ਹਰਿਆਣਾ ਫੈਡਰੇਸ਼ਨ ਐਨਜ਼ੈੱਡ, ਟੌਰੰਗਾ ਵੱਲੋਂ ਪਰਵਾਸੀਆਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’

ਟੌਰੰਗਾ, 19 ਜੁਲਾਈ – ਅੱਜ ਦੁਪਹਿਰ ਹਰਿਆਣਾ ਫੈਡਰੇਸ਼ਨ ਐਨਜ਼ੈੱਡ ਤੋਂ ਟੌਰੰਗਾ ਦੀ ਪੰਜ ਮੈਂਬਰੀ ਕਮੇਟੀ ਨੇ ਰਮਨਦੀਪ ਸਿੰਘ ਵਿਰਕ ਦੀ ਅਗਵਾਈ ਵਿੱਚ ਸਥਾਨਕ ਸਾਂਸਦ ਅਤੇ ਨੈਸ਼ਨਲ ਪਾਰਟੀ ਦੇ ਧੜੱਲੇਦਾਰ ਲੀਡਰ ਸਾਈਮਨ ਬ੍ਰਿਜਸ ਨਾਲ ਪਰਵਾਸੀਆਂ ਦੇ ਮਸਲਿਆਂ ਬਾਬਤ ਵਿਸ਼ੇਸ਼ ਮੀਟਿੰਗ ਕੀਤੀ ਅਤੇ ਪਰਵਾਸੀਆਂ ਦੇ ਹੱਕ ਵਿੱਚ ਮੰਗ ਪੱਤਰ ਦਿੱਤਾ। ਮੰਗ ਪੱਤਰ ਲੈਣ ਮੌਕੇ ਸਾਂਸਦ ਸਾਇਮਨ ਬ੍ਰਿਜਸ ਨੇ ਪ੍ਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਧਿਆਨ ਨਾਲ ਸੁਣਿਆ ਅਤੇ ਹਮਦਰਦੀ ਜ਼ਾਹਿਰ ਕਰਦਿਆਂ ਅਗਲੇ ਪਾਰਲੀਮੈਂਟ ਸੈਸ਼ਨ ਵਿੱਚ ਇਨ੍ਹਾਂ ਮੁੱਦਿਆਂ ਨੂੰ ਚੁੱਕਣ ਦਾ ਭਰੋਸਾ ਦਿੱਤਾ। ਇਸ ਮੌਕੇ ਮਨਦੀਪ ਸਿੰਘ ਸੱਗੂ, ਦਿਲਪ੍ਰੀਤ ਸਿੰਘ ਪਾਪਾਮੋਆ, ਗੁਰਵੰਤ ਸਿੰਘ ਢੌਟ ਅਤੇ ਸੰਗੀਤਾ ਢੌਟ ਵੀ ਮੌਜੂਦ ਸਨ।
ਮੰਗ ਪੱਤਰ ਦਾ ਵੇਰਵਾ :

  1. ਇਮੀਜਇਏਟ ਪਰਿਵਾਰਕ ਮੈਂਬਰਾਂ ਦੀ ਵੀਜ਼ਾ ਪ੍ਰਣਾਲੀ ਨੂੰ ਤੇਜ਼ ਕੀਤਾ ਜਾਵੇ
  2. ਕੋਰੋਨਾ ਕਾਲ ਵਿੱਚ ਮੁਲਕ ਤੋਂ ਬਾਹਰ ਫਸੇ ਵਰਕ ਵੀਜ਼ਾ ਧਾਰਕਾਂ ਦੀ ਵਾਪਸੀ ਨੂੰ ਯਕੀਨੀ ਬਣਾਇਆ ਜਾਵੇ
  3. ਕੋਰੋਨਾ ਕਾਲ ਦੌਰਾਨ ਮੁਲਕ ਤੋਂ ਬਾਹਰ ਫਸੇ ਹੋਣ ਕਾਰਨ ਜਿਨ੍ਹਾਂ ਦੇ ਵੀਜ਼ਿਆਂ ਦੀ ਮਿਆਦ ਮੁੱਕ ਚੁੱਕੀ ਹੈ, ਉਨ੍ਹਾਂ ਦੇ ਵੀਜ਼ੇ ਵਧਾਏ ਜਾਣ
  4. ਨਿਊਜ਼ੀਲੈਂਡ ਦੇ ਪੱਕੇ ਵਸਨੀਕਾਂ ਦੇ ਮਾਤਾ-ਪਿਤਾ ਨੂੰ 10 ਸਾਲ ਦਾ ਵੀਜ਼ਾ ਅਤੇ 1 ਸਾਲ ਦੀ ਐਂਟਰੀ ਦਿੱਤੀ ਜਾਵੇ
  5. ਕਿਸੇ ਵੀ ਕਾਰਨ ਓਵਰਸਟੇਅ ਹੋ ਚੁੱਕੇ ਪਰਵਾਸੀਆਂ ਅਤੇ ਆਰਜ਼ੀ ਵੀਜ਼ਾ ਧਾਰਕਾਂ ਲਈ ਪੀ. ਆਰ ਪ੍ਰਣਾਲੀ ਸਰਲ ਕੀਤੀ ਜਾਵੇ
  6. ਇਕਾਂਤਵਾਸ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਅਤੇ ਪਰਿਵਾਰਕ ਔਕੜਾਂ ਦੌਰਾਨ ਇਕਾਂਤਵਾਸ ਸੇਵਾਵਾਂ ਲਈ ਤੁਰੰਤ ਵਾਊਚਰ ਮੁਹੱਈਆ ਕਰਵਾਏ ਜਾਣ