ਏਸ਼ੀਅਨਾਂ ਵਿਰੁੱਧ ਹਿੰਸਾ ਨਾਲ ਨਜਿੱਠਣ ਲਈ ਕਾਨੂੰਨ ਉੱਪਰ ਕੀਤੇ ਦਸਤਖ਼ਤ
ਸੈਕਰਾਮੈਂਟੋ, 21 ਮਈ (ਹੁਸਨ ਲੜੋਆ ਬੰਗਾ) – ਰਾਸ਼ਟਰਪਤੀ ਜੋਅ ਬਾਇਡਨ ਨੇ ਏਸ਼ੀਅਨ ਮੂਲ ਦੇ ਅਮਰੀਕਨਾਂ ਵਿਰੁੱਧ ਨਫ਼ਰਤੀ ਹਿੰਸਾ ਨਾਲ ਨਜਿੱਠਣ ਲਈ ਕਾਂਗਰਸ ਵੱਲੋਂ ਪਾਸ ਕੀਤੇ ਕਾਨੂੰਨ ਉੱਪਰ ਦਸਤਖ਼ਤ ਕਰ ਦਿੱਤੇ। ਇਸ ਮੌਕੇ ਰਾਸ਼ਟਰਪਤੀ ਨੇ ਨਫ਼ਰਤੀ ਹਿੰਸਾ ਨੂੰ ਖ਼ਤਰਨਾਕ ਜ਼ਹਿਰ ਕਰਾਰ ਦਿੱਤਾ। ਵਾਈਟ ਹਾਊਸ ਵਿੱਚ ਹੋਏ ਸਮਾਗਮ ਵਿੱਚ ਬਾਇਡਨ ਨੇ ਸੰਘੀ ਨਫ਼ਰਤੀ ਅਰਾਧ ਕਾਨੂੰਨ ਉੱਪਰ ਸਹੀ ਪਾਈ।
ਅਮਰੀਕਾ ਵਿੱਚ ਬਣਾਇਆ ਗਿਆ ਇਹ ਪਹਿਲਾ ਨਫ਼ਰਤੀ ਅਪਰਾਧ ਕਾਨੂੰਨ ਹੈ। ਇਸ ਮੌਕੇ ਉਨ੍ਹਾਂ ਨੇ ਏਸ਼ੀਅਨ ਮੂਲ ਦੇ ਅਮਰੀਕਨਾਂ ਉੱਪਰ ਹਮਲਿਆਂ ਨੂੰ ਅੱਤ ਘਿਣਾਉਣਾ ਜੁਰਮ ਕਰਾਰ ਦਿੱਤਾ ਜੋ ਹਮਲੇ ਪਿਛਲੇ ਸਮੇਂ ਦੌਰਾਨ ਘਟਣ ਦੀ ਬਜਾਏ ਵਧੇ ਹਨ। ਉਨ੍ਹਾਂ ਕਿਹਾ ਕਿ ਮੇਰਾ ਵਿਸ਼ਵਾਸ਼ ਹੈ ਕਿ ਬਹੁਤ ਹੀ ਸਧਾਰਣ ਕਦਰਾਂ ਕੀਮਤਾਂ ਤੇ ਵਿਸ਼ਵਾਸ਼ ਸਾਨੂੰ ਇਕ ਦੂਸਰੇ ਦੇ ਨੇੜੇ ਲਿਆਉਂਦੇ ਹਨ। ਉਨ੍ਹਾਂ ਵਿੱਚੋਂ ਇਕ ਹੈ ਨਫ਼ਰਤ ਵਿਰੁੱਧ ਖੜੇ ਹੋਣਾ। ਨਫ਼ਰਤ ਵਿਰੁੱਧ ਖੜ੍ਹੇ ਹੋ ਕੇ ਅਸੀਂ ਉਹ ਕਦਰਾਂ ਕੀਮਤਾਂ ਸੰਭਾਲ ਸਕਦੇ ਹਾਂ ਜੋ ਮਨੁੱਖੀ ਸਮਾਜ ਦੀ ਹੋਂਦ ਲਈ ਬਹੁਤ ਅਹਿਮ ਹਨ। ਰਾਸ਼ਟਰਪਤੀ ਨੇ ਕਿਹਾ ਕਿ ਅਕਸਰ ਅਸੀਂ ਨਫ਼ਰਤੀ ਘਟਨਾਵਾਂ ਵਿਰੁੱਧ ਮੂਕ ਬਣੇ ਰਹੇ ਹਾਂ। ਅਜਿਹਾ ਕਰਕੇ ਅਸੀਂ ਨਫ਼ਰਤ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਹੈ। ਇਸ ਤੋਂ ਪਹਿਲਾਂ ਇਕ ਟਵੀਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਹਿੰਸਾ ਲਈ ਅਮਰੀਕਾ ਵਿੱਚ ਕੋਈ ਜਗਾ ਨਹੀਂ ਹੈ ਉਹ ਨਫ਼ਰਤੀ ਅਪਰਾਧ ਕਾਨੂੰਨ ਉੱਪਰ ਦਸਤਖ਼ਤ ਕਰਨ ਜਾ ਰਹੇ ਹਨ। ‘ਕੋਵਿਡ -19 ਹੇਟ ਕ੍ਰਾਈਮ ਐਕਟ’ ਕਾਂਗਰਸ ਦੇ ਦੋਨਾਂ ਸਦਨਾਂ ਨੇ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਸੀ। ਰਿਪਬਲੀਕਨ ਮੈਂਬਰਾਂ ਨੇ ਵੀ ਇਸ ਦਾ ਸਮਰਥਨ ਕੀਤਾ ਸੀ। ਪ੍ਰਤੀਨਿੱਧ ਸਦਨ ਵਿੱਚ ਇਸ ਕਾਨੂੰਨ ਦੇ ਹੱਕ ਵਿੱਚ 364 ਤੇ ਵਿਰੋਧ ਵਿੱਚ 62 ਵੋਟਾਂ ਪਈਆਂ। ਜਦ ਕਿ ਸੈਨਟ ਵਿੱਚ ਕੇਵਲ 1 ਵੋਟ ਵਿਰੋਧ ‘ਚ ਪਈ ਸੀ ਤੇ 94 ਵੋਟਾਂ ਕਾਨੂੰਨ ਦੇ ਹੱਕ ਵਿੱਚ ਭੁਗਤੀਆਂ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੋਰੋਨਾ ਫੈਲਣ ਲਈ ਚੀਨ ਨੂੰ ਦੋਸ਼ੀ ਠਹਿਰਾਉਣ ਉਪਰੰਤ ਏਸ਼ੀਅਨਾਂ ਉੱਪਰ ਹਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਪਿਛਲੇ ਇਕ ਸਾਲ ਦੌਰਾਨ ਅਮਰੀਕਾ ਵਿੱਚ ਏਸ਼ੀਅਨਾਂ ਵਿਰੁੱਧ 6600 ਤੋਂ ਵਧ ਨਫ਼ਰਤੀ ਘਟਨਾਵਾਂ ਹੋਈਆਂ ਹਨ।
Home Page ਨਫ਼ਰਤੀ ਹਿੰਸਾ ਖ਼ਤਰਨਾਕ ਜ਼ਹਿਰ – ਜੋਅ ਬਾਇਡਨ