ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਕਮਿਊਨਿਟੀ ਦੇ ਅੱਜ 74 ਹੋਰ ਨਵੇਂ ਕੇਸ ਆਏ

ਵੈਲਿੰਗਟਨ, 27 ਅਕਤੂਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 74 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਕੋਵਿਡ -19 ਰਿਸਪੋਂਸ ਮੰਤਰੀ ਕ੍ਰਿਸ ਹਿਪਕਿਨਜ਼ ਅਤੇ ਸਿਹਤ ਦੇ ਡਾਇਰੈਕਟਰ-ਜਨਰਲ ਡਾ. ਐਸ਼ਲੇ ਬਲੂਮਫੀਲਡ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਅੱਪਡੇਟ ਦਿੱਤੀ।
ਡਾ. ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 74 ਕੇਸਾਂ ‘ਚ ਆਕਲੈਂਡ ਦੇ 68, ਵਾਇਕਾਟੋ ਦੇ 6 ਕੇਸ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਕੇਸਾਂ ਵਿੱਚੋਂ 43 ਕੇਸ ਲਿੰਕ ਹਨ (ਇਨ੍ਹਾਂ ਵਿੱਚ 18 ਕੇਸ ਘਰੇਲੂ ਸੰਪਰਕ ਦੇ ਹਨ) ਅਤੇ 31 ਅਣਲਿੰਕ ਕੇਸ ਹਨ। ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 2,832 ਹੋ ਗਈ ਹੈ।
ਡੈਲਟਾ ਦੇ ਪ੍ਰਕੋਪ ਦੇ ਹੁਣ ਤੱਕ 2,832 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚੋਂ 2,710 ਆਕਲੈਂਡ ਵਿੱਚ ਹਨ, ਵਾਇਕਾਟੋ ਵਿੱਚ 97, ਵੈਲਿੰਗਟਨ ਵਿੱਚ 17, ਨੌਰਥਲੈਂਡ ਵਿੱਚ 7 ਅਤੇ ਨੈਲਸਨ/ਮਾਰਲਬਰੋ ਵਿੱਚ 1 ਮਾਮਲਾ ਹੈ।
ਹਸਪਤਾਲ ਵਿੱਚ 41 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU) ਵਿੱਚ ਹਨ। ਕੋਵਿਡ -19 ਨਾਲ ਆਕਲੈਂਡ ਦੇ ਹਸਪਤਾਲਾਂ ਵਿੱਚ ਇਸ ਵੇਲੇ ਲੋਕਾਂ ਦੀ ਔਸਤ ਉਮਰ 43 ਸਾਲ ਹੈ।