ਖਾਲਸਾ ਸਾਜਨਾ ਦਿਵਸ ਵਿਸਾਖੀ ’ਤੇ ਸਿਟੀ ਆਫ਼ ਹੌਲੀਓਕ ’ਚ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ


ਅਮਰੀਕਾ ਦੇ ਝੰਡੇ ਦੇ ਨਾਲ ਇਕ ਮਹੀਨੇ ਤੱਕ ਝੁੱਲੇਗਾ ਕੇਸਰੀ ਨਿਸ਼ਾਨ ਸਾਹਿਬ
ਹੌਲੀਓਕ, 17 ਅਪ੍ਰੈਲ, ਅਮਰੀਕਾ (ਹੁਸਨ ਲਡ਼ੋਆ ਬੰਗਾ) ਮੈਸਾਚੂਸੈੱਸ ਸਟੇਟ ਦੇ ਸ਼ਹਿਰ ‘ਸਿਟੀ ਆਫ਼ ਹੌਲੀਓਕ’ ਵਿਚ ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਅਮਰੀਕਾ ਦੇ ਝੰਡੇ ਨਾਲ ਕੇਸਰੀ ਨਿਸ਼ਾਨ ਸਾਹਿਬ ਝੁਲਾਏ ਗਏ। ਝੰਡਾ ਲਹਿਰਾਉਣ ਦੀ ਰਸਮ ਸਿਟੀ ਆਫ਼ ਹੌਲੀਓਕ ਦੇ ਮੇਅਰ ਐਲਕਸ ਬੀ. ਮੋਰਸ ਅਤੇ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ ਨੇ ਨਿਭਾਈ। ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੈਨਰ ਹੇਠ ਕਰਵਾਏ ਗਏ ਇਸ ਸਮਾਗਮ ਦਿਆਂ ਪ੍ਰਬੰਧਾਂ ਦੀ ਮੋਹਰੀ ਭੂਮਿਕਾ ਸਿੱਖ ਕੋਆਰਡੀਨੇਟਸ਼ਨ ਕਮੇਟੀ ਈਸਟ ਕੋਸਟ ਦੇ ਸਟੇਟ ਸਪੋਕਸਮੈਨ ਗੁਰਵਿੰਦਰ ਸਿੰਘ ਧਾਲੀਵਾਲ ਨੇ ਬਾਖ਼ੂਬੀ ਨਿਭਾਈ। ਇਸ ਸਮਾਗਮ ਦੌਰਾਨ ਹੋਰਨਾਂ ਤੋਂ ਇਲਾਵਾ ਮੈਨੀ ਫੈਬੋ ਚੀਫ਼ ਆਫ਼ ਪੁਲਿਸ, ਐਰੋਨ ਵੇਗਾ ਸਟੇਟ ਰੀਪਰਜ਼ੈਂਟੇਟਿਵ, ਐਲਿਜ਼ਾਬੈੱਥ ਏ ਵਾਰਨ ਯੂਨਾਈਟਿਡ ਸਟੇਟ ਸੈਨੇਟਰ, ਸਿੱਖ ਕੋਆਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਕੋਆਰਡੀਨੇਟਰ ਹਿੰਮਤ ਸਿੰਘ, ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ, ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲਾ,  ਬਲਾਕਾ ਸਿੰਘ, ਬਲਜਿੰਦਰ ਸਿੰਘ, ਡਾ. ਰਣਜੀਤ ਸਿੰਘ, ਕੁਲਦੀਪ ਸਿੰਘ, ਹਿਰਦੇਪਾਲ ਸਿੰਘ, ਅਮਰਿੰਦਰ ਸਿੰਘ, ਗੁਰਦਿਆਲ ਸਿੰਘ ਸਿੱਖ ਫ਼ਾਰ ਜਸਟਿਸ, ਹਰਜਿੰਦਰ ਸਿੰਘ ਪਾਈਨਹਿਲ, ਜੁਗਰਾਜ ਸਿੰਘ, ਕੇਵਲ ਸਿੰਘ ਫਿਲਾਡਾਲਫੀਆ ਵੀ ਹਾਜ਼ਰ ਸਨ। ਇਸ ਮੌਕੇ ਉਪਰੋਕਤ ਸ਼ਖ਼ਸੀਅਤਾਂ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਸਿੱਖ ਕੌਮ ਨੂੰ ਖਾਲਸਾ ਪੰਥ ਦੇ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਜਾਣਕਾਰੀ ਦਿੱਤੀ ਕਿ 14 ਅਪ੍ਰੈਲ ਦਾ ਦਿਨ ਪੱਕੇ ਤੌਰ ‘ਤੇ ਮੈਸਾਚੂਸੈੱਸ ਸਟੇਟ ਵਿਚ ਖਾਲਸਾ ਦਿਵਸ ਨੂੰ ਸਮਰੱਪਿਤ ਕਰਾਰ ਦਿੱਤਾ ਗਿਆ ਅਤੇ ਅਪ੍ਰੈਲ ਮਹੀਨਾ ਪਹਿਲਾਂ ਹੀ ਇਸ ਸਟੇਟ ਵੱਲੋਂ ‘ਸਿੱਖ ਅਵੇਅਰਨੈੱਸ ਮੰਥ’ ਵਲੋਂਹੁਸਨ ਪਾਸ ਕੀਤਾ ਜਾ ਚੁੱਕਾ ਹੈ। ਕੇਸਰੀ ਨਿਸ਼ਾਨ ਸਾਹਿਬ ਝੁਲਾਏ ਜਾਣ ਕਾਰਨ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਅਤੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।