ਭਾਰਤ ਦੀ ਕੋਵਿਡ ਦੀ ਦੂਜੀ ਲਹਿਰ : ਗਵਾਹ ਚੁਸਤ ਮੁੱਦਈ ਸੁਸਤ

ਲੇਖਕ – ਉਜਾਗਰ ਸਿੰਘ
ਸਾਬਕਾ ਜਿੱਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ – +91 941 781 3072
E-mail: ujagarisngh48@yahoo.com

ਕੋਵਿਡ -19 ਦੀ ਦੂਜੀ ਲਹਿਰ ਨੇ ਭਾਰਤ ਵਿੱਚ ਤਬਾਹੀ ਮਚਾਈ ਹੋਈ ਹੈ। ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਸਿਵਿਆਂ ਦੀ ਅੱਗ ਠੰਢੀ ਨਹੀਂ ਹੋ ਰਹੀ। ਸ਼ਮਸ਼ਾਨ ਘਾਟਾਂ ਵਿੱਚ ਅੰਤਿਮ ਸਸਕਾਰ ਕਰਨ ਲਈ ਜਗ੍ਹਾ ਨਹੀਂ ਮਿਲ ਰਹੀ। ਕੋਵਿਡ ਤੋਂ ਬਚਾਓ ਲਈ ਵੈਕਸੀਨ ਹਸਪਤਾਲਾਂ ਵਿੱਚ ਮਿਲ ਨਹੀਂ ਰਹੀ। ਹਾਲਾਂ ਕਿ ਸੰਸਾਰ ਵਿੱਚ ਸਭ ਤੋਂ ਵੱਧ ਵੈਕਸੀਨ ਭਾਰਤ ਵਿੱਚ ਬਣਦੀ ਹੈ। ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਕੋਵਿਡ ਦੇ ਮਰੀਜ਼ ਹਸਪਤਾਲਾਂ ਦੇ ਬਾਹਰ ਰੁਲ ਰਹੇ ਹਨ। ਆਕਸੀਜਨ ਖ਼ਤਮ ਹੋਈ ਪਈ ਹੈ, ਜਿਸ ਕਰਕੇ ਮਰੀਜ਼ ਹਸਪਤਾਲਾਂ ਵਿੱਚ ਮਰ ਰਹੇ ਹਨ। ਹਸਪਤਾਲਾਂ ਵਿੱਚ ਤਰਾਹ ਤਰਾਹ ਹੋ ਰਹੀ ਹੈ। ਵਿਦੇਸ਼ਾਂ ਤੋਂ ਭਾਰਤ ਨੂੰ ਸਹਾਇਤਾ ਦੇਣ ਦੇ ਐਲਾਨ ਹੋ ਰਹੇ ਹਨ ਪ੍ਰੰਤੂ ਭਾਰਤ ਦੀ ਕੇਂਦਰ ਸਰਕਾਰ ਸੰਜੀਦਗੀ ਤੋਂ ਕੰਮ ਨਹੀਂ ਲੈ ਰਹੀ ਸਗੋਂ ਦਵਾਈ ਅਤੇ ਆਕਸੀਜਨ ਵੰਡਣ ਵਿਚ ਵੀ ਸਿਆਸਤ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਵਾਲੇ ਰਾਜਾਂ ਨੂੰ ਵੈਕਸੀਨ ਅਤੇ ਆਕਸੀਜਨ ਵਧੇਰੇ ਮਾਤਰਾ ਵਿੱਚ ਦਿੱਤੀ ਜਾ ਰਹੀ ਹੈ। ਗ਼ੈਰ ਭਾਰਤੀ ਜਨਤਾ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਤਰਲੇ ਕੱਢਣ ਦੇ ਬਾਵਜੂਦ ਵੀ ਉਨ੍ਹਾਂ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਭਾਰਤ ਸੜ ਰਿਹਾ ਹੈ, ਨੀਰੂ ਬੰਸਰੀ ਵਜਾ ਰਿਹਾ ਹੈ। ਕੇਂਦਰ ਸਰਕਾਰ ਕੋਵਿਡ -19 ਮਹਾਂਮਾਰੀ ‘ਤੇ ਕਾਬੂ ਪਾਉਣ ਲਈ ਆਪਣੀ ਸਰਕਾਰ ਦੀ ਸਫਲਤਾ ਦੇ ਸੋਹਲੇ ਗਾ ਰਹੀ ਹੈ। ਕੇਂਦਰ ਸਰਕਾਰ ਅਖ਼ਬਾਰਾਂ ਵਿੱਚ ਆਕਸੀਜਨ ਬਾਰੇ ਝੂਠ ਬੋਲ ਰਹੀ ਹੈ। ਪਿਛਲੇ ਸਾਲ ਜਿਹੜੇ 162 ਆਕਸੀਜਨ ਪਲਾਂਟ ਦੇਸ਼ ਦੇ 33 ਹਸਪਤਾਲਾਂ ਵਿੱਚ 202 ਕਰੋੜ ਰੁਪਏ ਦੀ ਲਾਗਤ ਨਾਲ ਲਗਾਉਣ ਦਾ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ, ਉਨ੍ਹਾਂ ਵਿਚੋਂ ਸਿਰਫ਼ 34 ਪਲਾਂਟ ਲੱਗੇ ਹਨ। ਅਜੇ ਉਨ੍ਹਾਂ ਵਿੱਚੋਂ 129 ਪਲਾਂਟ ਲੱਗਣੇ ਬਾਕੀ ਹਨ। 550 ਹੋਰ ਪਲਾਂਟ ਲਾਉਣ ਦਾ ਬਿਆਨ ਪ੍ਰਧਾਨ ਮੰਤਰੀ ਜੀ ਨੇ ਦਾਗ਼ ਦਿੱਤਾ ਹੈ। ਬਿਆਨਾ ਨਾਲ ਮਾਨਵਤਾ ਦੇ ਹਿਤਾਂ ਦੀ ਰਾਖੀ ਨਹੀਂ ਹੋ ਸਕਦੀ। ਇਨ੍ਹਾਂ ਪਲਾਂਟਾਂ ਦਾ ਸੰਬੰਧ ਮਨੁੱਖੀ ਜ਼ਿੰਦਗੀਆਂ ਨਾਲ ਹੈ। ਜੇਕਰ ਸਰਕਾਰ ਅਜੇ ਵੀ ਇਨ੍ਹਾਂ ਪਲਾਂਟਾਂ ਨੂੰ ਲਗਾਉਣ ਲਈ ਦਿਲਚਸਪੀ ਨਹੀਂ ਲੈਂਦੀ ਤਾਂ ਇਸ ਨੂੰ ਲੋਕਾਂ ਦੀ ਸਰਕਾਰ ਕਹਿਣਾ ਵਾਜਬ ਨਹੀਂ ਹੋਵੇਗਾ। ਇਹ ਸਰਕਾਰ ਤਾਂ ਉਲਟਾ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੀ ਹੈ। ਪੰਜਾਬ ਵਿੱਚ 3 ਪਲਾਂਟ ਪੰਜਾਬ ਦੇ 3 ਸਰਕਾਰੀ ਹਸਪਤਾਲਾਂ ਵਿੱਚ ਲੱਗਣੇ ਸਨ। ਸਿਰਫ਼ ਇਕ ਪਲਾਂਟ ਫਰੀਦਕੋਟ ਹਸਪਤਾਲ ਵਿੱਚ ਲੱਗਿਆ ਹੈ। ਦੇਸ਼ ਦੀ ਰਾਜਧਾਨੀ ਵਿਚਲੇ 8 ਆਕਸੀਜਨ ਪਲਾਂਟਾਂ ਵਿੱਚੋਂ ਸਿਰਫ਼ ਇਕ ਚੱਲ ਰਿਹਾ ਹੈ, ਜਿੱਥੇ ਖ਼ੁਦ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੇ ਸੋਹਲੇ ਗਾ ਰਹੇ ਹਨ। ਇਸ ਗੱਲ ਤੋਂ ਕੇਂਦਰ ਸਰਕਾਰ ਦੀ ਸੰਜੀਦਗੀ ਦਾ ਪ੍ਰਗਟਾਵਾ ਹੁੰਦਾ ਹੈ। ਆਕਸੀਜਨ ਪਲਾਂਟਾਂ ਉੱਪਰ ਭਾਰਤ ਸਰਕਾਰ ਨੇ ਆਪ ਕਬਜ਼ਾ ਕਰ ਲਿਆ ਹੈ। ਜਿਸ ਸਟੇਟ ਵਿੱਚ ਆਕਸੀਜਨ ਪਲਾਂਟ ਲੱਗੇ ਹੋਏ ਹਨ, ਉਸ ਸਟੇਟ ਦੀ ਸਰਕਾਰ ਨੂੰ ਵੀ ਆਕਸੀਜਨ ਲੈਣ ਦਾ ਅਧਿਕਾਰ ਨਹੀਂ। ਹਰ ਕੰਮ ਉੱਪਰ ਕੇਂਦਰ ਸਰਕਾਰ ਨੇ ਆਪਣਾ ਅਧਿਕਾਰ ਬਣਾ ਲਿਆ ਹੈ। ਰਾਜਾਂ ਦੇ ਅਧਿਕਾਰ ਖੋਹੇ ਜਾ ਰਹੇ ਹਨ। ਹੁਣ ਜਦੋਂ ਹਸਪਤਾਲਾਂ ਵਿੱਚ ਮਰੀਜ਼ ਆਕਸੀਜਨ ਦੀ ਘਾਟ ਕਰਕੇ ਮਰ ਰਹੇ ਹਨ ਤਾਂ ਕੇਂਦਰ ਸਰਕਾਰ 550 ਨਵੇਂ ਆਕਸੀਜਨ ਪਲਾਂਟ ਲਗਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਵਿੱਚ ਦੇ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਮਰੀਜ਼ਾਂ ਲਈ ਆਕਸੀਜਨ ਦਾ ਪ੍ਰਬੰਧ ਕਰਨ ਦੀ ਥਾਂ ਸਰਕਾਰ ਨੇ ਦਿੱਲੀ ਵਿੱਚ ਹੁਕਮ ਜਾਰੀ ਕਰ ਦਿੱਤੇ ਕਿ ਜਿਹੜੇ ਨਾਜ਼ੁਕ ਮਰੀਜ਼ ਹੋਣਗੇ, ਸਿਰਫ਼ ਉਨ੍ਹਾਂ ਨੂੰ ਹੀ ਆਕਸੀਜਨ ਦਿੱਤੀ ਜਾਵੇਗੀ। ਦਿੱਲੀ ਹਾਈ ਕੋਰਟ ਨੇ ਇਸ ਹੁਕਮ ‘ਤੇ ਝਾੜ ਪਾਉਂਦਿਆਂ ਕਿਹਾ ਕਿ ਪ੍ਰਬੰਧ ਕਰਨ ਦੀ ਥਾਂ ਅਜਿਹੇ ਹੁਕਮ ਜਾਰੀ ਕਰਨੇ ਗ਼ੈਰ ਮਨੁੱਖੀ ਹਨ। ਸੰਸਾਰ ਦੇ ਦੇਸ਼ ਭਾਰਤ ਦੀ ਮਦਦ ਕਰਨ ਲਈ ਪੱਬਾਂ ਭਾਰ ਹੋਏ ਪਏ ਹਨ ਪ੍ਰੰਤੂ ਭਾਰਤ ਦੇ ਸਿਆਸਤਦਾਨ ਕੁੰਭ ਦੀ ਨੀਂਦ ਸੁੱਤੇ ਪਏ ਹਨ। ਭਾਰਤੀ ਸਿਆਸਤਦਾਨਾਂ ਨੂੰ ਚੋਣਾਂ ਵਿੱਚ ਪ੍ਰਚਾਰ ਕਰਨ ਤੋਂ ਵਿਹਲ ਨਹੀਂ ਮਿਲ ਰਹੀ ਸੀ। ਪ੍ਰਧਾਨ ਮੰਤਰੀ ਦੇਸ਼ ਦੇ ਲੋਕਾਂ ਨੂੰ 6 ਫੁੱਟ ਦੀ ਦੂਰੀ ਬਣਾ ਕੇ ਰੱਖਣ ਅਤੇ ਮਾਸਕ ਲਾਉਣ ਦੇ ਸੰਦੇਸ਼ ਦੇ ਰਹੇ ਸਨ ਅਤੇ ਆਪ ਹਰ ਰੋਜ਼ 3-4 ਚੋਣ ਰੈਲੀਆਂ ਕਰ ਰਹੇ ਸਨ, ਜਿਨ੍ਹਾਂ ਵਿੱਚ ਹਜ਼ਾਰਾਂ ਲੋਕ ਬਿਨਾ ਮਾਸਕ ਅਤੇ ਬਿਨਾ ਦੂਰੀ ਇਕੱਠੇ ਹੋ ਰਹੇ ਸਨ। ਉਨ੍ਹਾਂ ਦੇ ਮੰਤਰੀ ਬਿਨਾ ਮਾਸਕ ਚੋਣ ਰੈਲੀਆਂ ਵਿੱਚ ਸ਼ਾਮਲ ਹੋ ਰਹੇ ਸਨ। ਇਸ ਤੋਂ ਇਲਾਵਾ ਮੰਤਰੀ ਕੋਵਿਡ ਸੰਬੰਧੀ ਗ਼ੈਰ ਜ਼ਿੰਮੇਵਾਰਾਨਾ ਬਿਆਨ ਵੀ ਦੇ ਰਹੇ ਹਨ। ਲੋਕਾਂ ਨੂੰ ਸੰਦੇਸ਼ ਦੇਣ ਤੋਂ ਪਹਿਲਾਂ ਆਪ ਪ੍ਰੇਰਨਾ ਸਰੋਤ ਬਣਨਾ ਚਾਹੀਦਾ ਸੀ। ਪ੍ਰੰਤੂ ਹੋ ਇਸ ਦੇ ਉਲਟ ਰਿਹਾ ਸੀ। ਕਹਿਣੀ ਅਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਕੇਂਦਰ ਸਰਕਾਰ ਨੂੰ ਚੋਣਾਂ ਜਿੱਤਣ ਦਾ ਫ਼ਿਕਰ ਜ਼ਿਆਦਾ ਮਾਨਵਤਾ ਦੀਆਂ ਜ਼ਿੰਦਗੀਆਂ ਜਾਣ ਢੱਠੇ ਖੂਹ ਵਿੱਚ। ਜਦੋਂ ਤਾਮਿਲ ਨਾਡੂ ਹਾਈ ਕੋਰਟ ਨੇ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ, ਫਿਰ ਰੈਲੀਆਂ ਬੰਦ ਕੀਤੀਆਂ। ਪ੍ਰਧਾਨ ਮੰਤਰੀ ਜੀ ਤੁਸੀਂ ਭਾਰਤ ਦੇ ਪ੍ਰਧਾਨ ਮੰਤਰੀ ਹੋ ਭਾਰਤੀ ਜਨਤਾ ਪਾਰਟੀ ਦੇ ਨਹੀਂ। ਹੁਣ ਸਾਰੀ ਜਨਤਾ ਤੁਹਾਡੇ ਲਈ ਬਰਾਬਰ ਹੋਣੀ ਚਾਹੀਦੀ ਹੈ। ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਵਿਗਿਆਨੀ ਮੁਕਰਜੀ ਨੇ ਆਪਣੇ ਖੋਜ ਪੱਤਰ ਵਿੱਚ ਕਿਹਾ ਹੈ ਕਿ ਇਸ ਸਮੇਂ ਭਾਰਤ ਵਿੱਚ 3 ਲੱਖ 50 ਹਜ਼ਾਰ ਤੋਂ ਵੱਧ ਕੋਵਿਡ ਦੇ ਕੇਸ ਆ ਰਹੇ ਹਨ ਅਤੇ 3 ਹਜ਼ਾਰ ਤੋਂ ਵੱਧ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ। ਉਨ੍ਹਾਂ ਅੱਗੋਂ ਕਿਹਾ ਹੈ ਕਿ ਜੇਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 15 ਮਈ ਤੱਕ 5 ਲੱਖ ਕੋਵਿਡ ਦੇ ਕੇਸ ਆਉਣਗੇ ਅਤੇ ਮੌਤਾਂ ਦੀ ਗਿਣਤੀ 5 ਹਜ਼ਾਰ ਹੋਵੇਗੀ। ਅਮਰੀਕਾ ਨੇ ਭਾਰਤ ਨੂੰ ਵੈਕਸੀਨ ਬਣਾਉਣ ਲਈ ਕੱਚਾ ਮਾਲ ਦੇਣ ਤੇ ਪਾਬੰਦੀ ਲਾਈ ਹੋਈ ਸੀ। ਨਰਿੰਦਰ ਮੋਦੀ ਅਤੇ ਡੋਨਾਲਡ ਟਰੰਪ ਦੀ ਮਿੱਤਰਤਾ ਜੱਗ ਜ਼ਾਹਿਰ ਸੀ। ਭਾਰਤ ਵਿੱਚ ਵੱਡੇ ਪੱਧਰ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਸੀ। ਇਸ ਕਰਕੇ ਜੋਅ ਬਾਇਡਨ ਦੀ ਸਰਕਾਰ ਦੇ ਭਾਰਤ ਨਾਲ ਸੰਬੰਧ ਬਹੁਤੇ ਚੰਗੇ ਨਹੀਂ ਸਨ। ਅਮਰੀਕਾ ਵਰਗਾ ਦੇਸ਼ ਜਿੱਥੇ ਡੈਮੋਕਰੇਟ ਪਾਰਟੀ ਦਾ ਰਾਜ ਹੈ, ਜਿਹੜੀ ਪਾਰਟੀ ਮੋਦੀ ਸਰਕਾਰ ਦੀਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਨਾ ਕਰਨ ਕਰਕੇ ਬੇਮੁਖ ਹੋਈ ਪਈ ਸੀ। ਉੁਸ ਨੇ ਵੀ ਭਾਰਤ ਵੀ ਓਵਰਸੀਜ਼ ਕਾਂਗਰਸ ਦੇ ਯਤਨਾਂ ਕਰਕੇ ਭਾਰਤ ਦੀ ਮਦਦ ਕਰਨ ਦਾ ਫ਼ੈਸਲਾ ਕਰ ਲਿਆ ਹੈ। ਮੋਦੀ ਟਰੰਪ ਦੀ ਦੋਸਤੀ ਵੀ ਰਾਹ ਵਿੱਚ ਰੋੜਾ ਬਣ ਰਹੀ ਸੀ। ਪ੍ਰੰਤੂ ਸੋਸ਼ਲ ਵਰਕਰ ਅਤੇ ਓਵਰਸੀਜ਼ ਕਾਂਗਰਸ ਦੇ ਕਨਵੀਨਰ ਵਿਜੇ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਜੋਅ ਬਾਇਡਨ ਦੇ ਕੋਵਿਡ ਦੇ ਟੈਸਟਿੰਗ ਫ਼ਾਰ ਵਾਈਟ ਹਾਊਸ ਕੋਵਿਡ -19 ਰਿਸਪੌਂਸ ਦੇ ਅਧਿਕਾਰੀ ਵਿਦੁਰ ਸ਼ਰਮਾ, ਜਿਸ ਦੇ ਮਾਪੇ ਭਾਰਤੀ ਮੂਲ ਦੇ ਹਨ, ਉਨ੍ਹਾਂ ਨਾਲ ਉਸ ਨੇ ਭਾਰਤ ਦੀ ਮਦਦ ਕਰਨ ਲਈ ਮਾਨਵਤਾਵਾਦੀ ਪਹੁੰਚ ਅਪਣਾਉਣ ਲਈ ਬੇਨਤੀ ਕੀਤੀ ਸੀ। ਵਿਦੁਰ ਸ਼ਰਮਾ ਨੂੰ ਭਾਰਤੀ ਮੂਲ ਦੇ ਮਾਪਿਆਂ ਦੀ ਧੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਗਲ ਕਰਕੇ ਭਾਰਤੀਆਂ ਦੀਆਂ ਜਾਨਾਂ ਬਚਾਉਣ ਲਈ ਗੁਹਾਰ ਲਗਾਈ ਸੀ। ਭਾਵੇਂ ਭਾਰਤ ਦੁਨੀਆ ਵਿੱਚ ਸਭ ਤੋਂ ਵੱਧ ਵੈਕਸੀਨ ਬਣਾਉਣ ਵਾਲਾ ਦੇਸ਼ ਹੈ ਪ੍ਰੰਤੂ ਕੱਚਾ ਮਾਲ ਭਾਰਤ ਨੂੰ ਅਮਰੀਕਾ ਤੋਂ ਆਉਂਦਾ ਹੈ। ਉਨ੍ਹਾਂ ਅੱਗੋਂ ਦੱਸਿਆ ਕਿ ਮੇਰੀ ਬੇਨਤੀ ਤੋਂ ਬਾਅਦ ਵਿਦੁਰ ਸ਼ਰਮਾ ਨੇ ਕਮਲਾ ਹੈਰਿਸ ਨਾਲ ਗੱਲ ਕਰਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਪ੍ਰਵਾਨਗੀ ਨਾਲ ਕੱਚੇ ਮਾਲ ਉੱਤੇ ਲਗਾਈ ਪਾਬੰਦੀ ਫ਼ਿਲਹਾਲ ਕੋਵਿਡ ਦੀ ਸਮੱਸਿਆ ਕਰਕੇ ਉਠਾ ਲਈ ਹੈ। ਜਿਸ ਦੇ ਸਿੱਟੇ ਵਜੋਂ ਅਮਰੀਕਾ ਨੇ ਭਾਰਤ ਨੂੰ 318 ਆਕਸੀਜਨ ਦੇ ਕਨਟੇਨਰ ਹਵਾਈ ਜਹਾਜ਼ ਰਾਹੀਂ ਭੇਜ ਵੀ ਦਿੱਤੇ ਹਨ। ਵੈਕਸੀਨ ਬਣਾਉਣ ਲਈ ਕੱਚਾ ਮਾਲ ਵੀ ਭੇਜਿਆ ਜਾਵੇਗਾ। ਹੋਰ ਹਰ ਕਿਸਮ ਦੀ ਮਦਦ ਕਰਨ ਲਈ ਅਮਰੀਕਾ ਤਿਆਰ ਹੈ। ਅਮਰੀਕਾ ਦੇ ਪਬਲਿਕ ਹੈਲਥ ਦੇ ਸਲਾਹਕਾਰ ਭਾਰਤੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਜੋਅ ਬਾਇਡਨ ਦੇ ਵਾਈਟ ਹਾਊਸ ਵਿੱਚ 50 ਭਾਰਤੀ ਮੂਲ ਦੇ ਵਿਅਕਤੀਆਂ ਦੇ ਮਹੱਤਵਪੂਰਨ ਅਹੁਦਿਆਂ ‘ਤੇ ਨਿਯੁਕਤ ਹੋਣ ਦਾ ਪਹਿਲਾ ਲਾਭ ਭਾਰਤ ਨੂੰ ਕੋਵਿਡ -19 ਦੀ ਰੋਕਥਾਮ ਲਈ ਅਮਰੀਕਾ ਤੋਂ ਮਿਲ ਗਿਆ ਹੈ। ਇਸੇ ਤਰ੍ਹਾਂ ਕੈਨੇਡਾ ਸਰਕਾਰ ਨੇ 10 ਮਿਲੀਅਨ ਡਾਲਰ ਦੀ ਆਰਥਿਕ ਸਹਾਇਤਾ ਕਰਨ ਦਾ ਐਲਾਨ ਕਰ ਦਿੱਤਾ ਹੈ। ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ ਨੇ ਭਾਰਤ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿਵਾਇਆ ਹੈ। ਕੈਨੇਡਾ ਦੀ ਭਾਰਤੀ ਮੂਲ ਦੀ ਜਨਤਕ ਸੇਵਾਵਾਂ ਦੇ ਮੰਤਰੀ ਅਨੀਤਾ ਆਨੰਦ ਨੇ ਕਿਹਾ ਹੈ ਕਿ ਪੀ ਪੀ ਕਿੱਟਾਂ ਅਤੇ ਵੈਂਟੀਲੇਟਰ ਦਿੱਤੇ ਜਾਣਗੇ। ਨਿਊਜ਼ੀਲੈਂਡ ਨੇ ਵੀ 1 ਮਿਲੀਅਨ ਡਾਲਰ ਦੀ ਮਦਦ ਦਾ ਕਿਹਾ ਹੈ। ਇਸੇ ਤਰ੍ਹਾਂ ਸਿੰਘਾਪੁਰ ਦੁਬਈ ਅਤੇ ਸੰਸਾਰ ਦੇ ਹੋਰ ਬਹੁਤ ਦੇਸ਼ ਧੜਾ ਧੜ ਭਾਰਤ ਦੀ ਮਦਦ ਕਰਨ ਲਈ ਤਤਪਰ ਹੋ ਗਏ ਹਨ। ਪ੍ਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਅਜੇ ਵੀ ਕੋਵਿਡ ਦੇ ਨਾਂ ‘ਤੇ ਸਿਆਸਤ ਕਰ ਰਹੀ ਹੈ।