ਵੈਲਿੰਗਟਨ ‘ਚ ਹੋਏ “ਮੇਲਾ ਮੇਲਣਾ ਦੇ ਸ਼ੋਅ” ਨੂੰ ਮਿਲਿਆ ਭਰਪੂਰ ਹੁੰਗਾਰਾ

ਵੈਲਿੰਗਟਨ, 1 ਜੂਨ – 29 ਮਈ ਦਿਨ ਨੂੰ ਸ਼ਨੀਵਾਰ ਨਿਊਜ਼ੀਲੈਂਡ ਰਾਜਧਾਨੀ ਦੀ ਸਿਰਮੌਰ ਪੰਜਾਬੀ ਸੰਸਥਾ “ਵੈਲਿੰਗਟਨ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ” ਵੱਲੋਂ ਪਹਿਲੀ ਵਾਰ ਆਯੋਜਿਤ ਕੀਤੇ “ਮੇਲਾ ਮੇਲਣਾ ਦੇ ਸ਼ੋਅ” ਵਿੱਚ ਰਿਕਾਰਡ ਤੋੜ ਇਕੱਠ ਹੋਇਆ। ਮੇਲੇ ਦੀ ਸ਼ੁਰੂਆਤ ਪੰਜਾਬ ਦੀ ਮਸ਼ਹੂਰ ਰਵਾਇਤ “ਜਾਗੋ” ਤੋਂ ਕੀਤੀ ਗਈ, ਉਪਰੰਤ ਗਿੱਧਾ, ਭੰਗੜਾ, ਡਾਂਸ, ਮਮਿਕਰੀ ਆਦਿ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਬੰਨ੍ਹੀ ਰੱਖਿਆ। ਵਿੱਕ ਸਿੰਘ ਦੇ ਲਾਈਵ ਡੀ.ਜੇ. ਅਤੇ ਰੇਡੀਓ ਆਕਲੈਂਡ ਤੋਂ ਪੁੱਜੀਆਂ ਹੁਨਰਮੰਦ ਸਟੇਜ ਸੰਚਾਲਕ ਲਵਲੀਨ ਤੇ ਜੱਸੀ ਨੇ ਖ਼ੂਬ ਰੰਗ ਬੰਨ੍ਹੇ। ਇਸ ਮੌਕੇ ਕਿਸਾਨੀ ਸੰਘਰਸ਼ ਅਤੇ ਕੋਰੋਨਾ ਪੀੜਤਾਂ ਨੂੰ ਵਿਸ਼ੇਸ਼ ਤੌਰ ‘ਤੇ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੇਲੇ ਦੌਰਾਨ ਖਾਣ ਪੀਣ ਅਤੇ ਹਾਰ ਸ਼ਿੰਗਾਰ ਦਾ ਸਮਾਨ ਖ਼ਰੀਦਣ ਲਈ ਲੱਗੀਆਂ ਸਟਾਲਾਂ ਦੀ ਵੀ ਚੋਖੀ ਵਿੱਕਰੀ ਹੋਈ। ਮੇਲੇ ‘ਚ ਪੁੱਜੀਆਂ ਮੇਲਣਾ ਵੱਲੋਂ ਦੇਰ ਰਾਤ ਤੱਕ ਨੱਚਣ-ਗਾਉਣ ਦਾ ਸਿਲਸਿਲਾ ਜਾਰੀ ਰਿਹਾ। ਅਖੀਰ ‘ਚ ਕਲੱਬ ਪ੍ਰਬੰਧਕਾਂ ਵੱਲੋਂ ਸਮੂਹ ਪੇਸ਼ਕਾਰਾਂ ਦੀ ਹੌਸਲਾ-ਅਫਜ਼ਾਈ ਲਈ ਸਨਮਾਨ ਚਿੰਨ੍ਹ ਅਤੇ ਦਰਸ਼ਕਾਂ ਵੱਲੋਂ ਮਿਲੇ ਭਰਪੂਰ ਹੁੰਗਾਰੇ ਲਈ ਧੰਨਵਾਦ ਕੀਤਾ ਗਿਆ।