ਕੈਨੇਡਾ ਵਿੱਚ 20 ਸਤੰਬਰ ਨੂੰ ਮੱਧਕਾਲੀ ਚੋਣਾਂ

Canada's Prime Minister

ਵੈਨਕੂਵਰ, 16 ਅਗਸਤ – ਕੈਨੇਡਾ ਦੀਆਂ ਮੱਧਕਾਲੀ ਚੋਣਾਂ 20 ਸਤੰਬਰ ਨੂੰ ਹੋਣਗੀਆਂ। 22 ਮਹੀਨਿਆਂ ਤੋਂ ਚੱਲ ਰਹੀ ਘੱਟ ਗਿਣਤੀ ਸਰਕਾਰ ਦੇ ਆਗੂ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਗਵਰਨਰ ਜਨਰਲ ਮੈਰੀ ਸਾਈਮਨ ਨਾਲ ਮਿਲਣੀ ਤੋਂ ਬਾਅਦ ਇਹ ਐਲਾਨ 16 ਅਗਸਤ ਨੂੰ ਕੀਤਾ।
ਦੇਸ਼ ਦੀ 44ਵੀਂ ਸੰਸਦ ਦੀ ਚੋਣਾਂ ਦੀ ਤਿਆਰੀ ਤੇ ਮੁਹਿੰਮ ਲਈ 36 ਦਿਨ ਦਿੱਤੇ ਗਏ ਹਨ। ਐਨਾ ਘੱਟ ਸਮਾਂ ਸੰਸਦੀ ਚੋਣ ਲਈ ਪਹਿਲੀ ਵਾਰ ਦਿੱਤਾ ਗਿਆ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਚੋਣਾਂ ਲੋਕਾਂ ਸਿਰ ਥੋਪੀਆਂ ਗਈਆਂ ਹਨ ਤੇ ਫ਼ੈਸਲੇ ਨੂੰ ਦੇਸ਼ ਲਈ ਮੰਦਭਾਗਾ ਕਰਾਰ ਦਿੱਤਾ ਹੈ। ‘ਇਲੈੱਕਸ਼ਨ ਕੈਨੇਡਾ’ ਮੁਤਾਬਿਕ ਇਸ ਚੋਣ ਉੱਤੇ ਕਰੀਬ 61 ਕਰੋੜ ਡਾਲਰ ਖ਼ਰਚਾ ਆਵੇਗਾ। ਦੋ ਸਾਲ ਪਹਿਲਾਂ 19 ਅਕਤੂਬਰ 2019 ਨੂੰ ਹੋਈਆਂ ਚੋਣਾਂ ‘ਤੇ 52 ਕਰੋੜ ਡਾਲਰ ਖ਼ਰਚ ਹੋਏ ਸਨ। ਭੰਗ ਹੋਈ ਸੰਸਦ ਵਿੱਚ ਸੱਤਾਧਾਰੀ ਲਿਬਰਲ ਪਾਰਟੀ ਦੇ 155, ਕੰਜ਼ਰਵੇਟਿਵ (ਟੋਰੀ) ਪਾਰਟੀ ਦੇ 119, ਐਨਡੀਪੀ ਦੇ 24, ਕਿਊਬਕਵਾ ਦੇ 32, ਗਰੀਨ ਪਾਰਟੀ ਦੇ 2 ਤੇ 5 ਆਜ਼ਾਦ ਸੰਸਦ ਮੈਂਬਰ ਸਨ। 338 ਮੈਂਬਰੀ ਸਦਨ ਵਿਚ ਬਹੁਮਤ ਲਈ 170 ਮੈਂਬਰਾਂ ਦੀ ਲੋੜ ਹੁੰਦੀ ਹੈ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਕੋਲ ਬਹੁਮਤ ਨਾ ਹੋਣ ਕਾਰਨ ਸਰਕਾਰ ਨੂੰ ਆਪਣੀਆਂ ਨੀਤੀਆਂ ਵਾਲੇ ਬਿੱਲ ਪਾਸ ਕਰਾਉਣ ਵਿੱਚ ਵਿਰੋਧੀ ਪਾਰਟੀਆਂ ਵੱਲ ਝਾਕਣਾ ਪੈਂਦਾ ਸੀ। ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੋਰੋਨਾ ਕਾਰਣ ਲੀਹੋਂ ਲੱਥੀ ਦੇਸ਼ ਦੀ ਆਰਥਿਕਤਾ ਵਿੱਚ ਤੇਜ਼ੀ ਲਿਆਉਣ ਲਈ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ, ਜਿਸ ਲਈ ਬਹੁਮਤ ਵਾਲੀ ਸਰਕਾਰ ਦਾ ਹੋਣਾ ਜ਼ਰੂਰੀ ਹੈ।