ਭਾਰਤੀ ਵਿਅਕਤੀ ਜਿਸ ਨੇ ਪੁਲਿਸ ਅਫ਼ਸਰ ਨੂੰ 200 ਡਾਲਰ ਦੀ ਪੇਸ਼ਕਸ਼ ਕੀਤੀ ਸੀ, ਨੂੰ ਡਿਪੋਰਟ ਕੀਤਾ ਜਾਏਗਾ

ਆਕਲੈਂਡ, 16 ਅਗਸਤ – ਇੱਕ ਭਾਰਤੀ ਵਿਅਕਤੀ ਜਿਸ ਨੇ ਇੱਕ ਪੁਲਿਸ ਅਫ਼ਸਰ ਨੂੰ 200 ਡਾਲਰ ਦੀ ਪੇਸ਼ਕਸ਼ ਕੀਤੀ ਸੀ ਕਿ ਉਸ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ, ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਹਾਲ ਹੀ ਵਿੱਚ 25 ਫਰਵਰੀ ਨੂੰ ਇਸ ਨੂੰ ‘ਇਮੀਗ੍ਰੇਸ਼ਨ ਅਤੇ ਪ੍ਰੋਟੈਕਸ਼ਨ ਟ੍ਰਿਬਿਊਨਲ’ ਵੱਲੋਂ ਦੇਸ਼ ਨਿਕਾਲੇ ਦਾ ਹੁਕਮ (Deportation Liability Notice) ਦੇ ਫ਼ੈਸਲੇ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਦੇ 27 ਸਾਲਾ ਗੁਰਵਿੰਦਰ ਸਿੰਘ ਨੂੰ ਭਾਰਤ ਭੇਜ ਦਿੱਤਾ ਜਾਵੇਗਾ। 2014 ਵਿੱਚ ਨਿਊਜ਼ੀਲੈਂਡ ਪਹੁੰਚੇ ਸਿੰਘ ਨੂੰ ਮਈ 2019 ਵਿੱਚ ਉਸ ਦੇ ਖ਼ੂਨ ਵਿੱਚ ਦੁੱਗਣੀ ਕਾਨੂੰਨੀ ਸ਼ਰਾਬ ਦੇ ਨਾਲ ਗੱਡੀ ਚਲਾਉਂਦੇ ਹੋਏ ਫੜਿਆ ਗਿਆ ਸੀ।
ਸਿੰਘ, ਜੋ ਉਸ ਵੇਲੇ ਇੱਕ ਇੰਸ਼ੈਸ਼ਲੀਅਲ ਵਰਕ ਵੀਜ਼ਾ ਧਾਰਕ ਸੀ, ਨੇ ਪੁਲਿਸ ਅਧਿਕਾਰੀ ਨੂੰ ਪ੍ਰਕਿਰਿਆ ਨੂੰ ਬੰਦ ਕਰਨ ਦੀ ਬੇਨਤੀ ਕੀਤੀ ਅਤੇ 200 ਡਾਲਰ ਦੀ ਪੇਸ਼ਕਸ਼ ਕੀਤੀ, ਪਰ ਪੁਲਿਸ ਅਧਿਕਾਰੀ ਨੇ ਨਾਂਹ ਕਰ ਦਿੱਤੀ ਸੀ। ਸਿੰਘ ਨੂੰ ਇਸ ਸਾਲ 3 ਫਰਵਰੀ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਉਸ ਨੂੰ 6 ਮਹੀਨਿਆਂ ਦੀ ਘਰ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ, ਮੁਆਵਜ਼ੇ ਵਜੋਂ 170 ਡਾਲਰ ਅਦਾ ਕਰਨ ਦਾ ਆਦੇਸ਼ ਦਿੱਤਾ ਗਿਆ ਅਤੇ 6 ਮਹੀਨਿਆਂ ਲਈ ਡਰਾਈਵਿੰਗ ਕਰਨ ਦੇ ਅਯੋਗ ਕਰ ਦਿੱਤਾ ਗਿਆ ਸੀ। ਉਸ ਨੂੰ ਦੇਸ਼ ਨਿਕਾਲੇ ਦੀ ਦੇਣਦਾਰੀ ਨੋਟਿਸ ਵੀ ਦਿੱਤਾ ਗਿਆ ਸੀ ਕਿਉਂਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ “ਇਸ ਗੱਲ ਤੋਂ ਸੰਤੁਸ਼ਟ ਨਹੀਂ ਸੀ ਕਿ ਉਹ ਇਸ ਅਪਰਾਧ ਦੇ ਮੱਦੇਨਜ਼ਰ ਚੰਗੇ ਚਰਿੱਤਰ ਵਾਲਾ ਸੀ”। ਸਿੰਘ ਨੇ ਮਾਨਵਤਾ ਦੇ ਆਧਾਰ ‘ਤੇ ਟ੍ਰਿਬਿਊਨਲ ਨੂੰ ਆਪਣੇ ਦੇਸ਼ ਨਿਕਾਲੇ ਦੇ ਆਦੇਸ਼ ਦੇ ਵਿਰੁੱਧ ਅਪੀਲ ਕੀਤੀ ਸੀ। ਉਸ ਦੇ ਮਾਪੇ ਅਤੇ ਦੋ ਭੈਣਾਂ ਭਾਰਤ ਵਿੱਚ ਰਹਿ ਰਹੀਆਂ ਹਨ। ਉਸ ਦੀ ਅਪੀਲ ਵਿੱਚ ਉਸ ਦੇ ਮੌਜੂਦਾ ਮਾਲਕ ਦੁਆਰਾ ਉਸ ਦੇ ਕੰਮ ਦੀ ਮਹੱਤਤਾ ਅਤੇ ਕੰਮ ਦੇ ਸਹਿਕਰਮੀਆਂ ਅਤੇ ਦੋਸਤਾਂ ਦੇ ਹਵਾਲਿਆਂ ਬਾਰੇ ਇੱਕ ਬਿਆਨ ਸ਼ਾਮਲ ਸੀ। ਟ੍ਰਿਬਿਊਨਲ ਨੇ ਨੋਟ ਕੀਤਾ ਕਿ ਸਿੰਘ ਕਰੀਬ ਸੱਤ ਸਾਲਾਂ ਤੋਂ ਨਿਊਜ਼ੀਲੈਂਡ ਵਿੱਚ ਸੀ। ਹਾਲਾਂਕਿ, ਇਸ ਨੇ ਕਿਹਾ ਕਿ ਉਸ ਦੀ ਯੋਗਤਾ, ਕੰਮ ਦਾ ਤਜ਼ਰਬਾ ਅਤੇ ਹੋਰ ਭਾਈਚਾਰੇ ਦੀ ਸ਼ਮੂਲੀਅਤ ‘ਮਾਮੂਲੀ ਤੋਂ ਵੱਧ ਨਹੀਂ’ ਸੀ। ਟ੍ਰਿਬਿਊਨਲ ਨੇ ਸਾਰੇ ਪੱਖਾਂ ਨੂੰ ਵੇਖਦਿਆਂ ਆਖ਼ਿਰ ਫ਼ੈਸਲਾ ਲਿਆ ਕਿ ਦਿੱਤੇ ਸਾਰੇ ਕਾਰਨ ਇਮੀਗ੍ਰੇਸ਼ਨ ਦੇ ਮਾਪਦੰਡਾਂ ਉੱਤੇ ਖਰੇ ਨਹੀਂ ਉੱਤਰਦੇ। ਸਿੰਘ ਦੀ ਅਪੀਲ ਰੱਦ ਕਰ ਦਿੱਤੀ ਗਈ। ਇਸ ਦੀ ਬਜਾਏ, 11 ਜੂਨ ਨੂੰ ਹੋਏ ਫ਼ੈਸਲੇ ਮੁਤਾਬਿਕ, ਉਸ ਨੂੰ ਤਿੰਨ ਮਹੀਨੇ ਦਾ ਵਰਕ ਵੀਜ਼ਾ ਦਿੱਤਾ ਹੈ ਕਿ ਉਹ ਭਾਰਤ ਵਾਪਸ ਵਤਨ ਪਰਤਣ ਤੋਂ ਪਹਿਲਾਂ ਆਪਣੇ ਸਾਰੇ ਕੰਮ ਨਿਪਟਾ ਲਵੇ। ਉਸ ਦੀ ਇਨਸਾਨੀਅਤ ਦੇ ਨਾਤੇ, ਇਕ ਵਧੀਆ ਕਾਮੇ ਅਤੇ ਚੰਗੇ ਕਿਰਦਾਰ ਵਾਲੇ ਵਿਅਕਤੀ ਦੀ ਅਪੀਲ ਬੀਤੇ ਦਿਨੀਂ ਸਫਲ ਨਾ ਹੋ ਸਕੀ, ਜਿਸ ਕਰਕੇ ਇਸ ਨੌਜਵਾਨ ਨੂੰ ਵਾਪਸ ਪਰਤਣਾ ਪੈ ਸਕਦਾ ਹੈ।