ਭਾਰਤ ਨੇ ਇੰਗਲੈਂਡ ਤੋਂ ਤਿੰਨ ਇੱਕ ਰੋਜ਼ਾ ਮੈਚਾਂ ਦੀ ਲੜੀ 2-1 ਨਾਲ ਜਿੱਤੀ

ਪੁਣੇ, 28 ਮਾਰਚ – ਇੱਥੇ ਮੇਜ਼ਬਾਨ ਭਾਰਤ ਨੇ ਮਹਿਮਾਨ ਟੀਮ ਇੰਗਲੈਂਡ ਨੂੰ ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ 7 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਹੈ। ਭਾਰਤ ਨੇ ਪਹਿਲਾ ਮੈਚ 66 ਦੌੜਾਂ ਨਾਲ ਜਿੱਤਿਆ ਸੀ, ਜਦੋਂ ਕਿ ਦੂਜੇ ਵਿੱਚ 6 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ।
ਤੀਜੇ ਅਤੇ ਆਖ਼ਰੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ 48.2 ਓਵਰਾਂ ਵਿੱਚ 329 ਦੌੜਾਂ ਬਣਾਈਆਂ। ਭਾਰਤ ਲਈ ਸ਼ਿਖਰ ਧਵਨ (67), ਰਿਸ਼ਭ ਪੰਤ (78) ਅਤੇ ਹਾਰਦਿਕ ਪਾਂਡਿਆ (64) ਨੇ ਅਰਧ ਸੈਂਕੜੇ ਲਗਾਏ। ਇੰਗਲੈਂਡ ਲਈ ਗੇਂਦਬਾਜ਼ ਮਾਰਕ ਵੁੱਡ ਨੇ 3 ਅਤੇ ਆਦਿਲ ਰਾਸ਼ਿਦ ਨੇ 2 ਵਿਕਟਾਂ ਲਈਆਂ।
ਭਾਰਤ ਵੱਲੋਂ ਮਿਲੇ 330 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੇ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਹੋਈ। ਇੰਗਲੈਂਡ ਦੇ ਦੋਵੇਂ ਸਲਾਮੀ ਬੱਲੇਬਾਜ਼ ਜੇਸਨ ਰੌਏ (14) ਅਤੇ ਜੌਨੀ ਬੇਅਰਸਟੋ (1) ਪਹਿਲੇ ਤਿੰਨ ਓਵਰਾਂ ਦੇ ਅੰਦਰ ਹੀ ਆਊਟ ਹੋ ਗਏ। ਫਿਰ ਬੇਨ ਸਟੋਕਸ (35), ਡੇਵਿਡ ਮਲਾਨ (50) ਅਤੇ ਲਿਵਿੰਗਸਟੋਨ (36) ਨੇ ਕੁੱਝ ਸਮੇਂ ਤੱਕ ਪਾਰੀ ਨੂੰ ਸੰਭਾਲਿਆ ਦੀ ਕੋਸ਼ਿਸ਼ ਕੀਤੀ। ਪਰ ਭਾਰਤੀ ਗੇਂਦਬਾਜ਼ ਮਹਿਮਾਨ ਟੀਮ ਦੀਆਂ ਵਿਕਟਾਂ ਲਗਾਤਾਰ ਲੈਂਦੇ ਰਹੇ। ਮੋਇਨ ਅਲੀ (29) ਦੇ ਆਊਟ ਹੋਣ ਮਗਰੋਂ ਸੈਮ ਕੁਰਨ ਦੇ ਅਰਧ ਸੈਂਕੜੇ (95) ਦੀ ਮਦਦ ਨਾਲ ਇੰਗਲੈਂਡ ਦੀ ਟੀਮ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ਉੱਤੇ ਸਿਰਫ਼ 322 ਦੌੜਾਂ ਹੀ ਬਣਾ ਸਕੀ ਅਤੇ ਜਿੱਤ ਦੇ ਲਾਗੇ ਪਹੁੰਚ ਕੇ ਤਿੰਨ ਮੈਚਾਂ ਦੀ ਲੜੀ ਹਾਰ ਗਈ। ਭਾਰਤੀ ਗੇਂਦਬਾਜ਼ਾਂ ਸ਼ਰਦੁਲ ਠਾਕੁਰ ਨੇ 4 ਅਤੇ ਭੁਵਨੇਸ਼ਵਰ ਕੁਮਾਰ ਨੇ 3 ਵਿਕਟਾਂ ਲਈਆਂ, ਜਦੋਂ ਕਿ ਟੀ ਨਟਰਾਜਨ ਨੂੰ 1 ਵਿਕਟ ਮਿਲੀ।