ਬੁੱਧੀਜੀਵੀਆਂ ਦੀ ਰਿਹਾਈ ਲਈ ਵਿਚਾਰ-ਚਰਚਾ ਅਤੇ ਵਿਖਾਵਾ

ਜਮਹੂਰੀ ਅਤੇ ਲੋਕ ਲਹਿਰ, ਜ਼ਬਰ ਦਾ ਟਾਕਰਾ ਕਰੇਗੀ: ਪ੍ਰੋ. ਜਗਮੋਹਣ ਸਿੰਘ
ਜਲੰਧਰ 15 ਜੂਨ –
ਮੁਲਕ ਦੇ ਨਾਮਵਰ ਬੁੱਧੀਜੀਵੀਆਂ, ਲੇਖਕਾਂ, ਸਾਹਿਤਕਾਰਾਂ, ਕਵੀਆਂ, ਰੰਗ ਕਰਮੀਆਂ, ਸਮਾਜਕ ਅਤੇ ਜਮਹੂਰੀ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਦੀ ਜ਼ੋਰਦਾਰ ਆਵਾਜ਼ ਉਠਾਉਂਦੇ ਹੋਏ ਜਮਹੂਰੀ ਅਧਿਕਾਰ ਸਭਾ, ਜਲੰਧਰ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪ੍ਰਭਾਵਸ਼ਾਲੀ ਵਿਚਾਰ-ਚਰਚਾ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਤੱਕ ਰੋਹਲਾ ਮਾਰਚ ਕਰਕੇ ਰਾਸ਼ਟਰਪਤੀ ਦੇ ਨਾਂਅ ਐਸ.ਡੀ.ਐਮ. ਡਾ. ਜੈ ਇੰਦਰ ਸਿੰਘ ਨੂੰ ਮੰਗ ਪੱਤਰ ਸੌਂਪਿਆ ਗਿਆ।
ਜਮਹੂਰੀ ਅਧਿਕਾਰ ਸਭਾ ਜਲੰਧਰ ਦੇ ਪ੍ਰਧਾਨ ਜਸਵਿੰਦਰ ਭੋਗਲ ਨੇ ਜੀ ਆਇਆਂ ਨੂੰ ਕਹਿੰਦਿਆਂ ਕਿਹਾ ਕਿ ਬੁੱਧੀਜੀਵੀਆਂ ਨੂੰ ਜੇਲ੍ਹੀਂ ਡੱਕਣਾ ਅਸਲ ‘ਚ ਸਮੁੱਚੀ ਜਮਹੂਰੀ ਲਹਿਰ ਦੀ ਸੰਘੀ ਨੱਪਣ ਦੇ ਮਨਸੂਬੇ ਪਾਲਣਾ ਹੈ ਜੋ ਕਦੇ ਵੀ ਪੂਰੇ ਨਹੀਂ ਹੋਣਗੇ।
ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿੱਚ ਹੋਏ ਇਸ ਸਮਾਗਮ ‘ਚ ਜਮਹੂਰੀ ਅਧਿਕਾਰ ਸਭਾ ਦੇ ਸਾਬਕਾ ਪ੍ਰਧਾਨ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਨਾਮਵਰ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਉਨ੍ਹਾਂ ਦੀ ਬਰਸੀ ‘ਤੇ ਅਤੇ ਉੱਘੇ ਕਵੀ ਮਹਿੰਦਰ ਸਾਥੀ ਨੂੰ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕਰਦਿਆਂ ਉਨ੍ਹਾਂ ਦੇ ਕਾਜ਼ ਨੂੰ ਨੇਪਰੇ ਚਾੜ੍ਹਨ ਲਈ ਅਹਿਦ ਕੀਤਾ ਗਿਆ।
ਸਰਗਮ, ਮਾਨਵਤਾ ਕਲਾ ਮੰਚ ਨਗਰ (ਪਲਸ ਮੰਚ) ਦੀ ਕਲਾਕਾਰ ਨਰਗਿਸ ਅਤੇ ਜਾਣੇ ਪਹਿਚਾਣੇ ਕਵੀ ਸੁਰਜੀਤ ਜੱਜ ਨੇ ਬੁੱਧੀਜੀਵੀਆਂ ਦੀ ਸਮਾਜ ਨੂੰ ਅਮਿੱਟ ਦੇਣ, ਕਿਸਾਨ-ਮਜ਼ਦੂਰ ਅੰਦੋਲਨ ਅਤੇ ਖ਼ੂਬਸੂਰਤ ਸਮਾਜ ਦੀ ਸਿਰਜਣਾ ਲਈ ਸੰਗਰਾਮ ਜਾਰੀ ਰੱਖਣ ਦਾ ਪੈਗ਼ਾਮ ਦਿੰਦੇ ਗੀਤ, ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕੀਤੀਆਂ।
ਸਮਾਗਮ ਦੇ ਮੁੱਖ ਵਕਤਾ, ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਜਨਰਲ ਸਕੱਤਰ, ਸ਼ਹੀਦ ਭਗਤ ਸਿੰਘ ਦੇ ਭਾਣਜੇ ਪ੍ਰੋ. ਜਗਮੋਹਣ ਸਿੰਘ ਨੇ ਗ੍ਰਿਫ਼ਤਾਰ ਬੁੱਧੀਜੀਵੀਆਂ ਦੀ ਸਾਹਿਤ, ਸਮਾਜ, ਜਮਹੂਰੀ ਹੱਕਾਂ, ਲੋਕ ਮੁਕਤੀ ਸੰਗਰਾਮ ਨੂੰ ਮਿਸ਼ਾਲੀ ਦੇਣ ਉੱਪਰ ਰੌਸ਼ਨੀ ਪਾਈ।
ਪ੍ਰੋ. ਜਗਮੋਹਣ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਬਰਤਾਨਵੀ ਹਕੂਮਤ ਜਿਵੇਂ ਗ਼ਦਰੀ ਦੇਸ਼ ਭਗਤਾਂ, ਬੱਬਰ ਅਕਾਲੀਆਂ, ਕਿਰਤੀ ਲਹਿਰ ਦੇ ਸੰਗਰਾਮੀਆਂ ਅਤੇ ਸ਼ਹੀਦ ਭਗਤ ਸਿੰਘ ਦੇ ਸਮਕਾਲੀਆਂ ਨੂੰ ਜੇਲ੍ਹੀਂ ਡੱਕ ਕੇ ਅਤੇ ਕਾਲੇ ਕਾਨੂੰਨ ਮੜ੍ਹ ਕੇ ਜ਼ੁਬਾਨਬੰਦੀ ਕਰਨ ਦੇ ਜ਼ਾਬਰਾਨਾ ਹੱਥ ਕੰਡੇ ਅਪਣਾਏ ਉਸ ਤੋਂ ਵੀ ਕਿਤੇ ਘਿਨੌਣੇ ਅਤੇ ਫਾਸ਼ੀ ਹੱਲੇ ਮੋਦੀ ਹਕੂਮਤ ਵੱਲੋਂ ਬੁੱਧੀਜੀਵੀਆਂ ਉੱਪਰ ਬੋਲੇ ਜਾ ਰਹੇ ਹਨ।
ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਹਕੂਮਤ ਨੇ ਚੁੱਪ ਕਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਕਿ ਤੁਸੀਂ ਬੁੱਧੀਜੀਵੀਆਂ ਦੀ ਗ੍ਰਿਫ਼ਤਾਰੀ ਦੇ ਮੁੱਦੇ ਤੋਂ ਕੀ ਲੈਣਾ ਹੈ। ਪਰ ਅੱਜ ਦੇਸ਼ ਦੁਨੀਆ ‘ਚ ਵੱਸਦੇ ਲੋਕਾਂ ਦੀ ਉੱਠੀ ਸਾਂਝੀ ਜਮਹੂਰੀ ਆਵਾਜ਼ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਮਿਹਨਤਕਸ਼ ਲੋਕਾਂ ਦੀ ਸਾਂਝੀ ਲੜਾਈ ਦੁਨੀਆ ਭਰ ਦੇ ਕਾਰਪੋਰੇਟ ਘਰਾਣਿਆਂ ਅਤੇ ਉਨ੍ਹਾਂ ਦੇ ਭਾਰਤੀ ਸੇਵਾਦਾਰਾਂ ਖ਼ਿਲਾਫ਼ ਹੈ।
ਹਾਲ ‘ਚੋਂ ਆਏ ਸੁਆਲ ਦਾ ਜੁਆਬ ਦਿੰਦਿਆਂ ਪ੍ਰੋ. ਜਗਮੋਹਣ ਸਿੰਘ ਨੇ ਕਿਹਾ ਕਿ ਬੁੱਧ ਮੱਤ, ਇਨਸਾਨ ਨੂੰ ਕੇਂਦਰ ‘ਚ ਰੱਖ ਕੇ ਗੱਲ ਕਰਨ ‘ਤੇ ਜ਼ੋਰ ਦਿੰਦਾ ਹੈ ਇਸ ਲਈ ਜਮਹੂਰੀ ਹੱਕਾਂ ਦੀ ਜੱਦੋ ਜਹਿਦ ਵਿੱਚ ਸਭ ਨੂੰ ਜੋਟੀ ਪਾ ਕੇ ਕੁੱਦਣਾ ਚਾਹੀਦਾ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਨੇ ਕਿਹਾ ਕਿ ਜਮਹੂਰੀ ਹੱਕਾਂ ਦੀ ਜੱਦੋ ਜਹਿਦ ਵਿੱਚ ਯੋਗਦਾਨ ਪਾਉਣ ਵਾਲੀ ਸੁਧਾ ਭਾਰਦਵਾਜ, ਸ਼ੋਮਾ ਸੈਨ ਅਤੇ ਨਤਾਸ਼ਾ ਨਰਵਾਲ ਵਰਗੀਆਂ ਔਰਤ ਕਾਰਕੁਨਾਂ ‘ਤੇ ਜ਼ਬਰ ਢਾਹੁਣ ਵਾਲੀ ਮੋਦੀ ਹਕੂਮਤ ਆਪਣੀ ਕਬਰ ਖ਼ੋਦ ਰਹੀ ਹੈ।
ਪ੍ਰਧਾਨਗੀ ਮੰਡਲ ਦੀ ਤਰਫ਼ੋਂ ਬੋਲਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਜਮਹੂਰੀਅਤ ਅਤੇ ਆਜ਼ਾਦੀ ਇਕੱਠਿਆਂ ਤੁਰਦੇ ਹਨ, ਜੇ ਸਾਡੇ ਮੁਲਕ ‘ਚ ਹੱਕ, ਸੱਚ, ਇਨਸਾਫ਼ ਦੀ ਗੱਲ ਕਰਨਾ ਹੀ ਹਕੂਮਤ ਦੀ ਨਜ਼ਰ ‘ਚ ਦੇਸ਼-ਧ੍ਰੋਹ ਹੈ ਤਾਂ ਫਿਰ ਭਲਾ ਇਸ ਮੁਲਕ ਦੇ ਰਾਜ ਭਾਗ ਨੂੰ ਜਮਹੂਰੀ ਕਦਰਾਂ ਕੀਮਤਾਂ ਵਾਲਾ ਆਖੀਏ ਕਿ ਫਾਸ਼ੀ ਹੱਲੇ ਦੇ ਝੱਖੜ ਝੁਲਾਉਣ ਵਾਲਾ।
ਇਸ ਸਮਾਗਮ ‘ਚ ਪੇਂਡੂ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਕਿਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ, ਤਰਕਸ਼ੀਲ ਸੁਸਾਇਟੀ ਜਲੰਧਰ, ਟੀ.ਐੱਸ.ਯੂ., ਇਸਤਰੀ ਜਾਗਰਤੀ ਮੰਚ, ਪਲਸ ਮੰਚ, ਪੀਪਲਜ਼ ਵਾਇਸ, ਮਜ਼ਦੂਰ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਮੁਠਡਾ ਕਲਾਂ, ਡੀ.ਟੀ.ਐਫ. ਤੇ ਆਸ਼ਾ ਵਰਕਰਜ਼ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਦੋਵੇਂ ਜਥੇਬੰਦੀਆਂ ਦੇ ਪ੍ਰਮੁੱਖ ਆਗੂ ਮੌਜੂਦ ਸਨ।
ਦੋਵੇਂ ਜਥੇਬੰਦੀਆਂ ਵੱਲੋਂ ਪੁਸਤਕਾਂ ਦੇ ਸੈੱਟ ਨਾਲ ਪ੍ਰੋ. ਜਗਮੋਹਨ ਸਿੰਘ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਕ ਦੀ ਭੂਮਿਕਾ ਜਮਹੂਰੀ ਅਧਿਕਾਰ ਸਭਾ ਜਲੰਧਰ ਦੇ ਸਕੱਤਰ ਡਾ. ਮੰਗਤ ਰਾਏ ਨੇ ਨਿਭਾਈ।
ਜਾਰੀ ਕਰਤਾ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
ਮੋਬਾਈਲ – +91 98778-68710