ਟੋਕੀਓ, 2 ਅਗਸਤ – ਰੀਓ ਉਲੰਪਿਕ ਵਿੱਚ ਚਾਂਦੀ ਦਾ ਤਗਮਾ ਜੇਤੂ ਤੇ ਵਿਸ਼ਵ ਚੈਂਪੀਅਨ ਛੇਵਾਂ ਦਰਜਾ ਪ੍ਰਾਪਤ ਪੀ.ਵੀ.ਸਿੰਧੂ ਨੇ 1 ਅਗਸਤ ਨੂੰ ਇੱਥੇ ਟੋਕੀਓ ਖੇਡਾਂ ਦੇ ਮਹਿਲਾ ਸਿੰਗਲਜ਼ ਵਰਗ ਦੇ ਫਾਈਨਲ ਵਿੱਚ ਚੀਨ ਦੀ 8ਵਾਂ ਦਰਜਾ ਪ੍ਰਾਪਤ ਬਿੰਗ ਜਿਆਓ ਨੂੰ ਸਿੱਧੇ ਸੈੱਟਾਂ 21-13, 21-15 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤ ਲਿਆ ਹੈ। ਸਿੰਧੂ ਉਲੰਪਿਕ ਵਿੱਚ 2 ਤਗਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰੀ ਬਣ ਗਈ ਹੈ। ਉਂਜ ਪਹਿਲਵਾਨ ਸੁਸ਼ੀਲ ਕੁਮਾਰ ਬੀਜਿੰਗ 2008 ਖੇਡਾਂ ਵਿੱਚ ਕਾਂਸੇ ਤੇ ਲੰਡਨ 2012 ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਉਲੰਪਿਕ ਵਿੱਚ 2 ਵਿਅਕਤੀਗਤ ਤਗਮੇ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਹੈ।
ਵਿਸ਼ਵ ਦੀ 7ਵੇਂ ਨੰਬਰ ਦੀ ਖਿਡਾਰਨ ਸਿੰਧੂ ਨੇ ਮੁਸਾਹਿਨੋ ਫਾਰੈਸਟ ਸਪੋਰਟਸ ਪਲਾਜ਼ਾ ਵਿੱਚ 53 ਮਿੰਟ ਤੱਕ ਚੱਲੇ ਮੁਕਾਬਲੇ ਵਿੱਚ ਚੀਨ ਦੀ ਨੌਵੇਂ ਨੰਬਰ ਦੀ ਖੱਬੇ ਹੱਥ ਦੀ ਖਿਡਾਰਨ ਬਿੰਗ ਜਿਆਓ ਨੂੰ ਸ਼ਿਕਸਤ ਦਿੱਤੀ। ਬਿੰਗ ਜਿਆਓ ਖ਼ਿਲਾਫ਼ 16 ਮੈਚਾਂ ਵਿੱਚ ਸਿੰਧੂ ਦੀ ਇਹ 7ਵੀਂ ਜਿੱਤ ਹੈ। ਇਸ ਮੁਕਾਬਲੇ ਤੋਂ ਪਹਿਲਾਂ ਸਿੰਧੂ ਨੇ ਬਿੰਗ ਜਿਆਓ ਖ਼ਿਲਾਫ਼ ਪਿਛਲੇ 5 ਵਿੱਚੋਂ 4 ਮੁਕਾਬਲੇ ਗੁਆਏ ਸਨ। ਸਿੰਧੂ ਨੂੰ ਲੰਘੇ ਦਿਨ ਸੈਮੀ ਫਾਈਨਲ ਵਿੱਚ ਚੀਨੀ ਤਾਇਪੇ ਦੀ ਤਾਇ ਜੂ ਯਿੰਗ ਖਿਲਾਫ਼ 18-21, 12-21 ਨਾਲ ਸ਼ਿਕਸਤ ਝੱਲਣੀ ਪਈ ਸੀ। ਟੋਕੀਓ ਖੇਡਾਂ ਵਿੱਚ ਭਾਰਤ ਦਾ ਇਹ ਦੂਜਾ ਤਗਮਾ ਹੈ। ਇਸ ਤੋਂ ਪਹਿਲਾਂ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।
Home Page ਬੈਡਮਿੰਟਨ: ਪੀਵੀ ਸਿੰਧੂ ਨੇ ਚੀਨ ਦੀ ਜਿਆਓ ਨੂੰ ਹਰਾ ਕੇ ਕਾਂਸੀ ਦਾ...