ਨਵੀਂ ਦਿੱਲੀ, 24 ਜੁਲਾਈ – ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ 23 ਜੁਲਾਈ ਦਿਨ ਸ਼ੁੱਕਰਵਾਰ ਨੂੰ 1991 ਦੇ ਇਤਿਹਾਸਕ ਬਜਟ ਦੇ 30 ਸਾਲ ਪੂਰੇ ਹੋਣ ਮੌਕੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਅੱਗੇ ਦਾ ਰਾਹ ਪਹਿਲਾਂ ਨਾਲੋਂ ਵਧੇਰੇ ਚੁਣੌਤੀਆਂ ਨਾਲ ਭਰਿਆ ਹੈ। ਅਜਿਹੀ ਸਥਿਤੀ ਵਿੱਚ ਇੱਕ ਰਾਸ਼ਟਰ ਦੇ ਰੂਪ ਵਿੱਚ ਭਾਰਤ ਨੂੰ ਆਪਣੀਆਂ ਤਰਜੀਹਾਂ ਨੂੰ ਦੁਬਾਰਾ ਨਿਰਧਾਰਿਤ ਕਰਨਾ ਪਵੇਗਾ।
ਮਨਮੋਹਨ ਸਿੰਘ 1991 ਵਿੱਚ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਦੀ ਅਗਵਾਈ ਵਾਲੀ ਸਰਕਾਰ ਵਿੱਚ ਵਿੱਤ ਮੰਤਰੀ ਸਨ ਅਤੇ ਉਨ੍ਹਾਂ ਨੇ 24 ਜੁਲਾਈ 1991 ਨੂੰ ਆਪਣਾ ਪਹਿਲਾ ਬਜਟ ਪੇਸ਼ ਕੀਤਾ ਸੀ। ਇਹ ਬਜਟ ਦੇਸ਼ ਵਿੱਚ ਆਰਥਿਕ ਉਦਾਰੀਕਰਨ ਦੀ ਬੁਨਿਆਦ ਮੰਨਿਆ ਜਾਂਦਾ ਹੈ। ਉਸ ਬਜਟ ਨੂੰ ਪੇਸ਼ ਕਰਨ ਦੇ 30 ਸਾਲਾਂ ਦੇ ਅਵਸਰ ‘ਤੇ ਮਨਮੋਹਨ ਸਿੰਘ ਨੇ ਕਿਹਾ, “30 ਸਾਲ ਪਹਿਲਾਂ 1991 ਵਿੱਚ, ਕਾਂਗਰਸ ਪਾਰਟੀ ਨੇ ਭਾਰਤ ਦੀ ਆਰਥਿਕਤਾ ਵਿੱਚ ਮਹੱਤਵਪੂਰਨ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ ਅਤੇ ਦੇਸ਼ ਦੀ ਆਰਥਿਕ ਨੀਤੀ ਲਈ ਨਵਾਂ ਰਾਹ ਪੱਧਰਾ ਕੀਤਾ ਸੀ। ਪਿਛਲੇ ਤਿੰਨ ਦਹਾਕਿਆਂ ਦੌਰਾਨ ਵੱਖ-ਵੱਖ ਸਰਕਾਰਾਂ ਇਸ ਮਾਰਗ ‘ਤੇ ਚੱਲੀਆਂ ਹਨ ਅਤੇ ਦੇਸ਼ ਦੀ ਆਰਥਿਕਤਾ ਤਿੰਨ ਹਜ਼ਾਰ ਅਰਬ ਡਾਲਰ ਹੋ ਗਈ ਹੈ ਅਤੇ ਇਹ ਵਿਸ਼ਵ ਦੀ ਸਭ ਤੋਂ ਵੱਡੀ ਅਰਥਵਿਵਸਥਾਵਾਂ ਵਿਚੋਂ ਇੱਕ ਹੈ”।
ਮਨਮੋਹਨ ਸਿੰਘ ਨੇ ਇੱਕ ਬਿਆਨ ਵਿਚ ਕਿਹਾ, “ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਤਕਰੀਬਨ 30 ਕਰੋੜ ਭਾਰਤੀ ਨਾਗਰਿਕ ਗ਼ਰੀਬੀ ਤੋਂ ਬਾਹਰ ਆਏ ਅਤੇ ਕਰੋੜਾਂ ਨਵੀਆਂ ਨੌਕਰੀਆਂ ਪੈਦਾ ਹੋਈਆਂ। ਜਿਵੇਂ ਹੀ ਸੁਧਾਰਾਂ ਦੀ ਪ੍ਰਕਿਰਿਆ ਅੱਗੇ ਵਧਦੀ ਗਈ, ਸੁਤੰਤਰ ਉੱਦਮ ਦੀ ਭਾਵਨਾ ਸ਼ੁਰੂ ਹੋਈ। ਇਸ ਦੇ ਨਤੀਜੇ ਵਜੋਂ ਬਹੁਤ ਸਾਰੀਆਂ ਵਿਸ਼ਵ ਪੱਧਰੀ ਕੰਪਨੀਆਂ ਹੋਂਦ ਵਿੱਚ ਆਈਆਂ ਅਤੇ ਭਾਰਤ ਬਹੁਤ ਸਾਰੇ ਖੇਤਰਾਂ ਵਿੱਚ ਇੱਕ ਵਿਸ਼ਵ-ਵਿਆਪੀ ਸ਼ਕਤੀ ਵਜੋਂ ਉੱਭਰਿਆ।
ਉਨ੍ਹਾਂ ਦੇ ਅਨੁਸਾਰ, “1991 ਵਿੱਚ ਆਰਥਿਕ ਉਦਾਰੀਕਰਨ ਸਾਡੇ ਦੇਸ਼ ਵਿੱਚ ਆਰਥਿਕ ਸੰਕਟ ਕਾਰਨ ਸ਼ੁਰੂ ਹੋਇਆ ਸੀ, ਪਰ ਇਹ ਸਿਰਫ਼ ਸੰਕਟ ਪ੍ਰਬੰਧਨ ਤੱਕ ਸੀਮਿਤ ਨਹੀਂ ਸੀ। ਖ਼ੁਸ਼ਹਾਲੀ ਦੀ ਇੱਛਾ, ਆਪਣੀ ਸਮਰੱਥਾ ਵਿੱਚ ਵਿਸ਼ਵਾਸ ਅਤੇ ਅਰਥ ਵਿਵਸਥਾ ਉੱਤੇ ਸਰਕਾਰੀ ਨਿਯੰਤਰਣ ਛੱਡਣ ਦੇ ਵਿਸ਼ਵਾਸ ‘ਤੇ ਹੀ ਭਾਰਤ ਦੇ ਆਰਥਿਕ ਸੁਧਾਰ ਦੀ ਬੁਨਿਆਦ ਖੜੀ ਹੋਈ”।
ਉਨ੍ਹਾਂ ਅੱਗੇ ਕਿਹਾ, “ਇਹ ਮੈਨੂੰ ਬਹੁਤ ਖ਼ੁਸ਼ੀ ਅਤੇ ਮਾਣ ਦਿੰਦਾ ਹੈ ਕਿ ਸਾਡੇ ਦੇਸ਼ ਨੇ ਪਿਛਲੇ ਤਿੰਨ ਦਹਾਕਿਆਂ ਵਿੱਚ ਬਹੁਤ ਆਰਥਿਕ ਤਰੱਕੀ ਕੀਤੀ ਹੈ। ਪਰ ਮੈਂ ਕੋਰੋਨਾ ਕਾਰਨ ਹੋਈ ਤਬਾਹੀ ਅਤੇ ਕਰੋੜਾਂ ਨੌਕਰੀਆਂ ਦੇ ਘਾਟੇ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਹ ਖ਼ੁਸ਼ ਹੋਣ ਦਾ ਸਮਾਂ ਨਹੀਂ ਹੈ, ਬਲਕਿ ਆਤਮ-ਮਨੋਰਥ ਅਤੇ ਚਿੰਤਨ ਦਾ ਸਮਾਂ ਹੈ। 1991 ਦੇ ਸੰਕਟ ਨਾਲੋਂ ਅੱਗੇ ਵਾਲਾ ਰਾਹ ਵਧੇਰੇ ਚੁਣੌਤੀਪੂਰਨ ਹੈ।
Home Page ਦੇਸ਼ ਦੀ ਅਰਥਵਿਵਸਥਾ ‘ਤੇ ਬੋਲੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ...