਪੀ ਸੂਰਜ ਦੀ ਚਮਕ ਹੈ। ਇੱਥੋਂ ਹੀ ਸ਼ਹੀਦੀ ਪਰਵਾਨੇ ਉੱਠੇ ਤੇ ਆਕਾਸ਼ ‘ਤੇ ਪਹੁੰਚ ਗਏ ਭਾਵ ਅਮਰ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਲਾਡਲੇ ਸਪੂਤ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਮਾਨੋਂ ਦੋ ਚੰਦ ਇਸ ਅਸਥਾਨ ਨੂੰ ਰੌਸ਼ਨ ਕਰ ਰਹੇ ਹਨ।
ਸ਼ਹੀਦ ਬੀਬੀ ਸ਼ਰਨ ਕੌਰ ਚਮਕੌਰ ਸਾਹਿਬ ਦੇ ਲਾਗਲੇ ਪਿੰਡ ਰਾਏ ਪੁਰ ਦੀ ਰਹਿਣ ਵਾਲੀ ਸੀ। ਇਸ ਬੀਬੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਰੂਹਾਨੀਅਤ ਤਰੀਕੇ ਦਰਸ਼ਨ ਦੇ ਕੇ ਆਤਮਿਕ ਬਲ ਬਖ਼ਸ਼ਿਆ। ਬੀਬੀ ਨੇ ਸ਼ਹੀਦ ਸਾਹਿਬਜ਼ਾਦਿਆਂ ਤੇ ਹੋਰ ਸਿੰਘਾਂ ਦਾ ਸਸਕਾਰ ਕਰਨ ਦੀ ਹਿੰਮਤ ਕੀਤੀ। ਲੱਭ ਲੱਭ ਕੇ ਕੁਝ ਸ਼ਹੀਦਾਂ ਦੀਆਂ ਦੇਹਾਂ ਇਕੱਠੀਆਂ ਕਰਕੇ ਅੰਗੀਠਾ ਤਿਆਰ ਕਰ ਅੱਗ ਲਾ ਦਿੱਤੀ। ਅੱਗ ਦੇ ਭਾਂਬੜ ਮੱਚ ਗਏ। ਮੁਗ਼ਲ ਸਿਪਾਹੀ ਜੋ ਆਪਣੇ ਮੁਰਦਿਆਂ ਨੂੰ ਦਫ਼ਨਾਉਂਦੇ ਥੱਕੇ ਹਾਰੇ ਬੇਸੁਰਤ ਸੁੱਤੇ ਹੋਏ ਸੀ ਅੱਭੜਵਾਹੇ ਉੱਠੇ ਅੱਗ ਦੀਆਂ ਲਾਟਾਂ ਦੇਖ ਕੇ ਭੈ ਭੀਤ ਹੋ ਗਏ। ਕੁਝ ਚਿਰ ਪਿੱਛੋਂ ਹੌਂਸਲਾ ਕਰਕੇ ਅੱਗ ਦੇ ਕੋਲ ਪਹੁੰਚੇ ਬੀਬੀ ਨੂੰ ਦੇਖ ਕੇ ਹੈਰਾਨ ਹੋ ਗਏ। ਬੀਬੀ ਨੂੰ ਪੁੱਛਿਆ ਤੂੰ ਕੌਣ ਹੈ ? ਬੀਬੀ ਨੇ ਗਰਜ ਕੇ ਉਤਰ ਦਿੱਤਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੀ ਧੀ ਹਾਂ ਤੇ ਸ਼ਹੀਦਾਂ ਦਾ ਸਸਕਾਰ ਕਰ ਰਹੀ ਹਾਂ।ਸਿਪਾਹੀਆਂ ਨੇ ਫੜਨਾ ਚਾਹਿਆ ਪਰ ਬੀਬੀ ਨੇ ਤਲਵਾਰ ਧੂਹ ਕੇ ਕਈਆਂ ਨੂੰ ਮਾਰ ਮੁਕਾਇਆ ਤੇ ਆਪ ਫੱਟੜ ਹੋ ਕੇ ਡਿੱਗ ਪਈ। ਜ਼ਾਬਰ ਸਿਪਾਹੀਆਂ ਨੇ ਗੰਭੀਰ ਜ਼ਖਮੀ ਬੀਬੀ ਸ਼ਰਨ ਕੌਰ ਨੂੰ ਅੱਗ ਵਿੱਚ ਸੁੱਟ ਦਿੱਤਾ। ਇਉਂ ਬੀਬੀ ਸ਼ਰਨ ਕੌਰ ਨੇ ਸ਼ਹੀਦਾਂ ਦਾ ਸਸਕਾਰ ਕਰਦਿਆਂ 9 ਪੋਹ ਦੀ ਰਾਤ ਸ਼ਹੀਦੀ ਪਾਈ।
ਉਨ੍ਹਾਂ ਦਿਨਾਂ ਵਿੱਚ ਹੀ ਭਾਈ ਰਾਮਾ ਤੇ ਤਿਲੋਕਾ ਜੀ ਮਹਿਰਾਜ ਨਿਵਾਸੀ ਬਾਬਾ ਫੂਲ ਜੀ ਤੇ ਸਪੁੱਤਰ ਸਰਹੰਦ ਮਾਮਲਾ ਤਾਰਨ ਆਏ ਹੋਏ ਸਨ। ਉਨ੍ਹਾਂ ਨੂੰ ਚਮਕੌਰ ਸਾਹਿਬ ਦੇ ਸ਼ਹੀਦੀ ਸਾਕੇ ਦਾ ਪਤਾ ਲੱਗਾ। ਦੋਹਾਂ ਭਰਾਵਾਂ ਨੇ ਬੜਾ ਦੁੱਖ ਮਹਿਸੂਸ ਕੀਤਾ ਤੇ ਸਲਾਹ ਕੀਤੀ ਆਪਾਂ ਜਾਨ ਵਾਰ ਕੇ ਵੀ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਅਤੇ ਪਿਆਰੇ ਸ਼ਹੀਦ ਸਿੰਘਾਂ ਦਾ ਸਸਕਾਰ ਜ਼ਰੂਰ ਕਰਾਂਗੇ। ਦੂਰੋਂ ਨੇੜਿਓ ਬਾਕੀ ਸਿੰਘਾਂ ਤੇ ਸਾਹਿਬਜ਼ਾਦਿਆਂ ਦੇ ਸਰੀਰ ਇਕੱਠੇ ਕਰਕੇ ਅੱਗ ਦੀ ਭੇਟ ਕਰ ਦਿੱਤੇ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਦੀ ਕ੍ਰਿਪਾ ਸਦਕਾ ਦੋਵੇਂ ਭਰਾ 10 ਪੋਹ ਦੀ ਰਾਤ ਨੂੰ ਸਾਹਿਬਜ਼ਾਦਿਆਂ ਦੇ ਸਸਕਾਰ ਕਰਨ ਵਿੱਚ ਸਫ਼ਲ ਹੋ ਗਏ।
ਭਾਈ ਸੰਤੋਖ ਸਿੰਘ ਜੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਇਉਂ ਅੰਕਿਤ ਕਰਦੇ ਹਨ ਕਿ ਸਾਹਿਬਜ਼ਾਦਿਆਂ ਦੇ ਸਰੀਰ ਦੁਸ਼ਮਣਾਂ ਨੂੰ ਨਜ਼ਰ ਹੀ ਨਹੀਂ ਆਏ।ਗੁਰੂ ਕ੍ਰਿਪਾ ਦੁਆਰਾ ਭਾਈ ਤਿਲੋਕਾ ਤੇ ਭਾਈ ਰਾਮਾ ਜੀ ਨੂੰ ਦਰਸ਼ਨ ਹੋ ਗਏ :-
ਦ੍ਰਿਸ਼ਟੀ ਪਰੇ ਨਹਿ ਦੋਹਨੁ ਭਾਈ। ਜੇ ਪਾਵਤਿ ਸਿਰ ਵੱਢ ਲੇ ਜਾਈ।
ਆਪਣੇ ਜਾਨਿ ਦਾਸ ਇਨ ਤਾਈ। ਦੋਨੋ ਲੋਥੈਂ ਦਈ ਦਿਖਾਈ।
ਵਿਸਥਾਰ ਲਈ ਵੇਖੋ:ਗੁਰਬਾਣੀ ਇਸੁ ਮਹਿ ਚਾਨਣੁ, ਪਰਚਾਰ ਤੇ ਪ੍ਰਸਾਰ ਸੰਸਥਾ, ਐਸ ਏ ਐਸ ਨਗਰ ਮੁਹਾਲੀ ਦੁਆਰਾ ਪ੍ਰਕਸ਼ਿਤ ਪੁਸਤਕ,ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀਦੇ ਚਾਰ ਸਾਹਿਬਜ਼ਾਦੇ
Columns 9 ਅਪ੍ਰੈਲ ਜਨਮ ਦਿਨ ‘ਤੇ ਵਿਸ਼ੇਸ਼: ਸਾਹਿਬਜ਼ਾਦਾ ਜੁਝਾਰ ਸਿੰਘ ਜੀ