ਵੈਲਿੰਗਟਨ, 18 ਮਈ – ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਦੇਸ਼ ਭਰ ਵਿੱਚ ਕੋਵਿਡ -19 ਦੇ ਪੁਸ਼ਟੀ ਕੀਤੇ ਅਤੇ ਸੰਭਾਵਿਤ ਕੇਸਾਂ ਦੀ ਗਿਣਤੀ 1,499 ਹੀ ਹੈ। ਜਿਸ ਵਿਚੋਂ 96% ਮਰੀਜ਼ ਕੋਰੋਨਾਵਾਇਰਸ ਤੋਂ ਠੀਕ ਹੋਏ ਹਨ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1499 ਹੋ ਗਈ ਹੈ। ਜਿਨ੍ਹਾਂ ਵਿਚੋਂ 1,148 ਕੰਨਫ਼ਰਮ ਕੀਤੇ ਕੇਸ ਹਨ ਅਤੇ 351 ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ 45 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,433 ਲੋਕੀ ਰਿਕਵਰ ਹੋਏ ਹਨ ਜੋ ਦੇਸ਼ ਭਰ ਵਿੱਚ ਠੀਕ ਹੋਏ ਕੇਸਾਂ ਦਾ 96% ਬਣਦਾ ਹੈ। ਹਸਪਤਾਲ ਵਿੱਚ 2 ਲੋਕ ਹਨ ਤੇ ਆਈਸੀਯੂ ‘ਚ ਕੋਈ ਵੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ 21 ਮੌਤਾਂ ਹੋਈਆ ਹਨ, ਹੋਰ ਕੋਈ ਵਾਧੂ ਮੌਤ ਰਿਪੋਰਟ ਨਹੀਂ ਹੋਈ ਹੈ।
ਡਾਇਰੈਕਟਰ ਜਨਰਲ ਆਫ਼ ਹੈਲਥ ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਲੌਕਡਾਉਨ ਅਤੇ ਅਲਰਟ ਲੈਵਲ 3 ਦੇ ਦੌਰਾਨ ਚਰਚਾਂ ਅਤੇ ਹੋਰ ਧਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੀਆਂ ਸੰਸਥਾਵਾਂ ਦੀ ਸ਼ਾਨਦਾਰ ਹਮਾਇਤ ਮਿਲੀ ਹੈ। ਉਨ੍ਹਾਂ ਕਿਹਾ ਕਿ ਅਲਰਟ ਲੈਵਲ 2 ਦੇ ਤਹਿਤ ਇਹ ਇਕੱਠ 10 ਲੋਕਾਂ ਤੱਕ ਸੀਮਤ ਹਨ। ਮੰਤਰੀ ਮੰਡਲ ਦੀ ਅਗਲੇ ਹਫ਼ਤੇ 10 ਵਿਅਕਤੀਆਂ ਦੀ ਸੀਮਾ ‘ਤੇ ਵਿਆਪਕ ਨਜ਼ਰ ਹੋਵੇਗੀ, ਇਹ ਵਿਸ਼ੇਸ਼ ਤੌਰ ‘ਤੇ ਧਾਰਮਿਕ ਇਕੱਠਾਂ ਨਾਲ ਸਬੰਧਿਤ ਨਹੀਂ ਹੋਵੇਗਾ। ਇਸ ਵੇਲੇ ਨਿਊਜ਼ੀਲੈਂਡ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਨਹੀਂ ਹੈ ਅਤੇ ਅਲਰਟ ਲੈਵਲ 1 ਉੱਤੇ ਜਾਣ ਲਈ ਇਸ ਨੂੰ ਜਾਰੀ ਰੱਖਣ ਦੀ ਜ਼ਰੂਰਤ ਹੋਏਗੀ।
ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਪਰਚੂਨ ਸਟੋਰਾਂ ਨੂੰ ਗਾਹਕਾਂ ਦੇ ਸੰਪਰਕ ਟਰੇਸਿੰਗ ਦੇ ਵੇਰਵੇ ਇਕੱਠੇ ਕਰਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਲੋਕਾਂ ਦਾ ਆਪਸ ਵਿੱਚ ਸੰਪਰਕ ਕਰਨ ਦਾ ਜੋਖ਼ਮ ਘੱਟ ਹੈ। ਪਰ ਇਹ ਹੋਸਪੀਟੈਲੀਟੀ ਦੇ ਕਾਰੋਬਾਰਾਂ ਲਈ ਮਹੱਤਵਪੂਰਣ ਹੈ ਕਿਉਂਕਿ ਲੋਕ ਲੰਬੇ ਸਮੇਂ ਤੱਕ ਇਕੱਠੇ ਹੁੰਦੇ ਹਨ।
ਪੁਲਿਸ: ਲੈਵਲ 2 ਦੇ ਬਾਰੇ ‘ਚ ਇੱਕ ਦਿਨ ਵਿੱਚ 250 ਸ਼ਿਕਾਇਤਾਂ
ਪੁਲਿਸ ਕਮਿਸ਼ਨਰ ਐਂਡਰਿਊ ਕੋਸਟਰ ਨੇ ਕਿਹਾ ਕਿ ਲੈਵਲ 3 ਦੇ ਮੁਕਾਬਲੇ ਵਿੱਚ ਹੁਣ ਤੱਕ ਲੈਵਲ 2 ਦੀ ਉਲੰਘਣਾ ਦੀ ਗਿਣਤੀ ਵਿੱਚ ਮਹੱਤਵਪੂਰਨ ਗਿਰਾਵਟ ਆਈ ਹੈ। ਇਸ ‘ਚ ਪਹਿਲੇ ਦੇ ਮੁਕਾਬਲੇ ਵੀਕ ਐਂਡ ਦੌਰਾਨ ਪਾਰਟੀਆਂ ਦੀ ਘੱਟ ਸਮੱਸਿਆਵਾਂ ਆਈਆਂ ਹਨ।
ਕੋਸਟਰ ਨੇ ਕਿਹਾ ਕਿ ਹੋਰਨਾਂ ਲੈਵਲਾਂ ਦੇ ਮੁਕਾਬਲੇ ਪੁਲਿਸ ਨੂੰ ਅਲਰਟ ਲੈਵਲ 2 ਵਿੱਚ ਉਲੰਘਣਾ ਦੀਆਂ ਸ਼ਿਕਾਇਤਾਂ ਤਕਰੀਬਨ 250 ਪ੍ਰਤੀ ਦਿਨ ਮਿਲੀਆਂ ਹਨ। ਹੁਣ ਤੱਕ ਲੈਵਲ 2 ਵਿੱਚ 983 ਉਲੰਘਣਾਵਾਂ ਦੀਆਂ ਸ਼ਿਕਾਇਤਾਂ ਹੋਈਆਂ ਹਨ, ਜ਼ਿਆਦਾਤਰ 10-5 ਫ਼ੋਨ ਲਾਈਨ ਰਾਹੀਂ। ਸ਼ਿਕਾਇਤਾਂ ਜ਼ਿਆਦਾਤਰ ਛੋਟੇ ਕਾਰੋਬਾਰਾਂ ਦੇ ਵਿਰੁੱਧ ਆਈਆਂ ਹਨ, ਜਿਹੜੇ ਲੋੜੀਂਦੇ ਸੰਪਰਕ-ਟਰੇਸਿੰਗ ਨਹੀਂ ਕਰਦੇ।
ਕੋਸਟਰ ਨੇ ਕਿਹਾ ਕਿ ਪੁਲਿਸ ਨੇ 30 ਉਲੰਘਣਾ ਦੀ ਰਿਪੋਰਟ ਕੀਤੀ ਹੈ ਅਤੇ 29 ਨੂੰ ਚੇਤਾਵਨੀਆਂ ਦਿੱਤੀਆਂ ਹਨ ਅਤੇ ਇੱਕ ਵਿਅਕਤੀ ਉੱਤੇ ਮੁਕੱਦਮਾ ਦਰਜ ਕੀਤਾ ਹੈ। ਹਾਲੇ ਪੁਲਿਸ ਨੂੰ ਸਰਚ ਵਾਰੰਟ ਤੋਂ ਬਿਨਾਂ ਜਾਇਦਾਦ ਵਿੱਚ ਦਾਖਲ ਹੋਣ ਲਈ ਆਪਣੀਆਂ ਵਿਵਾਦਪੂਰਨ ਨਵੀਆਂ ਕਾਨੂੰਨੀ ਸ਼ਕਤੀਆਂ ਦੀ ਵਰਤੋਂ ਕਰਨੀ ਬਾਕੀ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ 218 ਦੇਸ਼ਾਂ ਵਿੱਚ ਕੋਰੋਨਾਵਾਇਰਸ ਤੋਂ ਪੀੜਤ 4,805,141 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 318,049 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,044,374 ਹੈ।
Home Page ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ, ਲੈਵਲ 2...