ਪੰਚਕੂਲਾ, 18 ਅਕਤੂਬਰ – ਇੱਥੇ ਅੱਜ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਜੱਜ ਡਾ. ਸੁਸ਼ੀਲ ਕੁਮਾਰ ਗਰਗ ਨੇ ਸਾਲ 2002 ਵਿੱਚ ਡੇਰਾ ਪ੍ਰੇਮੀ ਰਣਜੀਤ ਸਿੰਘ ਦਾ ਕਤਲ ਕਰਨ ਦੇ ਦੋਸ਼ ਹੇਠ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਚਾਰ ਹੋਰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਅਦਾਲਤ ਵੱਲੋਂ ਰਾਮ ਰਹੀਮ ਨੂੰ 31 ਲੱਖ ਰੁਪਏ ਅਤੇ ਬਾਕੀ ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ ਗਿਆ। ਸੀਬੀਆਈ ਦੇ ਵਕੀਲ ਵੱਲੋਂ ਰਾਮ ਰਹੀਮ ਤੇ ਇਸ ਕੇਸ ਦੇ ਹੋਰਨਾਂ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਸੀਬੀਆਈ ਦੇ ਵਿਸ਼ੇਸ਼ ਅਦਾਲਤ ਦੇ ਜੱਜ ਡਾ. ਗਰਗ ਨੇ 8 ਅਕਤੂਬਰ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚ ਗੁਰਮੀਤ ਰਾਮ ਰਹੀਮ, ਕ੍ਰਿਸ਼ਨ ਲਾਲ, ਜਸਬੀਰ ਸਿੰਘ, ਅਵਤਾਰ ਸਿੰਘ ਅਤੇ ਸਬਦਿਲ ਸਿੰਘ ਨੂੰ ਆਈਪੀਸੀ ਦੀ ਧਾਰਾ 302 (ਹੱਤਿਆ) ਅਤੇ 102ਬੀ (ਅਪਰਾਧਿਕ ਸਾਜ਼ਿਸ਼) ਤਹਿਤ ਦੋਸ਼ੀ ਠਹਿਰਾਇਆ ਸੀ। ਰਣਜੀਤ ਸਿੰਘ ਨੂੰ 10 ਜੁਲਾਈ 2002 ਨੂੰ ਉਸ ਦੇ ਜੱਦੀ ਪਿੰਡ ਖਾਨਪੁਰ ਕੌਲੀਆਂ, ਜ਼ਿਲ੍ਹਾ ਕੁਰੂਕਸ਼ੇਤਰ ਵਿੱਚ ਗੋਲੀ ਮਾਰ ਦਿੱਤੀ ਗਈ ਸੀ।
ਇਸ ਦੌਰਾਨ ਰਣਜੀਤ ਸਿੰਘ ਕਤਲ ਕੇਸ ਦਾ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਹੀ ਵੀਡੀਓ ਕਾਨਫਰੰਸਿੰਗ ਰਾਹੀਂ ਅਦਾਲਤ ਸਾਹਮਣੇ ਪੇਸ਼ ਹੋਇਆ ਜਦੋਂ ਕਿ ਦੋਸ਼ੀ ਕ੍ਰਿਸ਼ਨ ਲਾਲ, ਅਵਤਾਰ, ਸਬਦਿਲ ਅਤੇ ਜਸਬੀਰ ਪੰਚਕੂਲਾ ਸਥਿਤ ਹਰਿਆਣਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਪੇਸ਼ ਹੋਏ। ਰਣਜੀਤ ਸਿੰਘ ਕਤਲ ਕੇਸ ਦੀ ਸੁਣਵਾਈ ਦੇ ਮੱਦੇਨਜ਼ਰ ਜ਼ਿਲ੍ਹਾ ਪੰਚਕੂਲਾ ਵਿੱਚ ਧਾਰਾ 144 ਲਗਾਈ ਹੋਈ ਸੀ।
Home Page ਰਣਜੀਤ ਸਿੰਘ ਕਤਲ ਕੇਸ: ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਡੇਰਾ ਮੁਖੀ ਗੁਰਮੀਤ...