ਕੋਰੋਨਾਵਾਇਰਸ: ਨਿਊਜ਼ੀਲੈਂਡ ‘ਚ ਲਗਾਤਾਰ 6ਵੇਂ ਦਿਨ ਕੋਈ ਨਵਾਂ ਕੇਸ ਨਹੀਂ, ਪਰ ਮੌਤਾਂ ਦੀ ਗਿਣਤੀ ਵੱਧ ਕੇ 22 ਹੋਈ

ਵੈਲਿੰਗਟਨ, 28 ਮਈ – ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦਾ ਅੱਜ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ ਅਤੇ ਇਹ ਲਗਾਤਾਰ 6ਵਾਂ ਦਿਨ ਹੈ ਜਦੋਂ ਨਿਊਜ਼ੀਲੈਂਡ ‘ਚ ਕੋਈ ਮਾਮਲਾ ਦਰਜ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ‘ਚ ਕੋਵਿਡ -19 ਦੇ 1504 ਕੇਸ ਹਨ। ਕੋਰੋਨਾ ਤੋਂ 12 ਹੋਰ ਲੋਕ ਰਿਕਵਰ ਹੋਏ ਹਨ ਤੇ ਸਿਰਫ਼ 8 ਐਕਟਿਵ ਕੇਸ ਹੀ ਰਹਿ ਗਏ ਹਨ। ਕੋਈ ਵੀ ਮਰੀਜ਼ ਕੋਵਿਡ -19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ।
ਆਕਲੈਂਡ ਦੀ 96 ਸਾਲਾ ਮਹਿਲਾ ਐਲੀਨ ਹੰਟਰ ਦੀ ਹਫ਼ਤੇ ਦੇ ਅਖੀਰ ਵਿੱਚ ਕੋਵਿਡ -19 ਦੀ ਸ਼ੱਕੀ ਮੌਤ ਦੀ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ। ਸੈਂਟ ਮਾਰਗਰੇਟ ਰੈਸਟ ਹੋਮ ਦੀ ਵਸਨੀਕ ਹੰਟਰ ਦੇ ਮੌਤ ਦੇ ਨੋਟੀਫ਼ਿਕੇਸ਼ਨ ‘ਚ ਕਿਹਾ ਗਿਆ ਹੈ 24 ਮਈ ਨੂੰ 96 ਸਾਲਾ ਬਜ਼ੁਰਗ ਦੀ ਮੌਤ ‘ਕੋਵਿਡ -19 ਕਾਰਣ’ ਹੋਈ।
ਸਿਹਤ ਮੰਤਰਾਲੇ ਨੇ ਕਿਹਾ ਕਿ ਉਹ ਮੌਤ ਦੇ ਕਾਰਣਾਂ ਦੀ ਜਾਂਚ ਕਰ ਰਹੇ ਹਨ। ਉਸ ਨੂੰ ਅਪ੍ਰੈਲ ਵਿੱਚ ਕੋਵਿਡ -19 ਹੋਣ ਦੀ ਪੁਸ਼ਟੀ ਕੀਤੀ ਗਈ ਸੀ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ। ਉਸ ਦੇ ਦੋ ਟੈੱਸਟਾਂ ਦੇ ਨਕਾਰਾਤਮਿਕ ਨਤੀਜੇ ਪੇਸ਼ ਆਉਣ ਤੋਂ ਬਾਅਦ, ਉਸ ਨੂੰ ਵਾਪਸ ਸੈਂਟ ਮਾਰਗਰੇਟ ਦੇ ਰੈਸਟ ਹੋਮ ਵਿੱਚ ਤਬਦੀਲ ਕਰ ਦਿੱਤਾ ਗਿਆ। ਕੋਵਿਡ -19 ਉਸ ਦੀ ਮੌਤ ਦਾ ਕਾਰਨ ਨਹੀਂ ਸੀ, ਪਰ ਇਸ ਨੂੰ ਮੰਤਰਾਲੇ ਦੀ ਕੋਵਿਡ ਨਾਲ ਸਬੰਧਿਤ ਮੌਤਾਂ ਦੀ ਗਿਣਤੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਹੰਟਰ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਸ ਨੂੰ ਮਾਰੂ ਵਾਇਰਸ ਦਾ ਸੰਕਰਮਣ ਸਟਾਫ਼ ਅਤੇ ਮਰੀਜ਼ਾਂ ਤੋਂ ਲੱਗਾ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਹੰਟਰ ਦੀ ਮੌਤ ਨੂੰ ਹੁਣ ਕੋਵਿਡ -19 ਨਾਲ ਸਬੰਧਿਤ ਮੰਨਿਆ ਜਾਵੇਗਾ।
ਕੋਰੋਨਾਵਾਇਰਸ ਦੇ ਬੁੱਧਵਾਰ ਨੂੰ 4255 ਟੈੱਸਟ ਪੂਰੇ ਹੋਏ, ਜਿਨ੍ਹਾਂ ਨੂੰ ਮਿਲਾ ਕੇ ਦੇਸ਼ ਭਰ ਵਿੱਚ 271,690 ਟੈੱਸਟ ਕੀਤੇ ਗਏ ਹਨ। ਨਿਊਜ਼ੀਲੈਂਡ ਅਲਰਟ ਲੈਵਲ 2 ਵਿੱਚ ਚੱਲ ਰਿਹਾ ਹੈ ਅਤੇ ਅਜਿਹਾ ਉਦੋਂ ਤੱਕ ਰਹੇਗਾ ਜਦੋਂ ਤੱਕ ਮੰਤਰੀ ਮੰਡਲ 22 ਜੂਨ ਤੋਂ ਬਾਅਦ ਦੇਸ਼ ਦੀ ਸਥਿਤੀ ਦੀ ਸਮੀਖਿਆ ਨਹੀਂ ਕਰੇਗਾ।
ਦੂਜੀ ਲਹਿਰ…….?
ਵਿਸ਼ਵ ਸਿਹਤ ਸੰਗਠਨ ਨੇ ਦੇਸ਼ਾਂ ਨੂੰ ਪਾਬੰਦੀਆਂ ਵਿੱਚ ਛੋਟ ਦੇਣ ਦੇ ਬਾਰੇ ‘ਚ ਯਾਦ ਦਿਵਾਉਂਦਿਆਂ ਕਿਹਾ ਹੈ ਕਿ ਮਹਾਂਮਾਰੀ ਲਹਿਰਾਂ ਵਿੱਚ ਆਉਂਦੀ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਨਿਊਜ਼ੀਲੈਂਡ ‘ਚ ਇੱਕ ਹੋਰ ਲਹਿਰ ਦੀ ਸੰਭਾਵਨਾ ਹੈ।
ਨਿਊਜ਼ੀਲੈਂਡ ਦੇ ਕੰਨਫ਼ਰਮ ਅਤੇ ਪ੍ਰੋਵੈਬਲੀ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1,254 ਕੰਨਫ਼ਰਮ ਕੀਤੇ ਅਤੇ ਬਾਕੀ ਪ੍ਰੋਵੈਬਲੀ ਕੇਸ ਹਨ। ਦੇਸ਼ ਭਰ ‘ਚ ਸਿਰਫ਼ 8 ਐਕਟਿਵ ਕੇਸ ਹਨ ਅਤੇ ਕੋਵਿਡ -19 ਤੋਂ 1,474 ਲੋਕੀ ਰਿਕਵਰ ਹੋਏ ਹਨ। ਹਸਪਤਾਲ ਵਿੱਚ ਕੋਈ ਵੀ ਵਿਅਕਤੀ ਨਹੀਂ ਹੈ। ਕੋਵਿਡ -19 ਨਾਲ ਦੇਸ਼ ਵਿੱਚ ਮੌਤਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ, 1 ਵਾਧੂ ਮੌਤ ਦੀ ਰਿਪੋਰਟ ਦਰਜ ਹੋਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੀਆਂ 218 ਟੈਰੇਟਰੀ ਵਿੱਚ ਕੋਰੋਨਾਵਾਇਰਸ ਤੋਂ ਪੀੜਤ 5,788,503 ਦੇ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਕੋਰੋਨਾ ਨਾਲ ਮੌਤਾਂ ਦੀ ਗਿਣਤੀ 357,414 ਉੱਤੇ ਪਹੁੰਚ ਗਈ ਹੈ ਅਤੇ ਰਿਕਵਰ ਹੋਣ ਵਾਲਿਆਂ ਦੀ ਗਿਣਤੀ 2,497,387 ਹੈ।