ਕੋਵਿਡ -19 ਡੈਲਟਾ ਆਊਟਬ੍ਰੇਕ: ਨਿਊਜ਼ੀਲੈਂਡ ‘ਚ ਅੱਜ ਕਮਿਊਨਿਟੀ ਦੇ 194 ਨਵੇਂ ਹੋਰ ਕੇਸ ਆਏ, 1 ਹੋਰ ਵਿਅਕਤੀ ਦੀ ਮੌਤ

ਵੈਲਿੰਗਟਨ, 17 ਨਵੰਬਰ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 194 ਹੋਰ ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਵਿਅਕਤੀ ਦੀ ਵਾਇਰਸ ਨਾਲ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਦੱਸਿਆ ਕਿ 60 ਸਾਲਾਂ ਦੇ ਇੱਕ ਪੁਰਸ਼ ਦੀ ਨੌਰਥ ਸ਼ੋਰ ਹਸਪਤਾਲ ਵਿੱਚ ਮੌਤ ਹੋ ਗਈ। ਮੰਤਰਾਲੇ ਨੇ ਕਿਹਾ ਕਿ ਉਸ ਨੂੰ ਕੋਵਿਡ ਦੇ ਲੱਛਣਾਂ ਨਾਲ 4 ਨਵੰਬਰ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਬਾਅਦ ਵਿੱਚ ਸਕਾਰਾਤਮਿਕ ਟੈੱਸਟ ਕੀਤਾ ਗਿਆ ਸੀ। ਕੱਲ੍ਹ ਉਸ ਦੀ ਮੌਤ ਹੋ ਗਈ। ਅੱਜ ਦੇ ਨਵੇਂ ਕੇਸ ਨੌਰਥਲੈਂਡ, ਆਕਲੈਂਡ, ਵਾਇਕਾਟੋ, ਲੇਕਸ/ਟੌਪੋ ਅਤੇ ਕੈਂਟਰਬਰੀ ਵਿੱਚ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਇਨ੍ਹਾਂ ਨਵੇਂ 194 ਕੇਸਾਂ ‘ਚੋਂ ਆਕਲੈਂਡ ‘ਚ 180 ਕੇਸ, 5 ਵਾਇਕਾਟੋ ‘ਚ, 4 ਨੌਰਥਲੈਂਡ ‘ਚ, 7 ਲੇਕਸ/ਟੌਪੋ ‘ਚ ਅਤੇ 1 ਕੇਸ ਕੈਂਟਰਬਰੀ ਵਿੱਚ ਆਇਆ ਹੈ। ਕ੍ਰਾਈਸਟਚਰਚ ਵਿੱਚ ਇੱਕ ਵਿਅਕਤੀ ਦਾ ਵਾਇਰਸ ਲਈ ਪਾਜ਼ੇਟਿਵ ਟੈੱਸਟ ਆਇਆ ਹੈ, ਪਰ ਇਸ ਨੂੰ ਵੀਰਵਾਰ ਦੀ ਸੰਖਿਆ ਵਿੱਚ ਜੋੜਿਆ ਜਾਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਆਕਲੈਂਡ ਕਲੱਸਟਰ ਦਾ ਸਪਸ਼ਟ ਸਬੰਧ ਹੈ।
ਅੱਜ ਦੇ ਨਵੇਂ 194 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 6,167 ਹੋ ਗਈ ਹੈ। ਸਾਲ 2020 ਤੋਂ ਕੋਰੋਨਾ ਮਹਾਂਮਾਰੀ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਨਿਊਜ਼ੀਲੈਂਡ ਵਿੱਚ ਕੁੱਲ 9,088 ਕੇਸ ਹੋ ਗਏ ਹਨ, ਜਿਸ ਵਿੱਚੋਂ 5,182 ਕੇਸ ਰਿਕਵਰ ਹੋਏ ਹਨ ਅਤੇ 35 ਮਰੀਜ਼ਾਂ ਦੀ ਮੌਤ ਹੋਈ ਹੈ।
ਅੱਜ ਦੇ ਇਨ੍ਹਾਂ 194 ਕੇਸਾਂ ਵਿੱਚੋਂ 146 ਕੇਸ ਮਹਾਂਮਾਰੀ ਵਿਗਿਆਨ ਨਾਲ ਲਿੰਕ ਹਨ, ਜਦੋਂ ਕਿ 84 ਕੇਸ ਨੂੰ ਮੌਜੂਦਾ ਕੇਸਾਂ ਨਾਲ ਜੋੜਿਆ ਜਾਣਾ ਬਾਕੀ ਹੈ। ਪਿਛਲੇ 14 ਦਿਨਾਂ ਤੋਂ 866 ਕੇਸ ਅਣਲਿੰਕ ਹਨ। ਇਸ ਵੇਲੇ ਹਸਪਤਾਲ ਵਿੱਚ 88 ਮਰੀਜ਼ ਹਨ, ਜਿਨ੍ਹਾਂ ਵਿੱਚੋਂ 7 ਕੇਸ ਸਖ਼ਤ ਦੇਖਭਾਲ (ICU/HDU) ਵਿੱਚ ਹਨ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 17 ਨੌਰਥ ਸ਼ੋਰ ਹਸਪਤਾਲ ‘ਚ, 27 ਮਿਡਲਮੋਰ ਹਸਪਤਾਲ ‘ਚ ਅਤੇ 38 ਆਕਲੈਂਡ ਸਿਟੀ ਹਸਪਤਾਲ ‘ਚ, 1 ਵੈਟਾਕੇਰੇ ਹਸਪਤਾਲ ‘ਚ, 1 ਵਿਅਕਤੀ ਫ਼ਾਂਗਰੇਈ ਹਸਪਤਾਲ ‘ਚ ਅਤੇ 4 ਵਿਅਕਤੀ ਵਾਇਕਾਟੋ ਹਸਪਤਾਲ ਵਿੱਚ ਦਾਖ਼ਲ ਹੈ। ਕੋਵਿਡ -19 ਨਾਲ ਹਸਪਤਾਲਾਂ ਵਿੱਚ ਇਸ ਵੇਲੇ ਦਾਖ਼ਲ ਲੋਕਾਂ ਦੀ ਔਸਤ ਉਮਰ 51 ਸਾਲ ਹੈ।
ਟੀਕਿਆਂ ਦੇ ਮਾਮਲੇ ਵਿੱਚ 12 ਸਾਲ ਤੋਂ ਵੱਧ ਉਮਰ ਦੇ ਨਿਊਜ਼ੀਲੈਂਡ ਦੇ 91 ਫ਼ੀਸਦੀ ਲੋਕਾਂ ਨੇ ਆਪਣਾ ਪਹਿਲਾ ਟੀਕਾ ਲਗਵਾ ਲਿਆ ਹੈ ਅਤੇ 82 ਫ਼ੀਸਦੀ ਨੂੰ ਦੋਵੇਂ ਟੀਕੇ ਲੱਗ ਚੁੱਕੇ ਹਨ।