ਟੋਕੀਓ ਉਲੰਪਿਕ 2020: ਕੀਵੀ ਸਾਈਕਲਿਸਟ ਐਲੇਸ ਐਂਡ੍ਰਿਸਜ਼ ਨੇ ਕੀਰਿਨ ਫਾਈਨਲ ‘ਚ ਚਾਂਦੀ ਦਾ ਤਗਮਾ ਜਿੱਤਿਆ

ਟੋਕੀਓ, 5 ਅਗਸਤ – ਨਿਊਜ਼ੀਲੈਂਡ ਵਿੱਚ ਵੇਲੋਡ੍ਰੋਮ ਦੀ ਇੱਕ ਨਵੀਂ ਰਾਣੀ ਸਾਹਮਣੇ ਆਈ ਹੈ, ਸਾਈਕਲਿਸਟ ਐਲੇਸ ਐਂਡ੍ਰਿਸਜ਼ ਨੇ ਫਾਈਨਲ ਵਿੱਚ ਸਨਸਨੀਖ਼ੇਜ਼ ਸਫ਼ਰ ਦੇ ਨਾਲ ਵੀਰਵਾਰ ਰਾਤ ਮਹਿਲਾ ਕੀਰਿਨ ਵਿੱਚ ਸ਼ਾਨਦਾਰ ਚਾਂਦੀ ਦਾ ਤਗਮਾ ਜਿੱਤਿਆ ਹੈ।
21 ਸਾਲਾ ਕੀਵੀ ਐਂਡ੍ਰਿਸਜ਼ ਨੇ ਇਹ ਪ੍ਰਾਪਤੀ ਮੁਸ਼ਕਲ ਢੰਗ ਨਾਲ ਹਾਸਲ ਕੀਤੀ, ਕਿਉਂਕਿ ਰੇਸ ਦੌਰਾਨ ਪਿਛਲੇ ਪਾਸੇ ਤੋਂ ਅੱਗੇ ਆਉਣਾ ਅਤੇ ਦੋ ਯੁਕਰੇਨ ਸਵਾਰਾਂ ਦੀ ਟੀਮ ਦੀਆਂ ਰਣਨੀਤੀਆਂ ਨਾਲ ਵੀ ਲੜਨਾ ਪਿਆ। ਪਰ ਜਿਵੇਂ ਕਿ ਉਸ ਨੇ ਟੋਕੀਓ ਵਿੱਚ ਨਿਰੰਤਰ ਪ੍ਰਦਰਸ਼ਨ ਕੀਤਾ ਹੈ, ਐਂਡ੍ਰਿਸਜ਼ ਨੇ ਫਾਈਨਲ ਦੋ ਲੈਪ ‘ਚ ਜ਼ੋਰਦਾਰ ਸਾਈਕਲਿੰਗ ਕੱਲਾ ਦਾ ਮੁਜ਼ਾਹਰਾ ਕੀਤਾ ਅਤੇ ਡੱਚ ਰਾਈਡਰ ਸ਼ੇਨ ਬ੍ਰਾਸਪੇਨਿੰਕਸ ਦੇ ਪਿੱਛੇ ਇੱਕ ਸਕਿੰਟ ਦੇ 0.061 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਉਹ ਕੈਨੇਡੀਅਨ ਲੌਰੀਅਨ ਜੇਨੇਸਟ ਤੋਂ 0.087 ਸਕਿੰਟ ਅੱਗੇ ਰਹੀ ਅਤੇ ਸਟਾਰਿਕੋਵਾ ਚੌਥੇ ਸਥਾਨ ‘ਤੇ ਰਹੀ।
ਉਹ ਮਹਾਨ ਸਾਈਕਲਿੰਗ ਪਰਿਵਾਰ ਤੋਂ ਆਉਂਦੀ ਹੈ, ਉਸ ਦੇ ਪਿਤਾ ਜੋਨ ਨੇ ਆਕਲੈਂਡ ‘ਚ 1990 ਦੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ 1992 ਦੇ ਬਾਰਸੀਲੋਨਾ ਉਲੰਪਿਕਸ ਵਿੱਚ ਵੀ ਹਿੱਸਾ ਲਿਆ ਸੀ।
2012 ਲੰਡਨ ਉਲੰਪਿਕਸ ਵਿੱਚ ਸਾਇਮਨ ਵੈਨ ਵੇਲਥੂਵੇਨ ਦੇ ਯਾਦਗਾਰੀ ਕਾਂਸੀ ਦੇ ਬਾਅਦ ਇਹ ਕੀਰਿਨ ਵਿੱਚ ਨਿਊਜ਼ੀਲੈਂਡ ਦਾ ਦੂਜਾ ਤਗਮਾ ਹੈ।