ਭਾਰਤ ਨੇ ਇੰਗਲੈਂਡ ਤੋਂ ਟੀ-20 ਸੀਰੀਜ਼ 3-2 ਨਾਲ ਹਰਾ ਕੇ ਜਿੱਤੀ

ਅਹਿਮਦਾਬਾਦ, 21 ਮਾਰਚ – ਇੱਥੇ 20 ਮਾਰਚ ਨੂੰ ਮੇਜ਼ਬਾਨ ਭਾਰਤ ਨੇ ਪੰਜਵੇਂ ਤੇ ਆਖ਼ਰੀ ਮੈਚ ਵਿੱਚ ਮਹਿਮਾਨ ਟੀਮ ਇੰਗਲੈਂਡ ਨੂੰ 36 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ 3-2 ਨਾਲ ਆਪਣੇ ਜਿੱਤ ਕੇ ਆਪਣੇ ਨਾਂ ਕਰ ਲਈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕਪਤਾਨ ਵਿਰਾਟ ਕੋਹਲੀ ਦੀਆਂ ਨਾਬਾਦ 80 ਅਤੇ ਰੋਹਿਤ ਸ਼ਰਮਾ ਦੀਆਂ 64 ਦੌੜਾਂ ਦੀ ਮਦਦ ਨਾਲ ਇੰਗਲੈਂਡ ਦੀ ਟੀਮ ਨੂੰ 225 ਦੌੜਾਂ ਦਾ ਟੀਚਾ ਦਿੱਤਾ। ਇਸ ਵਿੱਚ ਕੋਹਲੀ ਤੇ ਸ਼ਰਮਾ ਤੋਂ ਇਲਾਵਾ ਸੂਰਿਆਕੁਮਾਰ ਯਾਦਵ ਨੇ 32 ਅਤੇ ਹਾਰਦਿਕ ਪਾਂਡਿਆ ਨੇ ਨਾਬਾਦ 39 ਦੌੜਾਂ ਦਾ ਯੋਗਦਾਨ ਪਾਇਆ।
ਭਾਰਤ ਵੱਲੋਂ ਮਿਲੇ 226 ਦੌੜਾਂ ਦੇ ਟੀਚੇ ਨੂੰ ਪੂਰਾ ਕਰਨ ਉੱਤਰੀ ਇੰਗਲੈਂਡ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਉੱਤੇ 188 ਦੌੜਾਂ ਹੀ ਬਣਾ ਸਕੀ ਅਤੇ ਮੈਚ ਹਾਰਨ ਦੇ ਨਾਲ 5 ਮੈਚਾਂ ਦੀ ਟੀ-20 ਸੀਰੀਜ਼ ਵੀ ਹਾਰ ਗਈ। ਇੰਗਲੈਂਡ ਵੱਲੋਂ ਬੱਲੇਬਾਜ਼ੀ ਕਰਦੇ ਹੋਏ ਜੋਸ ਬਟਲਰ ਨੇ 52 ਅਤੇ ਡੇਵਿਡ ਮਲਾਨ ਨੇ 68 ਦੌੜਾਂ ਬਣਾਈਆਂ ਅਤੇ ਬਾਕੀ ਕੋਈ ਹੋਰ ਬੱਲੇਬਾਜ਼ ਟਿਕ ਨਹੀਂ ਸਕਿਆ। ਭਾਰਤੀ ਟੀਮ ਵੱਲੋਂ ਗੇਂਦਬਾਜ਼ ਸ਼ਰਦੁਲ ਠਾਕੁਰ ਨੇ 3, ਭੁਵਨੇਸ਼ਵਰ ਕੁਮਾਰ ਨੇ 2 ਅਤੇ ਹਾਰਿਦਕ ਪਾਂਡਿਆ ਤੇ ਟੀ. ਨਟਰਾਜਨ ਨੇ 1-1 ਵਿਕਟ ਲਿਆ।
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ‘ਪਲੇਅਰ ਆਫ਼ ਦਿ ਸੀਰੀਜ਼’ ਅਤੇ ਗੇਂਦਬਾਜ਼ ਭੁਬਨੇਸ਼ਵਰ ਨੂੰ ‘ਪਲੇਅਰ ਆਫ਼ ਦਿ ਮੈਚ’ ਐਲਾਨਿਆ ਗਿਆ।