ਵੇਲਿੰਗਟਨ – ਸ਼੍ਰੀਲੰਕਾ ਵਿਖੇ ਇਸੇ ਸਾਲ ਦੇ ਸਤੰਬਰ-ਅਕਤੂਬਰ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਖੇਡਣ ਲਈ ਨਿਊਜੀਲੈਂਡ ਦੇ 33 ਸਾਲਾ ਸਾਬਕਾ ਕਪਤਾਨ ਅਤੇ ਸਪਿਨਰ ਡੇਨਿਅਲ ਵਿਟੋਰੀ ਨੇ ਉਪਲੱਬਧ ਹੋਣ ਦਾ ਐਲਾਨ ਕੀਤਾ ਹੈ। ਵੇਟੋਰੀ ਨੇ ਆਪਣੇ ਟੈਸਟ ਕਰਿਅਰ ਨੂੰ ਲੰਬਾ ਖਿੱਚਣ ਲਈ ਇਕ ਸਾਲ ਪਹਿਲਾਂ ਟੀ-੨੦ ਕ੍ਰਿਕਟ ਮੈਚਾਂ ਤੋਂ ਪਸਾ ਡੱਟ ਲਿਆ ਸੀ। ਗੌਰਤਲਬ ਹੈ ਕਿ ਸਪਿਨਰ ਵਿਟੋਰੀ ਨੇ ਆਪਣਾ ਪਿਛਲਾ ਟੀ-੨੦ ਕੌਮਾਂਤਰੀ ਮੈਚ ਮਈ 2010 ‘ਚ ਖੇਡਿਆ ਸੀ। ਪਰ ਹੁਣ ਵਿਟੋਰੀ ਨੂੰ ਟੀ-20 ਵਿਸ਼ਵ ਕੱਪ ਲਈ ਦੇਸ਼ ਦੀ ਟੀਮ ‘ਚ ਸ਼ਾਮਲ ਕੀਤੇ ਜਾਣ ਦੀ ਪੂਰੀ ਆਸ ਹੈ। ਵਿਟੋਰੀ ਨੇ 28 ਟੀ-20 ਕੌਮਾਂਤਰੀ ਮੈਚਾਂ ‘ਚ 16.57 ਦੇ ਔਸਤ ਨਾਲ 34 ਵਿਕਟਾਂ ਲਈਆਂ ਹਨ। ਵਿਟੋਰੀ ਦਾ ਇਕੋਨੋਮੀ ਰੇਟ ਪ੍ਰਤੀ ਓਵਰ 5.36 ਹੈ। ਨਿਊਜੀਲੈਂਡ ਕ੍ਰਿਕਟ ਦੇ ਮੁੱਖ ਕਾਰਜਕਾਰੀ ਡੇਵਿਡ ਵਾਈਟ ਨੇ ਇਕ ਬਿਆਨ ‘ਚ ਕਿਹਾ ਕਿ, ‘ਵਿਟੋਰੀ 2009 ‘ਚ ਨੰਬਰ ਇਕ ਟੀ-20 ਗੇਂਦਬਾਜ਼ ਸਨ ਅਤੇ ਇਸ ਫਾਰਮੈਟ ‘ਚ ਦੁਨੀਆ ਦਾ ਸਭ ਤੋਂ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ। ਉਨ੍ਹਾਂ ਦੀ ਟੀਮ ਵਿੱਚ ਹਾਜ਼ਰੀ ਨਾਲ ਖਿਡਾਰੀਆਂ ਤੇ ਟੀਮ ਦਾ ਮਨੋਬਲ ਵਧੇਗਾ ਕਿਉਂਕਿ ਵਿਟੋਰੀ ਦੀ ਗੇਂਦਬਾਜ਼ੀ ਸ਼ੈਲੀ ਸ਼੍ਰੀਲੰਕਾ ਦੇ ਹਲਾਤਾਂ ਦੇ ਮੁਤਾਬਕ ਹੈ।