ਟੋਕੀਓ ਉਲੰਪਿਕ: ਭਾਰਤੀ ਹਾਕੀ ਪੁਰਸ਼ ਟੀਮ 49 ਸਾਲ ਬਾਅਦ ਸੈਮੀ-ਫਾਈਨਲ ‘ਚ ਪੁੱਜੀ

ਟੋਕੀਓ, 2 ਅਗਸਤ – ਇੱਥੇ 1 ਅਗਸਤ ਨੂੰ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਟੋਕੀਓ ਉਲੰਪਿਕ ਖੇਡਾਂ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਗ੍ਰੇਟ ਬ੍ਰਿਟੇਨ ਨੂੰ 3-1 ਨਾਲ ਹਰਾਉਂਦਿਆਂ 49 ਸਾਲ ਬਾਅਦ ਉਲੰਪਿਕ ਖੇਡਾਂ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਹੁਣ ਮੰਗਲਵਾਰ ਨੂੰ ਪਹਿਲੇ ਸੈਮੀ ਫਾਈਨਲ ਵਿੱਚ ਮੌਜੂਦਾ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਖੇਡੇਗਾ ਜਦੋਂ ਕਿ ਦੂਜੇ ਸੈਮੀ ਫਾਈਨਲ ਵਿੱਚ ਆਸਟਰੇਲੀਆ ਦਾ ਮੁਕਾਬਲਾ ਜਰਮਨੀ ਨਾਲ ਹੋਵੇਗਾ। ਇਸ ਤੋਂ ਪਹਿਲਾਂ ਭਾਰਤ 1972 ਦੀਆਂ ਮਿਊਨਿਖ ਖੇਡਾਂ ਵਿੱਚ ਹਾਕੀ ਮੁਕਾਬਲਿਆਂ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਉਣ ਵਿੱਚ ਸਫਲ ਰਿਹਾ ਸੀ। ਹਾਲਾਂਕਿ ਅੱਠ ਸਾਲਾਂ ਮਗਰੋਂ 1980 ਦੀਆਂ ਮਾਸਕੋ ਖੇਡਾਂ ਦੌਰਾਨ ਭਾਰਤ ਨੇ ਹਾਕੀ ਵਿੱਚ ਸੋਨੇ ਦਾ ਤਗਮਾ ਜਿੱਤਿਆ ਸੀ, ਪਰ ਉਦੋਂ ਮੁਕਾਬਲਿਆਂ ਵਿੱਚ ਸਿਰਫ਼ 6 ਟੀਮਾਂ ਹੋਣ ਕਰਕੇ ਸੈਮੀ ਫਾਈਨਲ ਮੁਕਾਬਲੇ ਨਹੀਂ ਖੇਡੇ ਗਏ ਸਨ। ਰਾਊਂਡ ਰੋਬਿਨ ਆਧਾਰ ‘ਤੇ ਸਿਖਰਲੀਆਂ ਦੋ ਟੀਮਾਂ ਵਿਚਾਲੇ ਸੋਨ ਤਗਮੇ ਲਈ ਮੁਕਾਬਲੇ ਖੇਡੇ ਗਏ ਸਨ। ਕੁਆਰਟਰ ਫਾਈਨਲ ਮੁਕਾਬਲੇ ਦੌਰਾਨ ਦਿਲਪ੍ਰੀਤ ਸਿੰਘ (7ਵੇਂ), ਗੁਰਜੰਟ ਸਿੰਘ (16ਵੇਂ) ਤੇ ਹਾਰਦਿਕ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ। ਬ੍ਰਿਟੇਨ ਲਈ ਇੱਕੋ ਇਕ ਗੋਲ ਸੈਮੁਅਲ ਇਆਨ ਵਾਰਡ ਨੇ ਖੇਡ ਦੇ ਤੀਜੇ ਕੁਆਰਟਰ ਵਿੱਚ ਐਨ ਆਖ਼ਰੀ ਪਲਾਂ ਵਿੱਚ ਕੀਤਾ।