ਨਵੀਂ ਦਿੱਲੀ, 15 ਨਵੰਬਰ – ਅੱਜ ਉੱਤਰ ਪ੍ਰਦੇਸ਼ ਸਰਕਾਰ ਨੇ ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਸੂਬੇ ਦੀ ‘ਸਿਟ’ ਵੱਲੋਂ ਰੋਜ਼ਾਨਾ ਕੀਤੀ ਜਾਣ ਵਾਲੀ ਜਾਂਚ ਦੀ ਨਿਗਰਾਨੀ ਸਰਵਉੱਚ ਅਦਾਲਤ ਦੀ ਮਰਜ਼ੀ ਦੇ ਸਾਬਕਾ ਜੱਜ ਤੋਂ ਕਰਵਾਉਣ ਸਬੰਧੀ ਸੁਪਰੀਮ ਕੋਰਟ ਦੇ ਸੁਝਾਅ ‘ਤੇ ਸਹਿਮਤੀ ਪ੍ਰਗਟਾਈ ਹੈ। ਲਖੀਮਪੁਰ ਖੀਰੀ ਵਿੱਚ 3 ਅਕਤੂਬਰ ਨੂੰ ਵਾਪਰੀ ਇਸ ਘਟਨਾ ਵਿੱਚ ਚਾਰ ਕਿਸਾਨਾਂ ਸਮੇਤ ਅੱਠ ਜਣੇ ਮਾਰੇ ਗਏ ਸਨ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਨੇ ‘ਸਿਟ’ ਜਾਂਚ ਵਿੱਚ ਘੱਟ ਰੈਂਕ ਦੇ ਪੁਲੀਸ ਅਧਿਕਾਰੀਆਂ ਦੇ ਸ਼ਾਮਲ ਹੋਣ ‘ਤੇ ਵੀ ਉਂਗਲ ਚੁੱਕੀ ਅਤੇ ਜਾਂਚ ਟੀਮ ਵਿੱਚ ਸ਼ਾਮਲ ਕਰਨ ਲਈ ਆਈਪੀਐੱਸ ਅਫ਼ਸਰਾਂ ਦੇ ਨਾਂ ਮੰਗੇ ਜੋ ਯੂਪੀ ਕੇਡਰ ਦੇ ਹੋਣ, ਪਰ ਸੂਬੇ ਦੇ ਵਸਨੀਕ ਨਾ ਹੋਣ। ਚੀਫ਼ ਜਸਟਿਸ ਐੱਨ ਵੀ ਰਾਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ,’ਤੁਸੀਂ ਕੁੱਝ ਆਈਪੀਐੱਸ ਅਫ਼ਸਰਾਂ ਦੇ ਨਾਂ ਕਿਉਂ ਨਹੀਂ ਦਿੰਦੇ? ਸਾਡਾ ਕਹਿਣ ਤੋਂ ਭਾਵ ਹੈ ਸਿੱਧੇ ਭਰਤੀ ਕੀਤੇ ਗਏ ਆਈਪੀਐੱਸ ਅਫ਼ਸਰ ਜੋ ਯੂਪੀ ਕੇਡਰ ‘ਚ ਹੋਣ ਪਰ ਉੱਤਰ ਪ੍ਰਦੇਸ਼ ਸੂਬੇ ਨਾਲ ਸਬੰਧ ਨਾ ਰੱਖਦੇ ਹੋਣ। ਭਲਕੇ ਸ਼ਾਮ ਤੱਕ ਨਾਂ ਦਿਓ।’
ਜਸਟਿਸ ਸੂਰਿਆ ਕਾਂਤ ਅਤੇ ਹਿਮਾ ਕੋਹਲੀ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ ਕਿ ਅਦਾਲਤ ਨੂੰ ਸਬੰਧਤ ਜੱਜ ਦੀ ਸਹਿਮਤੀ ਲੈਣੀ ਪਵੇਗੀ ਅਤੇ ਇਸ ਸੰਵੇਦਨਸ਼ੀਲ ਮਾਮਲੇ ਵਿੱਚ ਜਾਂਚ ਦੀ ਨਿਗਰਾਨੀ ਲਈ ਸੁਪਰੀਮ ਕੋਰਟ ਦੇ ਸਾਬਕਾ ਜੱਜ ਤੇ ਹਾਈ ਕੋਰਟ ਦੇ ਜੱਜਾਂ ਦੇ ਨਾਵਾਂ ‘ਤੇ ਵਿਚਾਰ ਕੀਤੀ ਜਾਵੇਗੀ ਅਤੇ ਇਸ ਸਬੰਧੀ ਨਾਵਾਂ ਦਾ ਐਲਾਨ ਬੁੱਧਵਾਰ ਨੂੰ ਕੀਤਾ ਜਾਵੇਗਾ। ਇਸ ਦੌਰਾਨ ਸਹਿਮਤੀ ਪ੍ਰਗਟਾਉਂਦਿਆਂ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਨੇ ਕਿਹਾ ਕਿ ਸੂਬੇ ਨੂੰ ਸੁਪਰੀਮ ਕੋਰਟ ਵੱਲੋਂ ਜਾਂਚ ਦੀ ਨਿਗਰਾਨੀ ਲਈ ਅਦਾਲਤ ਦੀ ਮਰਜ਼ੀ ਦੇ ਜੱਜ ਦੀ ਨਿਯੁਕਤੀ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ, ਪਰ ਯੂਪੀ ਦਾ ਵਸਨੀਕ ਨਾ ਹੋਣ ਸਬੰਧੀ ਗੱਲ ਜ਼ਿਹਨ ‘ਚ ਨਹੀਂ ਰੱਖੀ ਜਾਣੀ ਚਾਹੀਦੀ ਕਿਉਂਕਿ ਸਬੰਧਤ ਸੂਬੇ ਨਾਲ ਸਬੰਧਤ ਹੋਣਾ ਅਹਿਮ ਕਾਰਕ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਸਿਟ ਜਾਂਚ ਦੀ ਨਿਗਰਾਨੀ ਇੱਕ ਵੱਖਰੀ ਹਾਈ ਕੋਰਟ ਦੇ ਸਾਬਕਾ ਜੱਜ ਤੋਂ ਕਰਵਾਉਣ ਦੇ ਸੁਝਾਅ ਬਾਰੇ ਇਸ ਦੇ ਪੱਖ ਬਾਰੇ 15 ਨਵੰਬਰ ਤੱਕ ਜੁਆਬ ਮੰਗਿਆ ਸੀ। ਜ਼ਿਕਰਯੋਗ ਹੈ ਕਿ ਬੀਤੀ 8 ਨਵੰਬਰ ਨੂੰ ਸੁਪਰੀਮ ਕੋਰਟ ਨੇ ਸੂਬੇ ਵੱਲੋਂ ਕੀਤੀ ਜਾ ਰਹੀ ਜਾਂਚ ‘ਤੇ ਅਸੰਤੁਸ਼ਟੀ ਪ੍ਰਗਟਾਈ ਸੀ। ਬੈਂਚ ਨੇ ਇਹ ਵੀ ਕਿਹਾ ਸੀ ਕਿ ਇਸ ਨੂੰ ਜਾਂਚ ‘ਤੇ ਭਰੋਸਾ ਨਹੀਂ ਹੈ ਤੇ ਕਿਹਾ ਸੀ ਕਿ ਅਦਾਲਤ ਨਹੀਂ ਚਾਹੁੰਦੀ ਕਿ ਇਸ ਕੇਸ ਵਿੱਚ ਸੂਬੇ ਵੱਲੋਂ ਨਿਯੁਕਤ ਇੱਕ ਮੈਂਬਰੀ ਨਿਆਂਇਕ ਕਮਿਸ਼ਨ ਵੱਲੋਂ ਇਸ ਕੇਸ ‘ਚ ਅੱਗੇ ਜਾਂਚ ਕੀਤੀ ਜਾਵੇ। ਦੂਜੇ ਪਾਸੇ ਸੂਬਾ ਸਰਕਾਰ ਨੇ ਇਸ ਘਟਨਾ ਦੀ ਜਾਂਚ ਲਈ ਅਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਜਸਟਿਸ ਪ੍ਰਦੀਪ ਕੁਮਾਰ ਸ੍ਰੀਵਾਸਤਵ ਦੇ ਨਾਂ ਦਾ ਸੁਝਾਅ ਦਿੱਤਾ ਗਿਆ ਸੀ। ਯੂਪੀ ਪੁਲੀਸ ਹੁਣ ਤੱਕ ਇਸ ਕੇਸ ਵਿੱਚ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਿਨ੍ਹਾਂ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਅਸ਼ੀਸ਼ ਮਿਸ਼ਰਾ ਵੀ ਸ਼ਾਮਲ ਹੈ।
Home Page ਲਖੀਮਪੁਰ ਹਿੰਸਾ: ਯੂਪੀ ਸਰਕਾਰ ਸਾਬਕਾ ਜੱਜ ਵੱਲੋਂ ਜਾਂਚ ਦੀ ਨਿਗਰਾਨੀ ਲਈ ਸਹਿਮਤ