ਨਵੀਂ ਦਿੱਲੀ, 14 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਐਲਾਨ ਕੀਤਾ ਕਿ ਲੋਕਾਂ ਦੇ ਸੰਘਰਸ਼ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਦੀ ਯਾਦ ‘ਚ ਹਰ ਵਰ੍ਹੇ 14 ਅਗਸਤ ਨੂੰ ਦੇਸ਼ ਵੰਡ ਦੁਖਾਂਤ ਦਿਹਾੜੇ ਵਜੋਂ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵੰਡ ਦੇ ਦਰਦ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਵੰਡ ਦੌਰਾਨ ਨਫ਼ਰਤ ਅਤੇ ਹਿੰਸਾ ਕਾਰਨ ਲੱਖਾਂ ਲੋਕ ਉੱਜੜ ਗਏ ਅਤੇ ਕਈਆਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਉਨ੍ਹਾਂ ਕਿਹਾ,”ਇਹ ਦਿਹਾੜਾ ਸਾਨੂੰ ਸਮਾਜ ‘ਚੋਂ ਵੰਡੀਆਂ ਤੇ ਅਸਹਿਮਤੀ ਦੇ ਜ਼ਹਿਰ ਨੂੰ ਜੜ੍ਹੋਂ ਮਿਟਾਉਣ ਦੀ ਯਾਦ ਕਰਵਾਉਂਦਾ ਰਹੇਗਾ ਅਤੇ ਭਵਿੱਖ ‘ਚ ਇੱਕਜੁੱਟਤਾ, ਸਮਾਜਿਕ ਸਦਭਾਵਨਾ ਤੇ ਮਨੁੱਖੀ ਸ਼ਕਤੀਕਰਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰੇਗਾ।” ਅੰਗਰੇਜ਼ਾਂ ਨੇ 1947 ‘ਚ ਭਾਰਤ ਦੇ ਟੋਟੇ ਕਰਕੇ ਉਸ ‘ਚੋਂ ਪਾਕਿਸਤਾਨ ਬਣਾ ਦਿੱਤਾ ਸੀ। ਵੰਡ ਮਗਰੋਂ ਹੋਈ ਹਿੰਸਾ ਕਾਰਨ ਲੱਖਾਂ ਲੋਕ ਉੱਜੜ ਗਏ ਸਨ ਅਤੇ ਲੱਖਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ ਸੀ। ਪਾਕਿਸਤਾਨ 14 ਅਗਸਤ ਨੂੰ ਆਪਣਾ ਆਜ਼ਾਦੀ ਦਿਹਾੜਾ ਮਨਾਉਂਦਾ ਹੈ ਜਦੋਂ ਕਿ ਭਾਰਤ 15 ਅਗਸਤ ਨੂੰ ਆਜ਼ਾਦੀ ਦਿਹਾੜਾ ਮਨਾਉਂਦਾ ਆ ਰਿਹਾ ਹੈ।
ਸ੍ਰੀ ਮੋਦੀ ਦੇ ਐਲਾਨ ਦੇ ਕੁੱਝ ਘੰਟਿਆਂ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ 14 ਅਗਸਤ ਨੂੰ ਵੰਡ ਦੁਖਾਂਤ ਯਾਦਗਾਰ ਦਿਹਾੜੇ ਵਜੋਂ ਨੋਟੀਫਾਈ ਕਰ ਦਿੱਤਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਕਿਹਾ ਕਿ ਵੰਡ ਦੁਖਾਂਤ ਯਾਦਗਾਰ ਦਿਹਾੜਾ ਉਨ੍ਹਾਂ ਸਾਰਿਆਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਦੇਸ਼ ਦੀ ਵੰਡ ਦੌਰਾਨ ਜਾਨਾਂ ਗੁਆਈਆਂ ਅਤੇ ਆਪਣੀ ਜੜ੍ਹਾਂ ਤੋਂ ਉੱਜੜੇ ਹਨ। ਉਨ੍ਹਾਂ ਕਿਹਾ ਕਿ ਇਸ ਦਿਵਸ ਦੇ ਐਲਾਨ ਨਾਲ ਵੰਡ ਦੌਰਾਨ ਲੋਕਾਂ ਵੱਲੋਂ ਸਹੇ ਗਏ ਦਰਦ ਨੂੰ ਭਾਰਤੀਆਂ ਦੀ ਮੌਜੂਦਾ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਯਾਦ ਕਰਵਾਉਂਦਾ ਰਹੇਗਾ।
Home Page ਹਰ ਵਰ੍ਹੇ 14 ਅਗਸਤ ਨੂੰ ਦੇਸ਼ ਵੰਡ ਦੀ ਯਾਦ ‘ਚ ਦੁਖਾਂਤ ਦਿਹਾੜਾ...