ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 9 ਹੋਰ ਨਵੇਂ ਕੇਸ ਆਏ, ਅਗਸਤ ਦੇ ਅੱਧ ਤੋਂ ਬਾਅਦ ਸਿੰਗਲ ਡੀਜ਼ਿਟ ‘ਚ ਰਹੇ

ਵੈਲਿੰਗਟਨ, 24 ਸਤੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 9 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਪਹਿਲਾ ਦਿਨ ਹੈ ਜਦੋਂ ਅਗਸਤ ਦੇ ਅੱਧ ਵਿੱਚ ਪ੍ਰਕੋਪ ਸ਼ੁਰੂ ਹੋਣ ਤੋਂ ਬਾਅਦ ਕੇਸ ਸੰਖਿਆ ਸਿੰਗਲ ਡੀਜ਼ਿਟ ਵਿੱਚ ਰਹੇ ਹਨ। ਅੱਜ ਮੈਨੇਜਡ ਆਈਸੋਲੇਸ਼ਨ ‘ਚੋਂ 2 ਨਵੇਂ ਕੇਸ ਆਏ ਹਨ।
ਪਬਲਿਕ ਹੈਲਥ ਦੀ ਡਾਇਰੈਕਟਰ ਡਾ. ਕੈਰੋਲਿਨ ਮੈਕਲਨੇ ਨੇ ਕਿਹਾ ਕਿ ਅੱਜ ਦੇ 9 ਨਵੇਂ ਕੇਸ ਸਾਰੇ ਆਕਲੈਂਡ ਦੇ ਹਨ। ਅੱਜ ਡਾ. ਮੈਕਲਨੇ ਅਤੇ ਉਪ ਪ੍ਰਧਾਨ ਮੰਤਰੀ ਗ੍ਰਾਂਟ ਰੌਬਰਟਸਨ ਨੇ ਨਵੇਂ ਕੋਵਿਡ -19 ਮਾਮਲਿਆਂ ਅਤੇ ਟੀਕਿਆਂ ਬਾਰੇ ਅੱਪਡੇਟ ਦਿੱਤੀ, ਕਿਉਂਕਿ ਆਕਲੈਂਡ ਲੈਵਲ 4 ‘ਤੇ ਪੰਜ ਹਫ਼ਤਿਆਂ ਵਿੱਚ ਰਹਿਣ ਤੋਂ ਬਾਅਦ ਲੈਵਲ 3 ਦੇ ਵੀਕਐਂਡ ਲਈ ਤਿਆਰ ਹੈ।
ਅੱਜ ਦੇ ਇਨ੍ਹਾਂ ਨਵੇਂ 9 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਕੁੱਲ ਸੰਖਿਆ ਨੂੰ 1131 ਤੱਕ ਹੋ ਗਈ ਹੈ। ਹਸਪਤਾਲ ਵਿੱਚ 13 ਮਰੀਜ਼ ਹਨ ਜਿਨ੍ਹਾਂ ਵਿੱਚੋਂ 3 ਸਖ਼ਤ ਦੇਖਭਾਲ (ICU) ਵਿੱਚ ਹਨ। ਜਦੋਂ ਕਿ 902 ਕੇਸ ਰਿਕਵਰ ਹੋ ਗਏ ਹਨ।
ਰੌਬਰਟਸਨ ਨੇ ਕਿਹਾ ਕਿ ਅੱਜ ਦੇ ਕੇਸ ਨੰਬਰ ਉਤਸ਼ਾਹਜਨਕ ਹਨ ਅਤੇ ਸੰਕੇਤ ਦਿੱਤਾ ਕਿ ਖ਼ਾਸ ਕਰਕੇ ਆਕਲੈਂਡਰਸ ਦੀ ‘ਸਖ਼ਤ ਮਿਹਨਤ’ ਨੂੰ ਬੂਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਲੈਵਲ 3 ਦੇ ਵੀਕਐਂਡ ਦੌਰਾਨ ਆਪਣੇ ਬੱਬਲ ਵਿੱਚ ਰਹੋ ਅਤੇ ਨਿਯਮਾਂ ਦੀ ਪਾਲਣਾ ਕਰੋ।