ਆਕਲੈਂਡ, 27 ਅਗਸਤ – ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਕਿਹਾ ਕਿ ਹੁਣ ਨਿਊਜ਼ੀਲੈਂਡ 31 ਅਗਸਤ ਦਿਨ ਮੰਗਲਵਾਰ ਦੀ ਅੱਧੀ ਰਾਤ 11.59 ਵਜੇ ਤੱਕ ਅਲਰਟ ਲੈਵਲ 4 ਦੇ ਲੌਕਡਾਉਨ ਵਿੱਚ ਰਹੇਗਾ। ਜਦੋਂ ਕਿ ਉਸ ਤੋਂ ਬਾਅਦ ਆਕਲੈਂਡ ਅਲਰਟ ਲੈਵਲ 4 ਦੇ ਲੌਕਡਾਉਨ ਵਿੱਚ 2 ਹਫ਼ਤੇ ਹੋਰ ਰਹਿ ਸਕਦਾ।
ਨੌਰਥਲੈਂਡ ਵੀ ਅਗਲੇ ਮੰਗਲਵਾਰ ਤੱਕ ਅਲਰਟ ਲੈਵਲ 4 ਵਿੱਚ ਰਹੇਗਾ ਪਰ ਇਹ ਵੇਖਣਾ ਬਾਕੀ ਹੈ ਕਿ ਕੀ ਇਹ ਆਕਲੈਂਡ ਦੇ ਨਾਲ ਲੰਮੇ ਸਮੇਂ ਤੱਕ ਲੌਕਡਾਉਨ ਵਿੱਚ ਰਹੇਗਾ ਜਾਂ ਨਹੀਂ। ਸਰਕਾਰ ਸਾਵਧਾਨ ਵਾਲਾ ਰਵੱਈਆ ਅਪਣਾ ਰਹੀ ਹੈ ਅਤੇ ਦੇਸ਼ ਵਿਆਪੀ ਲੌਕਡਾਉਨ ਜੋ ਅੱਜ ਰਾਤ 11.59 ਵਜੇ ਸਮਾਪਤ ਹੋਣ ਵਾਲਾ ਹੈ, ਉਸ ਨੂੰ ਵਧਾ ਕੇ ਹੋਰ 4 ਦਿਨਾਂ ਲਈ ਅੱਗੇ ਕਰ ਦਿੱਤਾ ਹੈ। ਇਹ ਵਾਧੂ ਸਮਾਂ ਸਿਹਤ ਮਾਹਿਰਾਂ ਨੂੰ ਪੂਰੇ 14 ਦਿਨਾਂ ਦੇ ਚੱਕਰ ਦੇ ਅੰਕੜੇ ਅਤੇ ਜਾਣਕਾਰੀ ਦੇਵੇਗਾ ਕਿਉਂਕਿ ਪਿਛਲੇ ਹਫ਼ਤੇ ਮੰਗਲਵਾਰ ਰਾਤ ਨੂੰ ਪੂਰਾ ਦੇਸ਼ ਲੌਕਡਾਉਨ ਵਿੱਚ ਚਲਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਯੋਜਨਾਂ ਦੇ ਮੁਤਾਬਿਕ ਆਕਲੈਂਡ ਅਤੇ ਨੌਰਥਲੈਂਡ ਨੂੰ ਛੱਡ ਕੇ ਪੂਰਾ ਦੇਸ਼ ਮੁੜ ਅਗਲੇ ਮੰਗਲਵਾਰ, 31 ਅਗਸਤ ਦੀ ਅੱਧੀ ਰਾਤ 11.59 ਵਜੇ ਲੈਵਲ 3 ਉੱਤੇ ਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਦੇ ਬਾਅਦ ਹੋਰ ਦੋ ਹਫ਼ਤਿਆਂ ਲਈ ਆਕਲੈਂਡ ਦੇ ਅਲਰਟ ਲੈਵਲ 4 ‘ਚ ਰਹਿਣ ਦੀ ਸੰਭਾਵਨਾ ਹੈ।
ਆਰਡਰਨ ਨੇ ਕਿਹਾ ਕਿ ਵਾਰਕਵਰਥ ਵਿੱਚ 1 ਪਾਜ਼ੇਟਿਵ ਮਾਮਲੇ ਦੇ ਕਾਰਣ ਨੌਰਥਲੈਂਡ ਨੂੰ ਅਲਰਟ ਲੈਵਲ 4 ‘ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਜਦੋਂ ਆਕਲੈਂਡ ਸੈਟਿੰਗਾਂ ਦੀ 30 ਅਗਸਤ ਦਿਨ ਸੋਮਵਾਰ ਨੂੰ ਪੁਸ਼ਟੀ ਹੋ ਜਾਂਦੀ ਹੈ ਤਾਂ ਨੌਰਥਲੈਂਡ ਲਈ ਇੱਕ ਅੱਪਡੇਟ ਜਾਰੀ ਕੀਤੀ ਜਾਏਗੀ।
ਪੁਲਿਸ ਸਰਹੱਦਾਂ ਦੀ ਨਿਗਰਾਨੀ ਕਰੇਗੀ
ਲੈਵਲ 4 ਦੇ ਦੌਰਾਨ ਕਿਸੇ ਵੀ ਖੇਤਰੀ ਯਾਤਰਾ ਦੀ ਆਗਿਆ ਨਹੀਂ ਹੈ, ਸਿਵਾਏ ਉਨ੍ਹਾਂ ਦੇ ਜਿਨ੍ਹਾਂ ਨੂੰ ਕੰਮ ਲਈ ਯਾਤਰਾ ਕਰਨ ਦੀ ਜ਼ਰੂਰਤ ਹੈ ਜਾਂ ਕਿਸੇ ਨੂੰ ਛੋਟ ਦਿੱਤੀ ਗਈ। ਪੁਲਿਸ ਸਰਹੱਦਾਂ ਨੂੰ ਲਾਗੂ ਕਰੇਗੀ ਅਤੇ ਛੋਟਾਂ ਦੀ ਜਾਂਚ ਕਰੇਗੀ ਜਦੋਂ ਸਾਊਥ ਆਫ਼ ਆਕਲੈਂਡ ਲੈਵਲ 3 ‘ਤੇ ਚਲਾ ਜਾਏਗਾ। ਇਸ ਸਾਲ ਫਰਵਰੀ ਵਿੱਚ ਵਰਤੀ ਗਈ ਉਹੀ ਬਾਊਂਡਰੀ ਦੁਬਾਰਾ ਵਰਤੀ ਜਾਏਗੀ।
ਐਮਬੀਆਈਈ 29 ਅਗਸਤ ਦਿਨ ਐਤਵਾਰ ਤੋਂ ਉਨ੍ਹਾਂ ਲੋਕਾਂ ਲਈ ਅਰਜ਼ੀਆਂ ਖੋਲ੍ਹੇਗੀ, ਜਿਨ੍ਹਾਂ ਨੂੰ ਕੰਮ ਲਈ ਸਰਹੱਦਾਂ ਪਾਰ ਕਰਨ ਲਈ ਛੋਟ ਦੀ ਜ਼ਰੂਰਤ ਹੈ। ਜੇ ਤੁਸੀਂ ਆਕਲੈਂਡ ਵਿੱਚ ਰਹਿੰਦੇ ਹੋ ਅਤੇ ਜਿਸ ਜਗ੍ਹਾ ‘ਤੇ ਤੁਸੀਂ ਕੰਮ ਕਰਦੇ ਹੋ ਉਹ ਲੈਵਲ 3 ਵਿੱਚ ਹੈ, ਤਾਂ ਤੁਸੀਂ ਉਸ ਵਰਕਸਾਈਟ ‘ਤੇ ਨਹੀਂ ਜਾ ਸਕੋਗੇ। ਸਿਰਫ਼ ਉਹੀ ਜਾ ਸਕਣਗੇ ਜਿਹੜੇ ਲੋਕ ਹੁਣ ਲੈਵਲ 4 ‘ਚ ਕੰਮ ਕਰ ਰਹੇ ਹਨ, ਉਹ ਹੀ ਕੰਮ ਕਰਨ ਜਾਣ ਦੇ ਯੋਗ ਹੋਣਗੇ। ਅਲਰਟ ਲੈਵਲ ਸੀਮਾਵਾਂ ਦਾ ਪ੍ਰਬੰਧਨ ਹਮੇਸ਼ਾ ਚਿੰਤਾ ਦਾ ਵਿਸ਼ਾ ਰਿਹਾ ਹੈ, ਹਾਲਾਂਕਿ, ਅਲਰਟ ਲੈਵਲ 3 ਅਤੇ ਲੈਵਲ 4 ਸੈਟਿੰਗ ਦੇ ਨਾਲ ਪਾਲਣਾ ਨੂੰ ਮਾਪਣਾ ਬਹੁਤ ਸੌਖਾ ਸੀ, ਜਿਸ ਦੀ ਪਹਿਲਾਂ ਵਰਤੋਂ ਨਹੀਂ ਕੀਤੀ ਗਈ ਸੀ।
Home Page ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ਭਰ ‘ਚ ਲੌਕਡਾਉਨ 4 ਦਿਨ ਹੋਰ ਵਧਾਇਆ...