ਚੰਡੀਗੜ੍ਹ, 18 ਸਤੰਬਰ – ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਭਵਨ ਵਿੱਚ ਰਾਜਪਾਲ ਬਨਵਾਰੀ ਨਾਲ ਪਰੋਹਿਤ ਨਾਲ ਮੁਲਾਕਾਤ ਕਰਕੇ ਅਤੇ ਆਪਣਾ ਤੇ ਆਪਣੇ ਮੰਤਰੀ ਮੰਡਲ ਦਾ ਅਸਤੀਫ਼ਾ ਉਨ੍ਹਾਂ ਨੂੰ ਸੌਂਪ ਦਿੱਤਾ। ਕੈਪਟਨ ਨੇ ਅੱਜ ਹੋਣ ਵਾਲੀ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਫ਼ੈਸਲਾ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਆਪਣੇ ਸਮਰਥਕ ਵਿਧਾਇਕਾਂ ਨਾਲ ਮੀਟਿੰਗ ਵਿੱਚ ਅਸਤੀਫ਼ਾ ਦੇਣ ਬਾਰੇ ਫ਼ੈਸਲਾ ਲਿਆ।
ਪੰਜਾਬ ਦੇ ਰਾਜਪਾਲ ਨੂੰ ਅਸਤੀਫ਼ਾ ਦੇਣ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ, ਜਿਸ ਕਰਕੇ ਅਸਤੀਫ਼ਾ ਦਿੱਤਾ ਹੈ। ਹੁਣ ਹਾਈ ਕਮਾਨ ਨੂੰ ਜਿਹੜਾ ਚੰਗਾ ਲੱਗੇ ਉਸ ਨੂੰ ਮੁੱਖ ਮੰਤਰੀ ਬਣਾ ਦੇਵੇ। ਉਨ੍ਹਾਂ ਕਿਹਾ ਕਿ ਭਵਿੱਖ ਦੀ ਰਾਜਨੀਤੀ ਬਾਰੇ ਉਨ੍ਹਾਂ ਕੋਲ ਕਈ ਰਾਹ ਹਨ ਤੇ ਸਮਾਂ ਆਉਣ ‘ਤੇ ਇਸ ਬਾਰੇ ਫ਼ੈਸਲਾ ਕਰਨਗੇ। ਉਨ੍ਹਾਂ ਸਪਸ਼ਟ ਕੀਤਾ ਕਿ ਉਹ ਕਾਂਗਰਸ ਪਾਰਟੀ ਵਿੱਚ ਹੀ ਹਨ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਅਸਤੀਫ਼ਾ ਦੇਣ ਦਾ ਫ਼ੈਸਲਾ ਕਰ ਲਿਆ ਸੀ ਤੇ ਇਸ ਬਾਰੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਜਾਣਕਾਰੀ ਦੇ ਦਿੱਤੀ ਸੀ।
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ ਤਾਂ ਉਹ ਉਸ ਦਾ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਦੇਸ਼ ਦੀ ਸੁਰੱਖਿਆ ਲਈ ਖ਼ਤਰਾ ਹੈ ਕਿਉਂਕਿ ਉਸ ਦੇ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਪਾਕਿਸਤਾਨ ਫ਼ੌਜੀ ਮੁਖੀ ਜਨਰਲ ਬਾਜਵਾ ਨਾਲ ਦੋਸਤਾਨਾ ਸਬੰਧ ਹਨ। ਇਸ ਕਾਰਨ ਸਿੱਧੂ ਪੰਜਾਬ ਲਈ ਵਿਨਾਸ਼ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਸਿੱਧੂ ਇਕ ਮੰਤਰਾਲਾ ਤਾਂ ਚਲਾ ਨਹੀਂ ਸਕਿਆ ਉਹ ਸਰਕਾਰ ਕਿਵੇਂ ਚਲਾਏਗਾ।
ਗੌਰਤਲਬ ਹੈ ਕਿ ਹਾਈ ਕਮਾਂਡ ਵੱਲੋਂ ਕਾਹਲੀ ਵਿੱਚ ਪੰਜਾਬ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦਣ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਨੂੰ ‘ਬੇਇੱਜ਼ਤੀ’ ਕਰਨਾ ਕਰਾਰ ਦਿੰਦਿਆਂ ਖ਼ਾਸੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮੁੱਖ ਮੰਤਰੀ ਨੇ ਆਪਣੀ ਨਾਰਾਜ਼ਗੀ ਬਾਰੇ ਪਾਰਟੀ ਦੇ ਸੀਨੀਅਰ ਨੇਤਾਵਾਂ ਕਮਲਨਾਥ ਅਤੇ ਮਨੀਸ਼ ਤਿਵਾੜੀ ਨੂੰ ਦੱਸ ਦਿੱਤਾ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਧਾਇਕ ਦਲ ਮੀਟਿੰਗ ਵਿੱਚ ਜਾਣ ਤੋਂ ਪਹਿਲਾਂ ਆਪਣੀ ਚੰਡੀਗੜ੍ਹ ਰਿਹਾਇਸ਼ ਵਿੱਚ ਮੰਤਰੀਆਂ ਤੇ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਕੈਪਟਨ ਦੀ ਮੀਟਿੰਗ ਵਿੱਚ ਗੁਰਪ੍ਰੀਤ ਕਾਂਗੜ, ਬਲਬੀਰ ਸਿੱਧੂ ਅਤੇ ਪਰਨੀਤ ਕੌਰ ਵੀ ਮੁੱਖ ਮੰਤਰੀ ਨਿਵਾਸ ‘ਤੇ ਹਾਜ਼ਰ ਹਨ। ਇਨ੍ਹਾਂ ਤੋਂ ਇਲਾਵਾ ਬ੍ਰਹਮ ਮਹਿੰਦਰਾ, ਸਾਧੂ ਸਿੰਘ ਧਰਮਸੋਤ, ਵਿਜੈਇੰਦਰ ਸਿੰਗਲਾ ਅਤੇ ਰਾਣਾ ਗੁਰਮੀਤ ਸੋਢੀ ਸਮੇਤ 17 ਵਿਧਾਇਕ ਹਾਜ਼ਰ ਹਨ।
Home Page ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ, ਨਵਜੋਤ...