ਵਾਸ਼ਿੰਗਟਨ, 17 ਅਗਸਤ – ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਫ਼ਗ਼ਾਨਿਸਤਾਨ ‘ਚੋਂ ਅਮਰੀਕੀ ਫ਼ੌਜਾਂ ਨੂੰ ਵਾਪਸ ਸੱਦਣ ਦਾ ਉਨ੍ਹਾਂ ਦਾ ਫ਼ੈਸਲਾ ਬਿਲਕੁਲ ਸਹੀ ਸੀ ਤੇ ਉਹ ਅੱਜ ਵੀ ਆਪਣੇ ਇਸ ਫ਼ੈਸਲੇ ‘ਤੇ ਕਾਇਮ ਹਨ। ਅਮਰੀਕੀ ਸਦਰ ਨੇ ਕਿਹਾ ਕਿ ਅਫ਼ਗ਼ਾਨਿਸਤਾਨ ਦੇ ਮੌਜੂਦਾ ਸੰਕਟ ਲਈ ਅਫ਼ਗ਼ਾਨ ਲੀਡਰਸ਼ਿਪ ਜ਼ਿੰਮੇਵਾਰ ਹੈ, ਜੋ ਬਿਨਾਂ ਲੜੇ ਹੀ ਮੈਦਾਨ ਛੱਡ ਗਈ। ਉਨ੍ਹਾਂ ਅਫ਼ਗ਼ਾਨਿਸਤਾਨ ‘ਚੋਂ ਆ ਰਹੀਆਂ ਤਸਵੀਰਾਂ ਨੂੰ ਝੰਜੋੜ ਦੇਣ ਵਾਲੀਆਂ ਕਰਾਰ ਦਿੱਤਾ ਹੈ।
ਬਾਇਡਨ ਨੇ ਰਾਸ਼ਟਰ ਦੇ ਨਾਂ ਆਪਣੇ ਸੰਬੋਧਨ ਵਿੱਚ ਕਿਹਾ, ”ਮੈਂ ਆਪਣੇ ਫ਼ੈਸਲੇ ਦੀ ਜ਼ਿੰਮੇਵਾਰੀ ਲੈਂਦਾ ਹਾਂ। ਵੀਹ ਸਾਲਾਂ ਮਗਰੋਂ ਮੈਨੂੰ ਇਹ ਪਤਾ ਲੱਗਾ ਕਿ ਅਮਰੀਕੀ ਫ਼ੌਜਾਂ ਨੂੰ ਉੱਥੋਂ (ਅਫ਼ਗ਼ਾਨਿਸਤਾਨ) ਕੱਢਣ ਦਾ ਕਦੇ ਕੋਈ ਸਹੀਂ ਸਮਾਂ ਨਹੀਂ ਸੀ। ਇਹੀ ਵਜ੍ਹਾ ਹੈ ਕਿ ਅਸੀਂ ਅਜੇ ਵੀ ਉੱਥੇ ਮੌਜੂਦ ਸੀ। ਸਾਨੂੰ ਜੋਖ਼ਮਾਂ ਬਾਰੇ ਸਾਫ਼ ਪਤਾ ਸੀ। ਅਸੀਂ ਹਰ ਖ਼ਤਰੇ ਲਈ ਤਿਆਰ ਸੀ। ਪਰ ਮੈਂ ਅਮਰੀਕੀ ਲੋਕਾਂ ਨਾਲ ਹਮੇਸ਼ਾ ਇਹ ਵਾਅਦਾ ਕੀਤਾ ਸੀ ਕਿ ਮੈਂ ਉਨ੍ਹਾਂ ਤੋਂ ਕੁੱਝ ਨਹੀਂ ਲੁਕਾਵਾਂਗਾ”। ਅਮਰੀਕੀ ਸਦਰ ਨੇ ਕਿਹਾ, ”ਸੱਚ ਸਾਡੇ ਅਨੁਮਾਨਾਂ ਨਾਲੋਂ ਵੱਧ ਜਲਦੀ ਸਾਹਮਣੇ ਆ ਗਿਆ। ਅਫ਼ਗ਼ਾਨਿਸਤਾਨ ਦੇ ਸਿਆਸੀ ਆਗੂਆਂ ਨੇ ਹਥਿਆਰ ਸੁੱਟ ਦਿੱਤੇ ਤੇ ਮੁਲਕ ‘ਚੋਂ ਭੱਜ ਗਏ। ਅਫ਼ਗ਼ਾਨ ਫ਼ੌਜ ਨੇ ਬਿਨਾਂ ਲੜੇ ਹੀ ਮੈਦਾਨ ਛੱਡ ਦਿੱਤਾ। ਪਿਛਲੇ ਇਕ ਹਫ਼ਤੇ ਦੀਆਂ ਘਟਨਾਵਾਂ ਨੂੰ ਵੇਖਦਿਆਂ ਅਮਰੀਕੀ ਫ਼ੌਜਾਂ ਦਾ ਅਫ਼ਗ਼ਾਨਿਸਤਾਨ ਛੱਡਣ ਦਾ ਫ਼ੈਸਲਾ ਸਹੀ ਸੀ”।
ਬਾਇਡਨ ਨੇ ਕਿਹਾ, ”ਅਸੀਂ ਖਰਬਾਂ ਡਾਲਰ ਖ਼ਰਚੇ ਹਨ। ਅਸੀਂ ਤਿੰਨ ਲੱਖ ਦੇ ਕਰੀਬ ਨਫ਼ਰੀ ਵਾਲੀ ਅਫ਼ਗ਼ਾਨ ਫ਼ੌਜ ਨੂੰ ਸਿਖਲਾਈ ਦਿੱਤੀ ਤੇ ਆਧੁਨਿਕ ਹਥਿਆਰਾਂ ਨਾਲ ਲੈਸ ਕੀਤਾ। ਸਾਡੇ ਨਾਟੋ ਭਾਈਵਾਲਾਂ ਕੋਲ ਵੀ ਅਜਿਹੀਆਂ ਫ਼ੌਜਾਂ ਨਹੀਂ ਸਨ। ਅਸੀਂ ਉਨ੍ਹਾਂ ਦੀ ਹਵਾਈ ਫ਼ੌਜ ਦੀ ਸਾਂਭ ਸੰਭਾਲ ਕੀਤੀ, ਉਨ੍ਹਾਂ ਦੀਆਂ ਤਨਖ਼ਾਹਾਂ ਦੀ ਅਦਾਇਗੀ ਕੀਤੀ। ਅਸੀਂ ਉਨ੍ਹਾਂ ਨੂੰ ਆਪਣਾ ਭਵਿੱਖ ਬਣਾਉਣ ਲਈ ਹਰ ਮੌਕਾ ਦਿੱਤਾ, ਪਰ ਅਸੀਂ ਉਨ੍ਹਾਂ ਨੂੰ ਆਪਣੇ ਭਵਿੱਖ ਲਈ ਲੜਨ ਦੀ ਇੱਛਾ ਸ਼ਕਤੀ ਨਹੀਂ ਦੇ ਸਕੇ।” ਅਮਰੀਕੀ ਸਦਰ ਨੇ ਅਫ਼ਗ਼ਾਨਿਸਤਾਨ ਦੇ ਆਪਣੇ ਹਮਰੁਤਬਾ ਅਸ਼ਰਫ਼ ਗਨੀ ਤੇ ਚੇਅਰਮੈਨ ਅਬਦੁੱਲਾ ਨਾਲ ਇਸ ਸਾਲ ਜੂਨ ਵਿੱਚ ਵ੍ਹਾਈਟ ਹਾਊਸ ਵਿੱਚ ਹੋਈ ਮੁਲਾਕਾਤਾਂ ਨੂੰ ਵੀ ਯਾਦ ਕੀਤਾ। ਬਾਇਡਨ ਨੇ ਜ਼ੋਰ ਦੇ ਕੇ ਆਖਿਆ ਕਿ ਉਹ ਅਮਰੀਕਾ ਵੱਲੋਂ ਬੀਤੇ ਵਿੱਚ ਕੀਤੀਆਂ ਗ਼ਲਤੀਆਂ ਨੂੰ ਨਹੀਂ ਦੁਹਰਾਉਣਗੇ। ਉਨ੍ਹਾਂ ਕਿਹਾ, ”ਅਸੀਂ ਉਨ੍ਹਾਂ ਗ਼ਲਤੀਆਂ ਨੂੰ ਦੁਹਰਾਅ ਨਹੀਂ ਸਕਦੇ ਕਿਉਂਕਿ ਸਾਡੇ ਕੁਲ ਆਲਮ ਨਾਲ ਕੁੱਝ ਅਹਿਮ ਹਿੱਤ ਜੁੜੇ ਹੋਏ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ”।
Home Page ਅਫ਼ਗ਼ਾਨਿਸਤਾਨ ‘ਚੋਂ ਅਮਰੀਕੀ ਫ਼ੌਜਾਂ ਕੱਢਣ ਦਾ ਫ਼ੈਸਲਾ ਸਹੀ – ਰਾਸ਼ਟਰਪਤੀ ਬਾਇਡਨ