ਸੁਖਬੀਰ ਨੇ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਬਣਾਇਆ
ਚੰਡੀਗੜ੍ਹ, 9 ਦਸੰਬਰ – ਸੂਬੇ ਵਿੱਚ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਵੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਪੁਰਾਣੇ ਟਕਸਾਲੀ ਅਕਾਲੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵੀਨਰ ਰਹੇ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਜਥੇਦਾਰ ਛੋਟੇਪੁਰ ਨੇ 1986 ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਲੀਸ ਭੇਜਣ ਦੇ ਰੋਸ ਵਜੋਂ ਬਰਨਾਲਾ ਵਜ਼ਾਰਤ ‘ਚੋਂ ਅਸਤੀਫ਼ਾ ਦਿੱਤਾ ਸੀ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਛੋਟੇਪੁਰ ਨੂੰ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਪ੍ਰਧਾਨ ਨੇ ਉਨ੍ਹਾਂ ਨੂੰ ਬਟਾਲਾ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਬਣਾਉਣ ਦਾ ਵੀ ਐਲਾਨ ਕੀਤਾ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਜਥੇਦਾਰ ਛੋਟੇਪੁਰ ਦੀ ਅਕਾਲੀ ਦਲ ਵਿੱਚ ਵਾਪਸੀ ਨਾਲ ਪੰਥਕ ਤਾਕਤਾਂ ਅਤੇ ਪੰਜਾਬ ਵਿੱਚ ਸ਼ਾਂਤੀ ਤੇ ਫ਼ਿਰਕੂ ਸਦਭਾਵਨਾ ਦੀ ਭਾਵਨਾ ਮਜ਼ਬੂਤ ਹੋਈ ਹੈ। ਇਸ ਮੌਕੇ ਅਕਾਲੀ ਦਲ ਦੇ ਉੱਘੇ ਆਗੂ ਜਥੇਦਾਰ ਮੋਹਣ ਸਿੰਘ ਤੁੜ ਦਾ ਪੋਤਰਾ ਅਮਰਿੰਦਰ ਸਿੰਘ ਤੁੜ ਵੀ ਜਥੇਦਾਰ ਛੋਟੇਪੁਰ ਨਾਲ ਪਾਰਟੀ ਵਿੱਚ ਸ਼ਾਮਲ ਹੋਇਆ। ਜਥੇਦਾਰ ਛੋਟੇਪੁਰ ਨੇ ਕਿਹਾ ਕਿ ਕਾਂਗਰਸ, ਭਾਜਪਾ ਅਤੇ ‘ਆਪ’ ਤਿੰਨਾਂ ਗ਼ੈਰ-ਪੰਜਾਬੀ ਧਾੜਵੀਆਂ ਦੇ ਹਮਲੇ ਕਾਰਨ ਪੰਜਾਬ ਦੀ ਵਿਲੱਖਣ ਸਭਿਆਚਾਰਕ ਏਕਤਾ ਦੇ ਨਾਲ ਨਾਲ ਸ਼ਾਂਤੀ, ਤਰੱਕੀ ਤੇ ਖ਼ੁਸ਼ਹਾਲੀ ਲਈ ਖ਼ਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਤਿੰਨੋਂ ਹਿੰਦੂਆਂ-ਸਿੱਖਾਂ ਵਿਚਾਲੇ ਮੱਤਭੇਦ ਪੈਦਾ ਕਰਕੇ, ਵੰਡੀਆਂ ਪਾ ਕੇ ਨਫ਼ਰਤ ਫੈਲਾ ਕੇ ਤੇ ਭੁਲੇਖਾ ਪੈਦਾ ਕਰ ਕੇ ਅਤੇ ਸਿੱਖ ਕੌਮ ਵਿਚ ਹੀ ਖ਼ਾਨਾ-ਜੰਗੀ ਕਰਵਾ ਕੇ ਪੰਜਾਬ ਦੀ ਕਿਸਮਤ ਖੋਹਣਾ ਚਾਹੁੰਦੇ ਹਨ।
Home Page ਸੁੱਚਾ ਸਿੰਘ ਛੋਟੇਪੁਰ ਮੁੜ ਅਕਾਲੀ ਦਲ ‘ਚ ਸ਼ਾਮਲ ਹੋਏ ਬਟਾਲਾ ਤੋਂ ਲੜਨਗੇ...