ਕੋਵਿਡ -19 ਡੈਲਟਾ ਆਊਟਬ੍ਰੇਕ: ਕਮਿਊਨਿਟੀ ਦੇ ਅੱਜ 139 ਹੋਰ ਨਵੇਂ ਕੇਸ ਆਏ, ਇੱਕ ਵਿਅਕਤੀ ਦੀ ਹੋਮ ਆਈਸੋਲੇਸ਼ਨ ‘ਚ ਮੌਤ

ਵੈਲਿੰਗਟਨ, 4 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 139 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੋਵਿਡ -19 ਨਾਲ ਆਕਲੈਂਡ ਵਿੱਚ ਘਰ ‘ਚ ਆਈਸੋਲੇਟ ਰਹੇ ਇੱਕ 40 ਸਾਲਾ ਵਿਅਕਤੀ ਦੀ ਮੌਤ ਹੋਈ ਹੈ, ਉਸ ਦਾ ਵੈਕਸੀਨ ਨਾਲ ਕੋਈ ਸੰਬੰਧ ਨਹੀਂ ਹੈ। ਇਹ ਵਿਅਕਤੀ ਬੁੱਧਵਾਰ ਨੂੰ ਦੱਖਣੀ ਆਕਲੈਂਡ ਦੇ ਮੈਨੂਕਾਓ ‘ਚ ਇੱਕ ਘਰ ਵਿੱਚ ਮਿਲਣ ਆਏ ਪਰਿਵਾਰਕ ਮੈਂਬਰ ਦੁਆਰਾ ਮ੍ਰਿਤਕ ਪਾਇਆ ਗਿਆ ਸੀ।
ਮੰਤਰਾਲੇ ਨੇ ਕਿਹਾ ਕਿ ਇਸ ਵਿਅਕਤੀ ਦਾ 24 ਅਕਤੂਬਰ ਨੂੰ ਕੋਵਿਡ ਟੈੱਸਟ ਪਾਜ਼ੇਟਿਵ ਆਇਆ ਸੀ ਅਤੇ ਪਬਲਿਕ ਹੈਲਥ ਦੀ ਨਿਗਰਾਨੀ ਦੇ ਨਾਲ ਘਰ ਵਿੱਚ ਰਹਿ ਰਿਹਾ ਸੀ। ਇਹ ਨਿਊਜ਼ੀਲੈਂਡ ਦੇ ਡੈਲਟਾ ਪ੍ਰਕੋਪ ਦੌਰਾਨ ਹਸਪਤਾਲ ਦੇ ਬਾਹਰ ਕੋਵਿਡ-19 ਨਾਲ ਸਬੰਧਿਤ ਪਹਿਲੀ ਮੌਤ ਹੈ ਅਤੇ ਜੇਕਰ ਇਸ ਦੀ ਵਾਇਰਸ ਨਾਲ ਜੁੜੇ ਹੋਣ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਇਹ ਨਿਊਜ਼ੀਲੈਂਡ ਦੀ ਕੁੱਲ 29ਵੀਂ ਮੌਤ ਹੋਵੇਗੀ।
ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਕਿ ਵਿਅਕਤੀ ਦੀ ਅਚਾਨਕ ਹੋਈ ਮੌਤ ਨੂੰ ਕੋਰੋਨਰ ਕੋਲ ਭੇਜਿਆ ਗਿਆ ਹੈ ਜੋ ਇਹ ਨਿਰਧਾਰਿਤ ਕਰੇਗਾ ਕਿ ਕੀ ਇਹ ਕੋਰੋਨਾਵਾਇਰਸ ਨਾਲ ਸਬੰਧਿਤ ਸੀ। ਜਦੋਂ ਕਿ ਅੱਜ ਦੁਪਹਿਰ ਦੇ ਕੋਵਿਡ ਅੱਪਡੇਟ ਵਿੱਚ ਕਿਹਾ ਗਿਆ ਹੈ, ‘ਇਸ ਤਰ੍ਹਾਂ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਮੌਤ ਵੈਕਸੀਨ ਨਾਲ ਸਬੰਧਿਤ ਸੀ ਪਰ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਨਹੀਂ ਸੀ’। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਇਹ ਦੱਸਿਆ ਗਿਆ ਸੀ ਕਿ 692 ਲੋਕ ਘਰਾਂ ਵਿੱਚ ਆਈਸੋਲੇਟ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 139 ਕੇਸਾਂ ‘ਚ ਆਕਲੈਂਡ ‘ਚੋਂ 136 ਕੇਸ, ਵਾਇਕਾਟੋ ‘ਚੋਂ 2 ਕੇਸ ਅਤੇ ਨੌਰਥਲੈਂਡ ਤੋਂ 1 ਕੇਸ ਆਇਆ ਹੈ। ਅੱਜ ਦੇ ਇਨ੍ਹਾਂ ਕੇਸਾਂ ਵਿੱਚੋਂ 72 ਕੇਸ ਲਿੰਕ ਹਨ, ਜਦੋਂ ਕਿ 67 ਨੂੰ ਹਾਲੇ ਪ੍ਰਕੋਪ ਨਾਲ ਜੋੜਿਆ ਜਾਣ ਹੈ ਤੇ ਅੰਡਰ ਇੰਨਵੈਸਟੀਗੇਸ਼ਨ ‘ਚ ਹਨ।
ਅੱਜ ਦੇ ਨਵੇਂ ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 3,733 ਹੋ ਗਈ ਹੈ। ਹਸਪਤਾਲ ਵਿੱਚ 65 ਮਰੀਜ਼ ਹਨ ਜਿਨ੍ਹਾਂ ਵਿੱਚੋਂ 5 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 24 ਨੌਰਥ ਸ਼ੋਰ ਹਸਪਤਾਲ, 15 ਮਿਡਲਮੋਰ ਹਸਪਤਾਲ ਅਤੇ 25 ਆਕਲੈਂਡ ਸਿਟੀ ਹਸਪਤਾਲ ਵਿੱਚ ਅਤੇ 1 ਵਾਇਕਾਟੋ ਹਸਪਤਾਲ ਵਿੱਚ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।
ਬਾਰਡਰ ਤੋਂ ਅੱਜ 3 ਕੇਸ ਆਏ ਹਨ, ਜਿਨ੍ਹਾਂ ਵਿੱਚੋਂ ਇੱਕ ਇੰਗਲੈਂਡ ਤੋਂ 27 ਅਕਤੂਬਰ ਨੂੰ ਆਇਆ ਅਤੇ ਮੈਨੇਜਡ ਆਈਸੋਲੇਸ਼ਨ ‘ਚ ਆਪਣੀ ਠਹਿਰ ਦੇ 6ਵੇਂ ਦਿਨ ਦੇ ਟੈੱਸਟ ਦੌਰਾਨ ਪਾਜ਼ੇਟਿਵ ਆਇਆ। ਜਦੋਂ ਕਿ ਦੂਜੇ ਦੋ ਕੇਸ ਪਹਿਲੇ ਦਿਨ ਦੇ ਟੈੱਸਟ ਦੌਰਾਨ ਪਾਜ਼ੇਟਿਵ ਆਏ ਅਤੇ ਉਨ੍ਹਾਂ ਦੇ ਦੇਸ਼ ਬਾਰੇ ਹਾਲੇ ਪੱਤਾ ਲੱਗਣਾ ਬਾਕੀ ਹੈ।