ਵੈਲਿੰਗਟਨ, 28 ਨਵੰਬਰ ((ਕੂਕ ਪੰਜਾਬੀ ਸਮਾਚਾਰ) – ਪੰਜਾਬੀ ਵੋਮੈਨ ਐਸੋਸੀਏਸ਼ਨ ਵੱਲੋਂ ਇਕ ਬਹੁਤ ਹੀ ਖ਼ੂਬਸੂਰਤ ਸਮਾਗਮ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਖੇ 27 ਨਵੰਬਰ ਨੂੰ ਨੈਸ਼ਨਲ ਲਾਇਬ੍ਰੇਰੀ ਦੇ ਵਿੱਚ ਰੱਖਿਆ ਗਿਆ। ਇਸ ਦੇ ਵਿੱਚ ਪੰਜਾਬੀ ਭਾਈਚਾਰੇ ਤੋਂ ਇਲਾਵਾ ਭਾਰਤੀ ਦੂਤਾਵਾਸ ਤੋਂ ਸ੍ਰੀ ਦੁਰਗਾ ਦਾਸ ਅਤੇ ਪਾਕਿਸਤਾਨੀ ਦੂਤਾਵਾਸ ਤੋਂ ਹਾਲ ਹੀ ਵਿੱਚ ਸੇਵਾਮੁਕਤ ਹੋਏ ਹਾਈ ਕਮਿਸ਼ਨਰ ਅਬਦੁਲ ਮਲਿਕ ਜੀ ਪਹੁੰਚੇ। ਇਨ੍ਹਾਂ ਨੇ ਵਾਰੋ-ਵਾਰੀ ‘ਦੂਜੇ ਪੰਜਾਬੀ ਭਾਸ਼ਾ ਹਫ਼ਤੇ’ ਨੂੰ ਉਜਾਗਰ ਕਰਦੀ ਇਕ ਵਿਸ਼ੇਸ਼ ਨਿਊਜ਼ੀਲੈਂਡ ਪੋਸਟ ਦੀ ਡਾਕ ਟਿਕਟ ਜਾਰੀ ਕੀਤੀ। ਪਹਿਲੀ ਡਾਕ ਟਿਕਟ ਵੇਲੇ ਸਾਊਥ ਹੱਟ ਹਲਕੇ ਦੀ ਸਾਂਸਦ ਜਿੰਨੀ ਐਂਡਰਸਨ ਅਤੇ ਭਾਰਤੀ ਹਾਈ ਕਮਿਸ਼ਨ ਤੋਂ ਪਹਿਲੇ ਸੈਕਰੇਟਰੀ ਸ੍ਰੀ ਦੁਰਗਦਾਸ ਨੇ ਘੁੰਢ ਚੁਕਾਈ ਕੀਤੀ ਜਦੋਂ ਕਿ ਦੂਜੀ ਵੇਲੇ ਭਾਰਤੀ ਮੂਲ ਦੇ ਪਹਿਲੇ ਪੁਲਿਸ ਸੁਪਰਇਨਡੈਂਟ ਸ੍ਰੀ ਰਾਕੇਸ਼ ਨਾਇਡੂ ਤੇ ਸਾਬਕਾ ਪਾਕਿਸਤਾਨੀ ਹਾਈ ਕਮਿਸ਼ਨਰ ਸ੍ਰੀ ਅਬਦੁਲ ਮਲਿਕ ਸਨ। ਫੁਲਕਾਰੀ ਦੇ ਦੁਪੱਟਿਆਂ ਹੇਠਾਂ ਸਜਾਈ ਗਈ ਇਨ੍ਹਾਂ ਡਾਕ ਟਿਕਟਾਂ ਦੀ ਦਿੱਖ ਵੇਖਿਆਂ ਹੀ ਬਣਦੀ ਸੀ।
ਸਮਾਗਮ ਦੀ ਸ਼ਾਨਦਾਰ ਰੂਪ ਰੇਖਾ ਲਈ ਨਵਨੀਤ ਕੌਰ ਵੜੈਚ, ਕਰਮਿੰਦਰ ਕੌਰ ਤੇ ਸਰਬ ਗੁਰਮੀਤ ਕੌਰ ਹੋਰਾਂ ਨੇ ਅਣਥੱਕ ਮਿਹਨਤ ਕੀਤੀ ਹੋਈ ਸੀ। ਬੱਚਿਆਂ ਨੇ ਇਸ ਮੌਕੇ ਪੰਜਾਬੀ ਸਭਿਆਚਾਰ ਦੀਆਂ ਝਲਕੀਆਂ ਪੇਸ਼ ਕੀਆਂ ਅਤੇ ਐਸੋਸੀਏਸ਼ਨ ਵੱਲੋਂ ਬੱਚਿਆਂ ਨੂੰ ਪੰਜਾਬੀ ਕਿਤਾਬਾਂ ਵੰਡੀਆਂ ਗਈ। ਆਏ ਮਹਿਮਾਨਾਂ ਨੂੰ ਡਾਕ ਟਿਕਟ ਨੂੰ ਇਕ ਸੁੰਦਰ ਫਰੇਮ ਦੇ ਵਿੱਚ ਜੜ ਕੇ ਪੇਸ਼ ਕੀਤਾ। ਸਵਾਗਤੀ ਸ਼ਬਦ ਮਨਰਾਜ ਸਿੰਘ ਰਾਹੀ ਅਤੇ ਹਰਪੁਨੀਤ ਕੌਰ ਬਾਠ ਹੋਰਾਂ ਨੇ ਕਹੇ। ਕਾਰਾ ਕੀਆ ਕੁਰਾ ਮਾਓਰੀ ਰਸਮਾਂ ਨਾਲ ਅਰਦਾਸ ਹੋਈ। ਆਕਲੈਂਡ ਤੋਂ ਗਏ ਨਵਤੇਜ ਰੰਧਾਵਾ ਹੋਰਾਂ ਇਸ ਮੌਕੇ ਪੰਜਾਬੀ ਭਾਸ਼ਾ ਉੱਤੇ ਤਿਆਰ ਤੱਤਨੁਮਾ ਇਕ ਪੇਸ਼ਕਾਰੀ ਵਿਖਾਈ। ਸਥਾਨਕ ਸਾਂਸਦ ਜਿੰਨੀ ਐਂਡਰਸਨ ਨੇ ਇਸ ਮੌਕੇ ਵਧਾਈ ਸੰਦੇਸ਼ ਦਿੱਤਾ ਅਤੇ ਬੱਚਿਆਂ ਨੂੰ ਇਨਾਮ ਵੰਡੇ। ਆਕਲੈਂਡ ਤੋਂ ਵਿਸ਼ੇਸ਼ ਤੌਰ ‘ਤੇ ਰੇਡੀਓ ਸਪਾਈਸ ਤੋਂ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ਅਕਾਲ ਫਾਊਂਡੇਸ਼ਨ ਤੋਂ ਸ. ਰਘਬੀਰ ਸਿੰਘ ਜੇ.ਪੀ. ਪਹੁੰਚੇ ਹੋਏ ਸਨ ਅਤੇ ਸਥਾਨਿਕ ਪੱਧਰ ਤੋਂ ਲਾਇਜ਼ਨ ਆਫ਼ੀਸਰ ਸ੍ਰੀ ਫਿਲਿਪ ਪਿੱਚਯੂ, ਮੋਹਿਤ ਅਰੋੜਾ ਪੁਲਿਸ ਅਫ਼ਸਰ, ਸ. ਪਰਮਜੀਤ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।
Home Page ਵੈਲਿੰਗਟਨ ‘ਚ ਦੂਜੇ ਪੰਜਾਬੀ ਭਾਸ਼ਾ ਹਫ਼ਤਾ ਸਬੰਧੀ ਯਾਦਗਾਰੀ ਸਮਾਗਮ ਤੇ ਡਾਕ ਟਿਕਟ...