ਕਿਸਾਨ ਆਗੂਆਂ ਨੇ ਦਿੱਲੀ ਦੀਆਂ ਸਰਹੱਦਾਂ ‘ਤੇ ਫਹਿਰਾਏ ਕਾਲੇ ਝੰਡੇ ਤੇ ਮੋਦੀ ਸਰਕਾਰ ਦੇ ਫੂਕੇ ਪੁਤਲੇ

ਨਵੀਂ ਦਿੱਲੀ, 26 ਮਈ – ਭਾਰਤ ਵਿਚਲੀ ਨਰਿੰਦਰ ਮੋਦੀ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 6 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਨੇ ਅੱਜ ਸੋਗ ਦਿਵਸ ਮਨਾਇਆ ਅਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ। ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ‘ਚ ਕਿਸਾਨਾਂ ਨੇ ਸਿੰਘੂ ਤੇ ਟਿਕਰੀ ਬਾਰਡਰਾਂ ‘ਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ ‘ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਾਲਾ ਝੰਡਾ ਲਹਿਰਾਇਆ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਟਿਕੈਤ ਨੇ ਕਿਹਾ ਕਿ ਉਹ ਕੇਂਦਰੀ ਖੇਤੀ ਕਾਨੂੰਨ ਰੱਦ ਹੋਣ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰੱਖਣਗੇ। ਹਰਿਆਣਾ ਵਿੱਚ ਬੀਕੇਯੂ ਹਰਿਆਣਾ ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਆਪਣੇ ਘਰਾਂ ਤੇ ਵਾਹਨਾਂ ‘ਤੇ ਕਾਲੇ ਝੰਡੇ ਲਾ ਕੇ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ। ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਢੰਡੂਰ ਪਿੰਡ ਵਿੱਚ ਕਿਸਾਨਾਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕੀਤੀ ਤੇ ਭਾਜਪਾ ਸਰਕਾਰ ਦੀ ਅਰਥੀ ਫੂਕੀ। ਝੱਜਰ ਵਿੱਚ ਵੀ ਕਿਸਾਨਾਂ ਨੇ ਕਾਲੇ ਝੰਡੇ ਲਹਿਰਾਏ ਤੇ ਟਿਕਰੀ ਬਾਰਡਰ ਤੱਕ ਮੋਟਰਸਾਈਕਲ ਰੈਲੀ ਕੱਢੀ।
ਟਿਕਰੀ ਬਾਰਡਰ ਤੋਂ ਕਿਸਾਨਾਂ ਨੇ ਹਰਿਆਣਾ ਦੇ ਪਿੰਡਾਂ ਵਿੱਚ ਕਾਲੇ ਝੰਡੇ ਮੋਟਰ ਸਾਈਕਲਾਂ ‘ਤੇ ਟੰਗ ਕੇ ਮਾਰਚ ਕੱਢਿਆ ਅਤੇ ਟੈਂਟਾਂ ਉੱਪਰ ਵੀ ਕਾਲੇ ਝੰਡੇ ਲਹਿਰਾਏ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 7 ਸਾਲਾਂ ਤੋਂ ਰਾਜ ਚਲਾ ਰਹੀ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਲਿਆ ਕੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੀ ਝੋਲੀ ‘ਚ ਪਾਉਣ ਦਾ ਮਨਸੂਬਾ ਬਣਾਇਆ ਹੈ ਜਿਸ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਮੋਦੀ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠਿਆਂ ਛੇ ਮਹੀਨੇ ਲੰਘ ਚੁੱਕੇ ਹਨ, ਪਰ ਸਰਕਾਰ ਦੇ ਕੰਨ ‘ਤੇ ਜੂੰ ਨਹੀਂ ਸਰਕਦੀ।
ਉੱਧਰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਦੀ ਪਿੰਡ ਬਾਦਲ ਸਥਿਤ ਰਿਹਾਇਸ਼ ‘ਤੇ ਵੀ ਕਾਲਾ ਝੰਡਾ ਲਹਿਰਾਇਆ ਗਿਆ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਦੀ ਐਨਡੀਏ ਸਰਕਾਰ ਦੇ ਸੱਤਾ ਵਿੱਚ 7 ਸਾਲ ਪੂਰੇ ਹੋਣ ‘ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 26 ਮਈ ਨੂੰ ਕਾਲਾ ਦਿਵਸ ਕੌਮੀ ਪੱਧਰ ‘ਤੇ ਮਨਾਉਣ ਦਾ ਸੱਦਾ ਦਿੱਤਾ ਸੀ ਜਿਸ ਨੂੰ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਪੱਛਮੀ ਬੰਗਾਲ, ਮਹਾਰਾਸ਼ਟਰ, ਤਾਮਿਲ ਨਾਡੂ ਅਤੇ ਹੋਰ ਸੂਬਿਆਂ ਵਿੱਚ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਨਾਰਾਜ਼ਗੀ ਜ਼ਾਹਿਰ ਕਰਨ ਲਈ ਆਪਣੇ ਘਰਾਂ ‘ਤੇ ਕਾਲੇ ਝੰਡੇ ਲਾਏ। ਕਈ ਥਾਵਾਂ ‘ਤੇ ਮੋਦੀ ਸਰਕਾਰ ਦੀਆਂ ਅਰਥੀਆਂ ਅਤੇ ਪੁਤਲੇ ਫ਼ੂਕ ਕੇ ਮੁਜ਼ਾਹਰੇ ਵੀ ਕੀਤੇ ਗਏ। ਮੋਰਚਿਆਂ ‘ਤੇ ਕਿਸਾਨਾਂ ਨੇ ਮਹਾਤਮਾ ਬੁੱਧ ਦੀਆਂ ਤਸਵੀਰਾਂ ‘ਤੇ ਫੁੱਲ ਭੇਟ ਕਰਕੇ ਬੁੱਧ ਪੂਰਨਿਮਾ ਮਨਾਈ ਅਤੇ ਸ਼ਾਂਤੀ ਨੂੰ ਇਸ ਅੰਦੋਲਨ ਦਾ ਸਭ ਤੋਂ ਅਹਿਮ ਪੱਖ ਕਰਾਰ ਦਿੱਤਾ। ਦਿੱਲੀ ਚੱਲੋ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ‘ਤੇ ਕਾਲਾ ਦਿਵਸ ਮਨਾਉਣ ਲਈ ਵੱਖ-ਵੱਖ ਕੇਂਦਰੀ ਟਰੇਡ ਯੂਨੀਅਨਾਂ, ਮਜ਼ਦੂਰ ਜਥੇਬੰਦੀਆਂ, ਵਿਦਿਆਰਥੀ ਵਰਗ, ਮਹਿਲਾ ਜਥੇਬੰਦੀਆਂ ਅਤੇ ਕਰਮਚਾਰੀ ਯੂਨੀਅਨਾਂ ਨੇ ਹਮਾਇਤ ਦਿੱਤੀ ਸੀ।