ਫਿਲਮ ‘ਪਾਣੀ ‘ਚ ਮਧਾਣੀ’ ਪੁਰਾਤਨ ਸੱਭਿਆਚਾਰ, ਰੀਤ ਰਿਵਾਜ਼ਾਂ ਅਤੇ ਸੰਗੀਤ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕਤਾ ਭਰਪੂਰ ਹੋਵੇਗੀ

ਪੰਜਾਬੀ ਸੰਗੀਤ ਹੱਦਾਂ ਪਾਰ ਕਰ ਰਿਹਾ ਹੈ, ਇਸ ਦਾ ਤੋੜ ਮਿਲਣਾ ਮੁਸ਼ਕਿਲ ਹੀ ਨਹੀਂ ਬਲਕਿ ਕਦੇ ਨਾ ਹੋਣ ਵਾਲੀ ਗੱਲ ਹੈ। ਸਾਨੂੰ ਇਹ ਗੱਲ ਸਾਬਿਤ ਕਰਨ ਦੀ ਲੋੜ ਨਹੀਂ ਕਿ ਇਹ ਨੌਜਵਾਨਾਂ ਦੇ ਨਾਲ-ਨਾਲ ਹਿੰਦੀ ਫਿਲਮ ਜਗਤ ‘ਤੇ ਵੀ ਕਿੰਨਾ ਪ੍ਰਭਾਵ ਪਾਉਂਦਾ ਆ ਰਿਹਾ ਹੈ। ਇਸ ਵਿਰਾਸਤ ਨੂੰ ਬਰਕਰਾਰ ਰੱਖਣ ਲਈ, ਆਉਣ ਵਾਲੀ ਫਿਲਮ ‘ਪਾਣੀ ‘ਚ ਮਧਾਣੀ’ 5 ਨਵੰਬਰ 2021 ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਵੇਗੀ। ਇਹ ਫਿਲਮ 1980 ਦੇ ਦਹਾਕੇ ਦੇ ਸਮੇਂ ਦੀ ਹੈ, ਜਦੋਂ ਲੋਕਾਂ ਨੇ ਚਮਕੀਲਾ, ਕੁਲਦੀਪ ਮਾਣਕ ਅਤੇ ਹੋਰ ਬਹੁਤ ਗਾਇਕਾਂ ਨੂੰ ਸੁਣਨਾ ਪਸੰਦ ਕੀਤਾ ਅਤੇ ਉਨ੍ਹਾਂ ਨੂੰ ਮਸ਼ਹੂਰ ਵੀ ਕੀਤਾ। ਕਿਉਂਕਿ ਇਹ ਫਿਲਮ ਸੰਗੀਤ ‘ਤੇ ਅਧਾਰਿਤ ਹੈ, ਤੁਸੀਂ ਹੰਬਲ ਮਿਊਜ਼ਿਕ ਅੰਦਰ ਛੇ ਵੱਖੋ-ਵੱਖਰੇ ਗੀਤਾਂ ਦਾ ਅਨੰਦ ਲਉਗੇ ਜੋ ਕਿ ਗਿੱਪੀ ਗਰੇਵਾਲ ਅਤੇ ਨੀਰੂ ਬਾਜਵਾ ‘ਤੇ ਚਿਤਰਿਤ ਕੀਤੇ ਗਏ ਹਨ, ਜਿਨ੍ਹਾਂ ਨੂੰ ਖ਼ੁਦ ਫਿਲਮ ਵਿੱਚ ਗਾਇਕਾਂ ਵਜੋਂ ਪੇਸ਼ ਕੀਤਾ ਜਾਵੇਗਾ। ਇਕ ਫਿਲਮ ਨੂੰ ਸੰਗੀਤ ਦੇ ਨਾਲ-ਨਾਲ ਨਿਰਦੇਸ਼ਨ ਪੱਖੋਂ ਵੀ ਧਿਆਨ ‘ਚ ਦੇਣਾ ਬਹੁਤ ਹੀ ਵੱਡੀ ਗੱਲ ਹੈ, ਖ਼ਾਸ ਤੌਰ ‘ਤੇ ਜਦੋਂ ਇਕ ਫਿਲਮ ਪੁਰਾਣੇ ਵੇਲਿਆਂ ‘ਤੇ ਅਧਾਰਿਤ ਹੋਵੇ ਤੇ ਇਸ ਫਿਲਮ ਦੇ ਨਿਰਦੇਸ਼ਕ ਅਤੇ ਸੰਗੀਤਕਾਰ ਇਸ ਗੱਲ ਨੂੰ ਲੈ ਕੇ ਬਹੁਤ ਹੀ ਮਾਹਿਰ ਹਨ। ਸੰਗੀਤ ਦਾ ਨਿਰਦੇਸ਼ਨ ਪ੍ਰਸਿੱਧ ਅਤੇ ਪ੍ਰਤਿਭਾਸ਼ਾਲੀ ਸੰਗੀਤਕਾਰ, ਜਤਿੰਦਰ ਸ਼ਾਹ ਦੁਆਰਾ ਕੀਤਾ ਗਿਆ ਹੈ। ਗਿੱਪੀ ਗਰੇਵਾਲ ਅਤੇ ਸ਼ਾਹ ਜੀ ਹੁਣ ਘੱਟੋ ਘੱਟ 14 ਸਾਲਾਂ ਤੋਂ ਇਕੱਠੇ ਕੰਮ ਕਰ ਰਹੇ ਹਨ, ਸ਼ਾਇਦ ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਸ਼ਾਹ ਜੀ ਵਿੱਚ ਬਹੁਤ ਵਿਸ਼ਵਾਸ ਹੈ ਅਤੇ ਉਨ੍ਹਾਂ ਨੂੰ ਇਹ ਬੇਮਿਸਾਲ ਪ੍ਰੋਜੈਕਟ ਦਿੱਤਾ। ਸ਼ਾਹ ਜੀ ਇਸ ਪ੍ਰੋਜੈਕਟ ਨੂੰ ਕਰਕੇ ਆਪਣੇ ਆਪ ਨੂੰ ਬਹੁਤ ਖ਼ੁਸ਼ਕਿਸਮਤ ਮਹਿਸੂਸ ਕਰਦੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ, “ਅਸੀਂ ਲੋਕ-ਸੰਗੀਤ ਸੁਣਦੇ ਹੋਏ ਹੀ ਵੱਡੇ ਹੋਏ ਹਾਂ ਇਸ ਲਈ ਮੇਰੇ ਇਸ ਤਜੁਰਬੇ ਨੇ ਸੰਗੀਤ ਦੀ ਹਰ ਛੋਟੀ ਤੋਂ ਛੋਟੀ ਬਰੀਕੀ ਨੂੰ ਉਸੇ ਸ਼ੈਲੀ ਅਤੇ ਉਸੇ ਢੰਗ ਨਾਲ ਬਣਾਉਣ ਵਿੱਚ ਸਾਡੀ ਸਹਾਇਤਾ ਕੀਤੀ”। ਜਿਵੇਂ ਕਿ ਅਸੀਂ ਫਿਲਮ ਦੇ ਟ੍ਰੇਲਰ ਨੂੰ ਵੇਖਦੇ ਹਾਂ ਅਤੇ ਇਸ ਦਾ ਸੰਗੀਤ ਸੁਣਦੇ ਹਾਂ, ਅਸੀਂ ਅਸਾਨੀ ਨਾਲ ਇਹ ਸਮਝ ਸਕਦੇ ਹਾਂ ਕਿ ਸੰਗੀਤ ਬਹੁਤ ਹੀ ਮਿਹਨਤ ਨਾਲ ਬਣਾਇਆ ਗਿਆ ਹੈ। ਗੀਤਾਂ ਨੂੰ ਸਾਡੇ ਕੁੱਝ ਮਨਪਸੰਦ ਗਾਇਕ ਜਿਵੇਂ ਗਿੱਪੀ ਗਰੇਵਾਲ, ਅਫ਼ਸਾਨਾ ਖਾਨ, ਰਣਜੀਤ ਬਾਵਾ ਅਤੇ ਜਸਬੀਰ ਜੱਸੀ ਵੱਲੋਂ ਬਹੁਤ ਹੀ ਖ਼ੂਬਸੂਰਤੀ ਨਾਲ ਗਾਇਆ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਕਿ ਅਸੀਂ ਉਨ੍ਹਾਂ ਸਾਰਿਆਂ ਨੂੰ ਇੱਕ ਐਲਬਮ ਦੇ ਅੰਦਰ ਇੱਕੋ ਟੀਮ ਦੇ ਰੂਪ ਵਿੱਚ ਸੁਣਾਂਗੇ ਅਤੇ ਨਿਸ਼ਚਤ ਰੂਪ ਤੋਂ ਦਰਸ਼ਕਾਂ ਦਾ ਮਨੋਰੰਜਨ ਵੀ ਹੋਵੇਗਾ। ਸ਼ਾਹ ਜੀ ਅੱਗੇ ਕਹਿੰਦੇ ਹਨ, “ਅੱਜ ਜੋ ਗਾਣਾ ਰਿਲੀਜ਼ ਹੋਇਆ ਹੈ, ਉਸ ਵਿੱਚ ਬਹੁਤ ਹੀ ਔਖੀਆਂ ਧੁਨਾਂ ਤੇ ਕੰਮ ਕੀਤਾ ਗਿਆ ਹੈ ਜੋ ਕਿ ਤਕਰੀਬਨ 40 ਸਾਲ ਪਹਿਲਾਂ ਸੁਣਨ ਨੂੰ ਮਿਲਦੀਆਂ ਸੀ ਅਤੇ ਇਸ ਵਿੱਚ ਬਹੁਤ ਸਾਰੇ ਕਲਾਸੀਕਲ ਸਾਜ਼ ਇਹੋ ਜਿਹੇ ਵੀ ਹਨ ਜਿਨ੍ਹਾਂ ਦੇ ਨਾਂ ਸ਼ਾਇਦ ਬਹੁਤੇ ਲੋਕਾਂ ਨੇ ਸੁਣੇ ਵੀ ਨਹੀਂ ਹੋਣਗੇ। ਜਿਵੇਂ-ਜਿਵੇਂ ਅੱਜ ਕੱਲ੍ਹ ਦੇ ਮਾਹੌਲ ਤੇ ਸਰੋਤਿਆਂ ਦੀ ਮੰਗ ਨਾਲ ਸੰਗੀਤ ਵੀ ਡਿਜੀਟਲ ਹੁੰਦਾ ਜਾ ਰਿਹਾ ਹੈ ਇਸ ਤਰ੍ਹਾਂ ਦੀ ਫਿਲਮ ਦਾ ਬਣਨਾ ਜ਼ਰੂਰੀ ਵੀ ਹੈ ਤਾਂ ਜੋ ਸਾਡੀ ਵਿਰਾਸਤ ਸਾਡੇ ਸਾਜ਼ ਸਾਡਾ ਸੰਗੀਤ ਜ਼ਿੰਦਾ ਰਹਿ ਸਕੇ। ਫਿਲਮ ਦੇ ਗੀਤ ਲੇਖਕ ਹੈਪੀ ਰਾਏਕੋਟੀ ਦੁਆਰਾ ਲਿਖੇ ਗਏ ਹਨ।
ਹਰਜਿੰਦਰ ਸਿੰਘ ਜਵੰਦਾ
ਮੋਬਾਈਲ: +91 9463828000