ਬਾਇਡੇਨ ਦਾ ਰਾਹਤ ਪੈਕੇਜ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਬੱਚਿਆਂ ਲਈ ਲੈ ਕੇ ਆਇਆ ਆਸ ਦੀ ਵੱਡੀ ਕਿਰਨ, ਅਮਰੀਕਾ ‘ਚ ਪੈਦਾ ਹੋਏ ਬੱਚਿਆਂ ਨੂੰ ਮਿਲਣਗੇ ਰਾਹਤ ਦੇ ਚੈੱਕ

ਸੈਕਰਾਮੈਂਟੋ 16 ਮਾਰਚ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋਅ ਬਾਇਡੇਨ ਦੇ 1.9 ਟਰੀਲੀਅਨ ਡਾਲਰ ਦੇ ਕੋਰੋਨਾ ਰਾਹਤ ਪੈਕੇਜ ਜਿਸ ਨੂੰ ਹਾਲ ਹੀ ਵਿਚ ਕਾਂਗਰਸ ਨੇ ਪਾਸ ਕੀਤਾ ਹੈ, ਗੈਰ ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕਾ ਵਿਚ ਪੈਦਾ ਹੋਏ ਬੱਚਿਆਂ ਲਈ ਆਸ ਦੀ ਵੱਡੀ ਕਿਰਨ ਲੈ ਕੇ ਆਇਆ ਹੈ। ਇਨ੍ਹਾਂ ਬੱਚਿਆਂ ਨੂੰ ਬਾਕੀ ਲੋਕਾਂ ਦੇ ਨਾਲ ਹੀ ਰਾਹਤ ਦੇ ਚੈੱਕ ਮਿਲਣ ਦੀ ਆਸ ਹੈ। ਗ਼ੈਰ-ਕਾਨੂੰਨੀ ਪ੍ਰਵਾਸੀ ਜਿਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਨਹੀਂ ਹਨ, ਬੇਰੁਜ਼ਗਾਰੀ ਲਾਭ ਲੈਣ ਦੇ ਯੋਗ ਨਹੀਂ ਹਨ। ਇਸ ਲਈ ਕੋਰੋਨਾ ਕਾਰਨ ਨੌਕਰੀਆਂ ਖੁੱਸ ਜਾਣ ਕਰਕੇ ਇਹ ਪਰਿਵਾਰ ਬਹੁਤ ਹੀ ਤੰਗੀਆਂ ਤਰੁੱਟੀਆਂ ਵਿਚ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਪਰਿਵਾਰਾਂ ਦਾ ਕੋਈ ਕਾਨੂੰਨੀ ਰੁਤਬਾ ਨਹੀਂ ਹੈ ਤੇ ਨਾ ਹੀ ਇਨ੍ਹਾਂ ਕੋਲ ਸੋਸ਼ਲ ਸਕਿਉਰਿਟੀ ਨੰਬਰ ਹੈ। ਯੇਸੇਨੀਆ ਮੋਰੇਨੋ ਨਾਮੀ ਔਰਤ ਜਿਸ ਦੇ ਅਮਰੀਕਾ ਵਿਚ ਪੈਦਾ ਹੋਏ 3 ਤੋਂ 17 ਸਾਲਾਂ ਦੀ ਉਮਰ ਦੇ 5 ਬੱਚੇ ਹਨ, ਨੇ ਇਸ ਪੈਕੇਜ ਉੱਪਰ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਹਨੇਰੀ ਗਲੀ ਵਿਚ ਰੌਸ਼ਨੀ ਨਜ਼ਰ ਆਈ ਹੈ। ਇਹ ਪੈਸਾ ਮੇਰੇ ਸਿਰ ਚੜ੍ਹਿਆ ਕਰਜ਼ਾ ਲਾਹੁਣ ਵਿਚ ਮਦਦ ਕਰੇਗਾ। ਯੇਸੇਨੀਆ ਮੋਰੇਨੋ ਜੋ ਮੂਲ ਰੂਪ ਵਿਚ ਮੈਕਸੀਕੋ ਦੀ ਰਹਿਣ ਵਾਲੀ ਹੈ ਸਮੇਤ ਹੋਰ ਦੇਸ਼ਾਂ ਦੇ ਹਜ਼ਾਰਾਂ ਲੋਕ ਹਨ ਜੋ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ਵਿਚ ਰਹਿ ਰਹੇ ਹਨ। ਮਾਈਗਰੇਸ਼ਨ ਪੌਲਸੀ ਇੰਸਟੀਚਿਊਟ ਵਾਸ਼ਿੰਗਟਨ ਡੀ ਸੀ ਦੇ ਇਕ ਸੀਨੀਅਰ ਨੀਤੀ ਵਿਸ਼ਲੇਸ਼ਕ ਜੁਲੀਆ ਗੈਲਟ ਨੇ ਕਿਹਾ ਹੈ ਕਿ ਇਹ ਬਿੱਲ ਜੋ ਹੁਣ ਕਾਨੂੰਨ ਦਾ ਰੂਪ ਲੈ ਚੁੱਕਾ ਹੈ, ਪਹਿਲੀ ਵਾਰ ਗ਼ੈਰ-ਕਾਨੂੰਨੀ ਪ੍ਰਵਾਸੀਆਂ ਦੇ ਅਮਰੀਕੀ ਸ਼ਹਿਰੀ ਬੱਚਿਆਂ ਲਈ ਸੰਘੀ ਰਾਹਤ ਲੈ ਕੇ ਆਇਆ ਹੈ ਤੇ ਬੱਚਿਆਂ ਦੀ ਗਿਣਤੀ ਅਨੁਸਾਰ ਇਨ੍ਹਾਂ ਪਰਿਵਾਰਾਂ ਨੂੰ ਲਾਭ ਮਿਲੇਗਾ ਜੋ ਇਕ ਵੱਡੀ ਗੱਲ ਹੈ। ਇਹ ਪਰਿਵਾਰ ਸਮਾਜ ਸੇਵੀ ਸੰਸਥਾਵਾਂ, ਗੁਰੂ ਘਰਾਂ, ਗਿਰਜਾ ਘਰਾਂ ਤੇ ਮਿੱਤਰਾਂ-ਦੋਸਤਾਂ ਦੀ ਮਦਦ ਨਾਲ ਦਿਨ ਕੱਟ ਰਹੇ ਹਨ। ਲੱਗਦਾ ਹੈ ਕਿ ਹੁਣ ਇਨ੍ਹਾਂ ਪਰਿਵਾਰਾਂ ਦੇ ਦੁੱਖ ਤੇ ਤਕਲੀਫ਼ਾਂ ਖ਼ਤਮ ਹੋਣ ਦੇ ਦਿਨ ਨੇੜੇ ਆ ਗਏ ਹਨ।
ਕੈਪਸ਼ਨ : ਇਕ ਗ਼ੈਰ-ਕਾਨੂੰਨੀ ਮੈਕਸੀਕਨ ਮਾਂ ਅਮਰੀਕਾ ਵਿਚ ਪੈਦਾ ਹੋਏ ਆਪਣੇ ਬੱਚਿਆਂ ਨਾਲ ਨਜ਼ਰ ਆ ਰਹੀ ਹੈ