ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ‘ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ’ ਦਾ ਉਦਘਾਟਨ ਕੀਤਾ

ਆਕਲੈਂਡ, 21 ਮਾਰਚ – ਇੱਥੇ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਸੁਪਰੀਮ ਸਿੱਖ ਸੁਸਾਇਟੀ ਆਫ਼ ਨਿਊਜ਼ੀਲੈਂਡ ਵੱਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਬਣਾਏ ਗਏ ਪਹਿਲੇ ‘ਨਿਊਜ਼ੀਲੈਂਡ ਸਿੱਖ ਸਪੋਰਟਸ ਕੰਪਲੈਕਸ’ ਦਾ ਰਸਮੀ ਉਦਘਾਟਨ ਕੀਤਾ। ਇਸ ਤੋਂ ਇਲਾਵਾ ਵਿਰੋਧੀ ਧਿਰ ਨੈਸ਼ਨਲ ਪਾਰਟੀ ਲੀਡਰ ਜੂਡਿਥ ਕੌਲਿਨ ਵੱਲੋਂ ਸਿੱਖ ਹੈਰੀਟੇਜ ਸਕੂਲ ਦਾ ਉਦਘਾਟਨ ਕਰਵਾਇਆ ਗਿਆ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਸਿੱਖ ਸਪੋਰਟਸ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਪਹਿਲਾ ਗੁਰਦੁਆਰਾ ਸਾਹਿਬ ਦੇ ਮੁੱਖ ਹਾਲ ਵਿੱਚ ਨਤਮਸਤਕ ਹੋਏ ਅਤੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਗਿਆ। ਪ੍ਰਧਾਨ ਮੰਤਰੀ ਆਰਡਰਨ ਨੇ ਵੱਡੀ ਗਿਣਤੀ ‘ਚ ਹਾਜ਼ਰ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਕੋਰੋਨਾਵਾਇਰਸ ਮਹਾਂਮਾਰੀ ਸਮੇਂ ਲੱਗੇ ਲੌਕਡਾਉਨ ਦੌਰਾਨ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਵੰਡੇ ਫੂਡ ਲਈ ਖ਼ੁਸ਼ੀ ਜ਼ਾਹਿਰ ਕੀਤਾ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਤਰੱਕੀ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਅੱਜ ਦੇ ਸਮਾਗਮ ਵਿੱਚ ਸਰਕਾਰ ਦੇ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਤੋਂ ਵਿਰੋਧੀ ਧਿਰ ਨੈਸ਼ਨਲ ਪਾਰਟੀ ਲੀਡਰ ਜੂਡਿਥ ਕੌਲਿਨ ਤੇ ਨੈਸ਼ਨਲ ਦੇ ਮੌਜੂਦਾ ਤੇ ਸਾਬਕਾ ਐਮਪੀ ਵੀ ਪਹੁੰਚੇ। ਇਸ ਮੌਕੇ ਆਕਲੈਂਡ ਮੇਅਰ ਫਿੱਲ ਗੌਫ, ਨਿਊਜ਼ੀਲੈਂਡ ਪੁਲਿਸ ਦੇ ਅਧਿਕਾਰੀ, ਸਪੋਰਟਸ ਨਾਲ ਸੰਬੰਧਿਤ ਅਧਿਕਾਰੀ ਅਤੇ ਭਾਈਚਾਰੇ ਤੋਂ ਵੀ ਖ਼ਾਸ ਮਹਿਮਾਨਾਂ ਨੇ ਹਾਜ਼ਰੀ ਭਰੀ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਗੁਰਵਿੰਦਰ ਸਿੰਘ (ਗੋਪਾ ਬੈਂਸ) ਮਾਣਕਢੇਰੀ ਨੂੰ ਉਨ੍ਹਾਂ ਦੀਆਂ ਸੇਵਾਵਾਂ ਬਦਲੇ ‘ਕਮਿਊਨਿਟੀ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਉਦਘਾਟਨੀ ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ।