ਟ੍ਰਾਂਸ-ਟੈਸਮਨ ਬੱਬਲ: ਨਿਊਜ਼ੀਲੈਂਡ ਤੇ ਆਸਟਰੇਲੀਆ ਵਿਚਾਲੇ ਫਲਾਈਟਾਂ ਸ਼ੁਰੂ

ਆਕਲੈਂਡ, 20 ਅਪ੍ਰੈਲ – 19 ਅਪ੍ਰੈਲ ਤੋਂ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਕਾਰ ਟ੍ਰਾਂਸ-ਟੈਸਮਨ ਬੱਬਲ ਦੇ ਤਹਿਤ ਫਲਾਈਟਾਂ ਸ਼ੁਰੂ ਹੋ ਗਈਆਂ ਹਨ। ਹੁਣ ਦੋਵੇਂ ਦੇਸ਼ਾਂ ਦੇ ਲੋਕ ਸਰਕਾਰਾਂ ਵੱਲੋਂ ਨਿਰਧਾਰਿਤ ਕੀਤੇ ਸੂਬਿਆਂ ਵਿੱਚ ਬਿਨਾਂ ਕੁਆਰੰਟੀਨ ਅਤੇ 14 ਦਿਨਾਂ ਦੇ ਮੈਨੇਜਡ ਆਈਸੋਲੇਸ਼ਨ ਤੋਂ ਆ ਜਾ ਸਕਣਗੇ। ਦੋਵੇਂ ਦੇਸ਼ਾਂ ਵਿਚਕਾਰ ਯਾਤਰੀਆਂ ਦਾ ਆਣਾ-ਜਾਣਾ 1 ਸਾਲ ਤੋਂ ਕੁੱਝ ਵੱਧ ਦਿਨਾਂ ਬਾਅਦ ਸ਼ੁਰੂ ਹੋਇਆ ਹੈ।
ਕੋਵਿਡ -19 ਦੇ ਸਖ਼ਤ ਤੇ ਦੋਵੇਂ ਦੇਸ਼ਾਂ ਵੱਲੋਂ ਸਥਾਪਿਤ ਨਿਯਮਾਂ ਦੇ ਤਹਿਤ ਅੱਜ ਆਸਟਰੇਲੀਆ ਤੋਂ ਪਹਿਲੀ ਫਲਾਈਟ ਆਕਲੈਂਡ ਦੇ ਏਅਰਪੋਰਟ ਉੱਤੇ ਪਹੁੰਚੀ ਤਾਂ ਏਅਰਪੋਰਟ ਸਟਾਫ਼ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ। ਏਅਰਪੋਰਟ ਉੱਤੇ ਯਾਤਰੂਆਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਉਨ੍ਹਾਂ ਦੇ ਸਵਾਗਤ ਅਤੇ ਉਨ੍ਹਾਂ ਨੂੰ ਲੈਣ ਵਾਸਤੇ ਪਹੁੰਚੇ ਹੋਏ ਸਨ। ਇਸ ਮੌਕੇ ਦੋਵੇਂ ਪਾਸੇ ਖ਼ੁਸ਼ੀ ਅਤੇ ਉਤਸ਼ਾਹ ਵੇਖਣ ਨੂੰ ਮਿਲਿਆਂ। ਗੌਰਤਲਬ ਹੈ ਕਿ ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਨਾਲ ਅੱਗੇ ਆਉਣ ਵਾਲੇ ਦਿਨਾਂ ਵਿੱਚ ਜਿੱਥੇ ਦੋਵੇਂ ਦੇਸ਼ਾਂ ਦੀ ਆਰਥਿਕ ਨੂੰ ਬਲ ਮਿਲੇਗਾ, ਉੱਥੇ ਹੀ ਨਿਊਜ਼ੀਲੈਂਡ ਨੂੰ 1 ਬਿਲੀਅਨ ਡਾਲਰ ਦਾ ਲਾਭ ਹੋਣ ਦੀ ਆਸ ਹੈ।