ਨਿਊਜ਼ੀਲੈਂਡ ਦਾ ਪਹਿਲੀ ‘ਵਰਲਡ ਟੈੱਸਟ ਚੈਂਪੀਅਨਸ਼ਿਪ’ ਕਬਜ਼ਾ

SOUTHAMPTON, ENGLAND - JUNE 23: New Zealand celebrate winning the ICC World Test Championship Final between India and New Zealand at The Ageas Bowl on June 23, 2021 in Southampton, England. (Photo by Gareth Copley-ICC/ICC via Getty Images)

ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
ਸਾਊਥੈਂਪਟਨ, 23 ਜੂਨ
– ਇੱਥੇ ਮੀਂਹ ਤੋਂ ਪ੍ਰਭਾਵਿਤ ਆਈਸੀਸੀ ਦੇ ਪਹਿਲੇ ‘ਵਰਲਡ ਟੈੱਸਟ ਚੈਂਪੀਅਨਸ਼ਿਪ’ (WTC) ਦੇ ਫਾਈਨਲ ਮੁਕਾਬਲੇ ਵਿੱਚ ਨਿਊਜ਼ੀਲੈਂਡ ਦੀ ਬਲੈਕ ਕੈਪ ਕ੍ਰਿਕਟ ਟੀਮ ਨੇ ਇੱਕ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਕੇ ਪਲੇਠਾ ‘ਵਰਲਡ ਟੈੱਸਟ ਚੈਂਪੀਅਨਸ਼ਿਪ’ ਦਾ ਖ਼ਿਤਾਬ ਆਪਣੇ ਨਾਂ ਕਰ ਲਿਆ। ਨਿਊਜ਼ੀਲੈਂਡ ਨੂੰ ਕਪਤਾਨ ਕੇਨ ਵਿਲੀਅਮਸਨ ਤੇ ਤਜਰਬੇਕਾਰ ਰੌਸ ਟੇਲਰ ਨੇ 23 ਜੂਨ ਦਿਨ ਬੁੱਧਵਾਰ ਨੂੰ ਮੈਚ ਦੇ ਆਖ਼ਰੀ ਅਤੇ 6ਵੇਂ ਰਿਜ਼ਰਵ ਡੇਅ ‘ਤੇ ਆਪਣੀ ਟੀਮ ਨੂੰ ਆਰਾਮ ਨਾਲ ਜਿੱਤ ਦੁਆਈ ਅਤੇ ਜਿੱਤਣ ਵਾਲੀ ਪਹਿਲੀ ਟੀਮ ਹੋਣ ਦਾ ਮਾਣ ਹਾਸਲ ਕੀਤਾ।
ਭਾਰਤ ਵੱਲੋਂ ਨਿਊਜ਼ੀਲੈਂਡ ਨੂੰ ਜਿੱਤ ਲਈ 139 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ਨੂੰ ਕੀਵੀ ਟੀਮ ਨੇ 45.5 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਨਾਲ 140 ਦੌੜਾਂ ਬਣਾ ਕੇ ਅਰਾਮ ਨਾਲ ਪੂਰਾ ਕਰ ਲਿਆ। ਨਿਊਜ਼ੀਲੈਂਡ ਦੀ ਜਿੱਤ ਵਿੱਚ ਕਪਤਾਨ ਕੇਨ ਵਿਲੀਅਮਸਨ ਨੇ 52 ਅਤੇ ਰੌਸ ਟੇਲਰ ਨੇ 47 ਦੌੜਾਂ ਦਾ ਅਹਿਮ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਮੈਚ ਦੇ ਆਖ਼ਰੀ ਦਿਨ ਭਾਰਤੀ ਟੀਮ ਦੀ ਦੂਜੀ ਪਾਰੀ 170 ਦੌੜਾਂ ਉੱਤੇ ਸਿਮਟ ਗਈ ਸੀ। ਭਾਰਤੀ ਟੀਮ ਨੂੰ ਮੁਕਾਬਲਾ ਜਿੱਤਣ ਲਈ ਦੂਜੀ ਪਾਰੀ ਵਿੱਚ ਵੱਡਾ ਸਕੋਰ ਖੜ੍ਹਾ ਕਰਨਾ ਚਾਹੁੰਦੀ ਸੀ ਪਰ ਕੀਵੀ ਗੇਂਦਬਾਜ਼ਾਂ ਨੇ ਭਾਰਤੀ ਖਿਡਾਰੀਆਂ ਦੇ ਪੈਰ ਕ੍ਰੀਜ਼ ‘ਤੇ ਨਾ ਟਿਕਣ ਦਿੱਤੇ, ਕੀਵੀ ਗੇਂਦਬਾਜ਼ ਟਿੰਮ ਸਾਊਦੀ ਨੇ 4, ਟ੍ਰੈਂਟ ਬੋਲਟ ਨੇ 3, ਕਾਇਲੀ ਜੈਮੀਸਨ ਨੇ 2 ਅਤੇ ਨੀਲ ਵੈਗਨਰ ਨੇ 1 ਵਿਕਟ ਲਈਆਂ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ ਵਿੱਚ 217 ਦੌੜਾਂ ਬਣਾਈਆਂ ਸਨ, ਜਦੋਂ ਕਿ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ ਵਿੱਚ ਬਣਾਈਆਂ 249 ਦੌੜਾਂ ਦੇ ਆਧਾਰ ‘ਤੇ 32 ਦੌੜਾਂ ਦੀ ਲੀਡ ਮਿਲੀ ਸੀ, ਜੋ ਅੱਜ ਮੈਚ ਦੇ ਆਖ਼ਰੀ ਅਤੇ 6ਵੇਂ ਰਿਜ਼ਰਵ ਦਿਨ ‘ਚ ਫ਼ੈਸਲਾਕੁਨ ਸਾਬਤ ਹੋਈ।
ਨਿਊਜ਼ੀਲੈਂਡ ਨੂੰ ਪਹਿਲੇ ‘ਵਰਲਡ ਟੈੱਸਟ ਚੈਂਪੀਅਨਸ਼ਿਪ’ (WTC) ਦੇ ਫਾਈਨਲ ਵਿੱਚ ਜਿੱਤ ਦੇ ਨਾਲ ਆਈਸੀਸੀ ਟੈੱਸਟ ਚੈਂਪੀਅਨਸ਼ਿਪ ਦਾ ਮੋਹਲਾ (ਗਦਾ) ਮਿਲਿਆ ਹੈ। ਉਸ ਦੇ ਨਾਲ 16 ਲੱਖ ਅਮਰੀਕੀ ਡਾਲਰ ਯਾਨੀ 12 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਮਿਲੀ ਹੈ। ਜਦੋਂ ਕਿ ਭਾਰਤ ਦੇ ਉਪ-ਜੇਤੂ ਰਹਿਣ ਉੱਤੇ 8 ਲੱਖ ਅਮਰੀਕੀ ਡਾਲਰ ਯਾਨੀ ੬ ਕਰੋੜ ਰੁਪਏ ਮਿਲੇ ਹਨ।