ਇਮੀਗ੍ਰੇਸ਼ਨ ਵਿਭਾਗ ਨੇ ਸਿਹਤ ਵਿਭਾਗ, ਉੱਚ ਮੁਹਾਰਤ ਰੱਖਣ ਵਾਲਿਆਂ ਦੇ ਪਰਿਵਾਰਾਂ ਲਈ ਖੋਲ੍ਹੇ ਦੁਆਰ

30 ਅਪ੍ਰੈਲ ਤੋਂ ਲਈਆਂ ਜਾਣਗੀਆਂ ਅਰਜ਼ੀਆਂ
ਆਕਲੈਂਡ, 19 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ) –
ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਨੇ ਬੰਦ ਪਏ ਬਾਰਡਰਾਂ ਨੂੰ ਖੋਲ੍ਹਦੇ ਨਿਯਮਾਂ ਦੇ ਵਿਚ ਕੁਝ ਨਵੇਂ ਲੋਕਾਂ ਦੀ ਆਮਦ ਨੂੰ ਆਗਿਆ ਦਿੱਤੀ ਹੈ। ਹੁਣ ਸਰਕਾਰ ਨੇ ਕਿਹਾ ਹੈ ਕਿ ਨਿਊਜ਼ੀਲੈਂਡ ਦੇ ਵਿਚ ਜਿਹੜੇ ਲੋਕ ਸਿਹਤ ਵਿਭਾਗ ਦੇ ਵਿਚ ਕੰਮ ਕਰਦੇ ਹਨ ਜਾਂ ਫਿਰ ਬਹੁਤ ਹੀ ਉੱਚ ਮੁਹਾਰਤ ਕਿੱਤਿਆਂ ਦੇ ਵਿਚ ਕੰਮ ਕਰਦੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਆ ਸਕਣਗੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਰਹੇ ਰਹੇ ਉਹ ਲੋਕ ਜਿਨ੍ਹਾਂ ਦੇ ਵਿਦੇਸ਼ ਰਹਿੰਦੇ ਪਾਰਟਨਰਜ਼ ਅਤੇ ਛੋਟੇ ਬੱਚਿਆਂ ਦੇ ਵੀਜ਼ੇ ਲੱਗੇ ਸਨ ਉਹ ਵੀ ਹੁਣ ਇੱਥੇ ਆ ਸਕਣਗੇ। ਪਰ ਸ਼ਰਤ ਇਹ ਹੈ ਕਿ ਇੱਥੇ ਰਹਿ ਰਿਹਾ ਮੈਂਬਰ ਪਿਛਲੇ 12 ਮਹੀਨਿਆਂ ਤੋਂ ਇੱਥੇ ਰਹਿੰਦਾ ਹੋਣਾ ਚਾਹੀਦਾ। ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਾਫੂਈ ਨੇ ਕਿਹਾ ਹੈ ਕਿ ਇਸ ਛੋਟ ਦੇ ਨਾਲ ਸੈਂਕੜੇ ਪਰਿਵਾਰ ਇੱਥੇ ਆ ਕੇ ਆਪਣੇ ਪਰਿਵਾਰਾਂ ਦੇ ਨਾਲ ਮਿਲ ਸਕਣੇ। ਸਰਕਾਰ ਨੇ ਕੋਵਿਡ-19 ਦੇ ਚਲਦਿਆਂ ਵੱਖ-ਵੱਖ ਸ਼ਰਤਾਂ ਅਧੀਨ ਇੱਥੇ ਲੋਕਾਂ ਨੂੰ ਆਉਣ ਵਾਸਤੇ ਦਿਸ਼ਾ ਨਿਰਦੇਸ਼ ਲਾਗੂ ਕਰ ਦਿੱਤੇ ਸਨ, ਜਿਨ੍ਹਾਂ ਦੇ ਵਿਚ ਹੁਣ ਹਲਕੀ ਹਲਕੀ ਢਿੱਲ ਦਿੱਤੀ ਜਾ ਰਹੀ ਹੈ। ਨਵੇਂ ਦਿਸ਼ਾ ਨਿਰਦੇਸ਼ਾਂ ਹੇਠ ਹੁਣ ਵੀਜ਼ਾ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਮੰਤਰੀ ਸਾਹਿਬ ਨੇ ਕਿਹਾ ਹੈ ਕਿ ‘‘ਨਿਊਜ਼ੀਲੈਂਡ ਪੂਰੀ ਦੁਨੀਆ ਦਾ ਧਿਆਨ ਖਿੱਚ ਰਿਹਾ ਸੀ ਕਿ ਅਸੀਂ ਕੋਵਿਡ ਤੋਂ ਕਿਵੇਂ ਬਚ ਰਹੇ ਹਾਂ ਅਤੇ ਦੇਸ਼ ਦੀ ਆਰਥਿਕਤਾ ਕਿਵੇਂ ਬਚਾ ਰਹੇ ਹਾਂ। ਇਸ ਦਰਮਿਆਨ ਅਸੀਂ ਇਹ ਵੀ ਪੂਰੀ ਤਰ੍ਹਾਂ ਸਮਝਦੇ ਸਾਂ ਕਿ ਪ੍ਰਵਾਸੀ ਕਾਮਿਆਂ ਦੀਆਂ ਪਰਿਵਾਰਕ ਮੁਸ਼ਕਲਾਂ ਕਿਵੇਂ ਵਧੀਆ ਹਨ।’’
ਪਿਛਲੀਆਂ ਦਿੱਤੀਆਂ ਛੋਟਾਂ ਨਾਲ 13,000 ਲੋਕ ਇੱਥੇ ਆਪਣੇ ਵਿੱਛੜੇ ਪੱਕੇ ਅਤੇ ਨਾਗਰਿਕਤਾ ਵਾਲੇ ਪਰਿਵਾਰਾਂ ਦੇ ਨਾਲ ਆ ਕੇ ਮਿਲੇ ਸਨ ਅਤੇ 13,000 ਹੋਰ ਲੋਕ ਜੋ ਕਿ ਅਸਥਾਈ ਕੰਮ ਵੀਜ਼ੇ ਉੱਤੇ ਸਨ ਉਹ ਆ ਕੇ ਮਿਲੇ ਸਨ। ਇਸ ਤੋਂ ਇਲਾਵਾ 2500 ਉਹ ਪਰਿਵਾਰਕ ਮੈਂਬਰ ਵੀ ਆਏ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇੱਥੇ ਬਹੁਤ ਹੀ ਮਹੱਤਵਪੂਰਨ ਸੰਕਟਮਈ ਕੰਮਾਂ ਵਿਚ ਲੱਗੇ ਸਨ। ਆਸਟਰੇਲੀਆ ਵਾਲਿਆਂ ਨੂੰ ਇਸ ਦੇ ਚਲਦਿਆਂ ਕੁਆਰੰਟੀਨ ਫ੍ਰੀ ਵਾਲੀ ਸਹੂਲਤ ਦਾ ਫ਼ਾਇਦਾ ਰਹੇਗਾ। ਨਵੀਆਂ ਛੋਟਾਂ ਵਾਲਿਆਂ ਲਈ ਅਰਜ਼ੀਆਂ 30 ਅਪ੍ਰੈਲ ਨੂੰ ਖੋਲ੍ਹੀਆਂ ਜਾਣਗੀਆਂ।