ਕੋਰੋਨਾ ਦੀ ਵਜ੍ਹਾ ਤੋਂ BRICS ਅਤੇ SCO ਸਮਿਟ ਮੁਲਤਵੀ, ਰੂਸ ਦਾ ਐਲਾਨ

ਮਾਸਕੋ, 28 ਮਈ – ਕੋਰੋਨਾ ਮਹਾਂਮਾਰੀ ਦੀ ਵਜ੍ਹਾ ਤੋਂ ਬਰਿਕਸ (BRICS) ਅਤੇ ਸ਼ੰਘਾਈ ਕੋਆਪਰੇਸ਼ਨ ਆਰਗਨਾਈਜ਼ੇਸ਼ਨ (SCO) ਸਮਿਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਸਤਾਵਿਤ ਸਮਿਟ ਦੀ ਮੇਜ਼ਬਾਨੀ ਕਰਨ ਵਾਲੇ ਰੂਸ ਨੇ 27 ਮਈ ਦਿਨ ਬੁੱਧਵਾਰ ਨੂੰ ਇਸ ਦਾ ਰਸਮੀ ਐਲਾਨ ਕੀਤਾ। ਬਰਿਕਸ ਦੇ ਤਹਿਤ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ ਆਉਂਦੇ ਹਨ। ਬਰਿਕਸ ਅਤੇ ਐੱਸਸੀਓ ਸਮਿਟ ਦਾ ਪ੍ਰਬੰਧ ਰੂਸ ਦੇ ਸੈਂਟ ਪੀਟਰਸਬਰਗ ਸ਼ਹਿਰ ਵਿੱਚ 21 ਤੋਂ 23 ਜੁਲਾਈ ਦੇ ਵਿੱਚ ਪ੍ਰਸਤਾਵਿਤ ਸੀ। ਇਨ੍ਹਾਂ ਦੋਵਾਂ ਬੈਠਕਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਾਮਿਲ ਹੋਣ ਦੀ ਸੰਭਾਵਨਾ ਸੀ। ਕਰੇਮਲਿਨ ਵੱਲੋਂ ਜਾਰੀ ਆਧਿਕਾਰਿਕ ਬਿਆਨ ਵਿੱਚ ਕਿਹਾ ਗਿਆ ਹੈ, ਕੋਰੋਨਾਵਾਇਰਸ ਮਹਾਂਮਾਰੀ ਅਤੇ ਉਸ ਨਾਲ ਜੁੜੀਆਂ ਪਾਬੰਦੀਆਂ ਦੀ ਵਜ੍ਹਾ ਤੋਂ ਬਰਿਕਸ ਅਤੇ ਐੱਸਸੀਓ ਦੀ ਪ੍ਰਬੰਧ ਕਮੇਟੀ ਨੇ ਮੀਟਿੰਗ ਨੂੰ ਮੁਲਤਵੀ ਕਰਨ ਦਾ ਫ਼ੈਸਲਾ ਲਿਆ ਹੈ। ਪਹਿਲਾਂ ਇਸ ਨੂੰ 21 ਤੋਂ 23 ਜੁਲਾਈ ਦੇ ਵਿੱਚ ਸੈਂਟ ਪੀਟਰਸਬਰਗ ਸ਼ਹਿਰ ਵਿੱਚ ਆਯੋਜਿਤ ਕੀਤਾ ਜਾਣਾ ਸੀ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕੋਰੋਨਾ ਅਤੇ ਬੈਠਕ ਵਿੱਚ ਸ਼ਾਮਿਲ ਹੋਣ ਵਾਲੇ ਦੇਸ਼ਾਂ ਦੇ ਹਾਲਾਤ ਦੇ ਮੁਤਾਬਿਕ ਨਵੀਂ ਤਾਰੀਖ਼ਾਂ ਨੂੰ ਤੈਅ ਕੀਤਾ ਜਾਵੇਗਾ। ਦੱਸਦਈਏ ਕਿ ਰੂਸ ਵਿੱਚ ਵੀ ਕੋਰੋਨਾਵਾਇਰਸ ਦਾ ਕਹਿਰ ਵੇਖਿਆ ਜਾ ਰਿਹਾ ਹੈ। ਇੱਥੇ ਕੋਰੋਨਾ ਦੇ 3.71 ਲੱਖ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ ਤਕਰੀਬਨ 1.42 ਲੱਖ ਤੋਂ ਵੱਧ ਲੋਕ ਠੀਕ ਹੋ ਚੁੱਕੇ ਹਨ। ਉੱਥੇ ਹੀ ਵਾਇਰਸ ਦੇ ਸ਼ਿਕਾਰ 3,968 ਲੋਕਾਂ ਦੀ ਮੌਤ ਹੋ ਚੁੱਕੀ ਹੈ।