ਪੰਜਾਬੀਆਂ ਨੇ 2021 ਦੇ ਸਾਲ ਵਿੱਚ ਬਹੁਤ ਸਾਰੀਆਂ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਸਫ਼ਲਤਾ ਕਿਸਾਨ ਅੰਦੋਲਨ ਦੀ ਅਗਵਾਈ ਕਰਕੇ ਉਸ ਦੀ ਜਿੱਤ ਦੇ ਝੰਡੇ ਗੱਡਣਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਮਜ਼ਦੂਰ ਅੰਦੋਲਨ ਇਕ ਸਾਲ ਲਗਾਤਾਰ ਚੱਲਣ ਕਰਕੇ 2021 ਦਾ ਵਰ੍ਹਾ ਭਾਰਤੀਆਂ ਅਤੇ ਖ਼ਾਸ ਤੌਰ ‘ਤੇ ਪੰਜਾਬੀਆਂ ਲਈ ਇਤਿਹਾਸਿਕ ਸਾਲ ਸਾਬਤ ਹੋਇਆ ਹੈ। ਜਿਸ ਨੇ ਸਮੁੱਚੇ ਭਰਤੀਆਂ/ਪੰਜਾਬੀਆਂ ਵਿੱਚ ਆਪਣੇ ਹੱਕਾਂ ਲਈ ਲੜਾਈ ਲੜਨ ਵਾਸਤੇ ਜਾਗ੍ਰਿਤੀ ਪੈਦਾ ਕਰਨ ਦਾ ਕੰਮ ਕੀਤਾ ਹੈ। ਇਸ ਅੰਦੋਲਨ ਦੌਰਾਨ ਸਾਰਾ ਸਾਲ ਸਭ ਤੋਂ ਜ਼ਿਆਦਾ ਚਰਚਾ ਵਿੱਚ ਅਮਰੀਕਾ ਤੋਂ ਅੰਦੋਲਨ ਵਿੱਚ ਹਿੱਸਾ ਲੈਣ ਆਏ ਦਿਲ ਦੇ ਰੋਗਾਂ ਦੇ ਮਾਹਿਰ ਡਾ ਸਵੈਮਾਨ ਸਿੰਘ ਪੱਖੋਕੇ ਰਹੇ ਹਨ। ਕਿਸਾਨ ਮਜ਼ਦੂਰ ਅੰਦੋਲਨ ਦੀ ਸਫ਼ਲਤਾ ਨੇ ਬਹੁਤ ਸਾਰੇ ਛੁਪੇ ਹੋਏ ਪੰਜਾਬੀ ਹੀਰੇ ਮੋਤੀ ਸਾਹਮਣੇ ਲਿਆਂਦੇ ਹਨ, ਜਿਨ੍ਹਾਂ ਦੀ ਚਮਕ ਨੇ ਸਮਾਜ ਦੀਆਂ ਅੱਖਾਂ ਚੁੰਧਿਆਈਆਂ ਹੀ ਨਹੀਂ ਸਗੋਂ ਸਮੂਹਕ ਤੌਰ ਤੇ ਉਨ੍ਹਾਂ ਦੀ ਰੌਸ਼ਨੀ ਨੇ ਅਨੇਕਾਂ ਅੱਖਾਂ ਨੂੰ ਗਿਆਨ ਅਤੇ ਸੇਵਾ ਦੀ ਭਾਵਨਾ ਪੈਦਾ ਕਰਨ ਵਿੱਚ ਅਗਵਾਈ ਦਿੱਤੀ ਹੈ। ਇਨਸਾਨ ਦੀ ਕਾਬਲੀਅਤ ਦਾ ਸਿਰਫ਼ ਉਦੋਂ ਹੀ ਪਤਾ ਲੱਗਦਾ ਹੈ, ਜੱਦੋ ਉਸ ਨੂੰ ਆਪਣੀ ਕਾਬਲੀਅਤ ਦਾ ਪ੍ਰਗਟਾਵਾ ਕਰਨ ਦਾ ਮੌਕਾ ਮਿਲਦਾ ਹੈ। ਪੰਜਾਬੀ ਸਾਰੇ ਸੰਸਾਰ ਵਿੱਚ ਵਸੇ ਹੋਏ ਹਨ। ਉਨ੍ਹਾਂ ਵਿੱਚ ਚੰਦ ਕੁ ਅਜਿਹੇ ਇਨਸਾਨ ਵੀ ਹੋਣਗੇ ਜਿਨ੍ਹਾਂ ਦੀ ਕਾਬਲੀਅਤ ਸੰਸਾਰ ਲਈ ਹੈਰਾਨੀ ਪੈਦਾ ਕਰਨ ਦੀ ਸਮਰੱਥਾ ਰੱਖਦੀ ਹੋਵੇਗੀ। ਪ੍ਰੰਤੂ ਆਮ ਤੌਰ ‘ਤੇ ਉਨ੍ਹਾਂ ਦੀ ਕਾਬਲੀਅਤ ਆਪਣੇ ਕਾਰੋਬਾਰ ਦੇ ਖੇਤਰ ਵਿੱਚ ਹੀ ਜਾਣੀ ਜਾਂਦੀ ਹੈ। ਕਿਸਾਨ ਮਜ਼ਦੂਰ ਅੰਦੋਲਨ ਵਿੱਚ ਸਮੁੱਚੇ ਸੰਸਾਰ ਵਿੱਚੋਂ ਪੰਜਾਬੀਆਂ ਨੇ ਹੁੰਮ੍ਹ ਹੁੰਮਾ ਕੇ ਕਿਸੇ ਨਾ ਕਿਸੇ ਨਾ ਕਿਸੇ ਰੂਪ ਵਿੱਚ ਸ਼ਮੂਲੀਅਤ ਕੀਤੀ ਹੈ। ਕਿਸੇ ਨੇ ਆਰਥਿਕ, ਸਮਾਜਿਕ, ਭਾਵਨਾਤਮਿਕ, ਪ੍ਰਬੰਧਕੀ ਅਤੇ ਕਿਸੇ ਨੇ ਨਿੱਜੀ ਤੌਰ ਤੇ ਪਹੁੰਚ ਕੇ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਅੰਦੋਲਨ ਦੀ ਸਫ਼ਲਤਾ ਦਾ ਰਾਜ ਵੀ ਸਮੂਹਿਕ ਯੋਗਦਾਨ ਕਰਕੇ ਹੀ ਸੰਭਵ ਹੋ ਸਕਿਆ ਹੈ ਪ੍ਰੰਤੂ ਕੁਝ ਕੁ ਵਿਅਕਤੀਆਂ ਦੇ ਨਿੱਜੀ ਸਰਬਪੱਖੀ ਅਤੇ ਬਹੁ-ਪੱਖੀ ਯੋਗਦਾਨ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਦੀ ਸਮਾਜ ਨੂੰ ਦਾਦ ਦੇ ਕੇ ਸਿਰ ਝੁਕਾਉਣ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਇਨਸਾਨ ਨੂੰ ਅਹਿਸਾਨ ਫ਼ਰਾਮੋਸ਼ ਨਹੀਂ ਹੋਣਾ ਚਾਹੀਦਾ। ਜੇਕਰ ਸਮਾਜ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਮੁੱਲ ਨਹੀਂ ਪਾਵੇਗਾ ਤਾਂ ਉਸ ਦੇ ਯੋਗਦਾਨ ਨੂੰ ਅਣਡਿੱਠ ਕਰਨ ਦੀ ਕੋਤਾਹੀ ਸਮਾਜਿਕ ਤਾਣੇ ਬਾਣੇ ਨੂੰ ਸਦਾ ਲਈ ਤੜਪਾਉਂਦੀ ਰਹੇਗੀ। ਇਹ ਤਾਂ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਇਕ ਵਿਅਕਤੀ ਦੇ ਯੋਗਦਾਨ ਕਰਕੇ ਸਫਲਤਾ ਨੇ ਕਿਸਾਨ ਮਜ਼ਦੂਰ ਅੰਦੋਲਨ ਦੇ ਪੈਰ ਚੁੰਮੇ ਹਨ ਪ੍ਰੰਤੂ ਸਮਾਜ ਉਨ੍ਹਾਂ ਦੀ ਨਿੱਜੀ ਹਿੰਮਤ ਨੂੰ ਅੱਖੋਂ ਪਰੋਖੇ ਕਰਨ ਦੀ ਗ਼ਲਤੀ ਵੀ ਨਹੀਂ ਕਰ ਸਕਦਾ।
ਭਾਰਤ ਵਿੱਚ ਵੱਸਦੇ ਪੰਜਾਬੀਆਂ ਨੇ ਤਾਂ ਅੰਦੋਲਨ ਵਿੱਚ ਬਣਦਾ ਯੋਗਦਾਨ ਪਾਇਆ ਹੀ ਹੈ ਪ੍ਰੰਤੂ ਪਰਵਾਸੀ ਭਾਰਤੀਆਂ ਦੇ ਯੋਗਦਾਨ ਨੇ ਤਾਂ ਨਵੇਂ ਕੀਰਤੀਮਾਨ ਸਥਾਪਤ ਕਰ ਦਿੱਤੇ ਹਨ। ਇਸ ਅੰਦੋਲਨ ਦੌਰਾਨ ਪਰਵਾਸੀ ਭਾਰਤੀਆਂ/ਪੰਜਾਬੀਆਂ ਵਿੱਚੋਂ ਇਕ ਨਾਮ ਉੱਭਰ ਕੇ ਸਾਹਮਣੇ ਆਇਆ ਹੈ, ਜਿਸ ਨੇ ਸਮੁੱਚੇ ਸੰਸਾਰ ਦੀਆਂ ਨਿਗਾਹਾਂ ਆਪਣੇ ਵੱਲ ਖਿੱਚੀਆਂ ਹੀ ਨਹੀਂ ਸਗੋਂ ਸਮਾਜ ਨੂੰ ਆਪਣੇ ਫ਼ਰਜ਼ ਨਿਭਾਉਣ ਲਈ ਪ੍ਰੇਰਿਤ ਵੀ ਕੀਤਾ ਹੈ। । ਉਹ ਨਾਮ ਹੈ ਸਰਬ ਕਲਾ ਸੰਪੂਰਨ ਅਤੇ ਸਮਰੱਥ ਇਨਸਾਨ ਦਿਲ ਦੇ ਰੋਗਾਂ ਦੇ ਮਾਹਿਰ ਡਾ ਸਵੈਮਾਨ ਸਿੰਘ ਪੱਖੋਕੇ, ਜਿਹੜੇ ਅਮਰੀਕਾ ਤੋਂ ”ਫਾਈਵ ਰਿਵਰਜ਼ ਹਰਟ ਐਸੋਸੀਏਸ਼ਨ ਜੈਕਸਨ ਨਿਊਜਰਸੀ” ਸੰਸਥਾ ਦੇ ਬੈਨਰ ਹੇਠ ਅੰਦੋਲਨ ਵਿੱਚ ਸ਼ਾਮਲ ਅੰਦੋਲਨਕਾਰੀਆਂ ਦੀ ਵਿਲੱਖਣ ਸੇਵਾ ਕਰਨ ਦਾ ਮਾਣ ਹਾਸਲ ਕਰ ਚੁੱਕੇ ਹਨ। ਅੱਜ ਦੇ ਪਦਾਰਥਵਾਦੀ ਜ਼ਮਾਨੇ ਵਿੱਚ ਜਦੋਂ ਲੋਕਾਂ ਨੂੰ ਆਪੋ ਧਾਪੀ ਪਈ ਹੋਈ ਹੈ ਅਤੇ ਖ਼ਾਸ ਤੌਰ ਤੇ ਪੰਜਾਬੀ ਵਹੀਰਾਂ ਘੱਤ ਕੇ ਪਰਵਾਸ ਵਿੱਚ ਜਾ ਕੇ ਸੈਟਲ ਹੋਣ ਲਈ ਲਟਾ ਪੀਂਘ ਹੋਏ ਫਿਰਦੇ ਹਨ। ਜਾਇਜ਼ ਨਜਾਇਜ਼ ਢੰਗ ਵਰਤ ਕੇ ਪਰਵਾਸ ਨੂੰ ਭੱਜੇ ਜਾ ਰਹੇ ਹਨ ਤਾਂ ਅਜਿਹੇ ਹਾਲਾਤ ਵਿੱਚ ਆਰਾਮਦਾਇਕ ਜ਼ਿੰਦਗੀ ਨੂੰ ਲੱਤ ਮਾਰ ਕੇ ਅਣਸੁਖਾਵੇਂ ਹਾਲਾਤ ਵਿੱਚ ਜੂਝ ਰਹੇ ਕਿਸਾਨ ਮਜ਼ਦੂਰਾਂ ਦੀ ਬਾਂਹ ਫੜਨ ਲਈ ਅਮਰੀਕਾ ਵਰਗੇ ਸੰਸਾਰ ਦੇ ਸਭ ਤੋਂ ਸੁੰਦਰ, ਖ਼ੁਸ਼ਹਾਲ ਅਤੇ ਵਿਕਾਸਮਈ ਦੇਸ਼ ਵਿੱਚੋਂ ਲੱਖਾਂ ਡਾਲਰਾਂ ਦੀ ਚਕਾਚੌਂਧ ਵਾਲੀ ਨੌਕਰੀ ਨੂੰ ਤਿਲਾਂਜਲੀ ਦੇ ਕੇ ਆਪਣੀ ਮਾਤ ਭੂਮੀ ਨੂੰ ਸਿੱਜਦਾ ਕਰਨ ਲਈ ਆਉਣ ਵਾਲੇ ਇਨਸਾਨ ਨੂੰ ਫ਼ਰਿਸ਼ਤਾ ਨਹੀਂ ਕਹਾਂਗੇ ਤਾਂ ਹੋਰ ਕਿਹੜਾ ਸ਼ਬਦ ਵਰਤਾਂਗੇ? ਉਹ ਆਪਣੀ ਡੇਢ ਸਾਲ ਦੀ ਅਣਭੋਲ ਅਤੇ ਮਾਸੂਮ ਬੱਚੀ ਤੋਂ ਵੀ ਪਿਛਲੇ ਇਕ ਸਾਲ ਤੋਂ ਦੂਰ ਰਹੇ ਹਨ, ਜਿਹੜੀ ਆਪਣੇ ਪਿਤਾ ਨੂੰ ਮਿਸ ਕਰਦੀ ਰਹੀ ਅਤੇ ਸਿਰਫ਼ ਵੀਡੀਓਜ਼ ਵਿੱਚ ਵੇਖ ਕੇ ਹੀ ਸੰਤੁਸ਼ਟ ਹੁੰਦੀ ਰਹੀ।
ਪਿਤਾ ਜਸਵਿੰਦਰ ਪਾਲ ਸਿੰਘ ਪੱਖੋਕੇ ਅਤੇ ਮਾਤਾ ਸੁਰਿੰਦਰ ਕੌਰ ਪੱਖੋਕੇ ਦੀ ਅਮੀਰ ਵਿਰਾਸਤ ਦਾ ਚਸ਼ਮੇ ਚਿਰਾਗ਼ ਜਿਨ੍ਹਾਂ ਨੇ ਆਪਣੇ ਮਾਪਿਆਂ ਦੀ ਜੱਦੋਜਹਿਦ ਅਤੇ ਸਮੂਹਿਕ ਸਮਾਜਿਕ ਹਿਤਾਂ ਲਈ ਕੀਤੀ ਕੁਰਬਾਨੀ ‘ਤੇ ਪਹਿਰਾ ਦਿੰਦਿਆਂ ਕੰਡਿਆਲੇ ਰਸਤਿਆਂ ‘ਤੇ ਤੁਰਦਿਆਂ ਕਿਸਾਨ ਮਜ਼ਦੂਰ ਅੰਦੋਲਨ ਦੀ ਸਫਲਤਾ ਵਿੱਚ ਬਹੁਪੱਖੀ ਯੋਗਦਾਨ ਪਾਉਂਦਿਆਂ ਰਾਤਾਂ ਜਾਗ ਕੇ ਸੇਵਾ ਕੀਤੀ ਹੈ। ਦੇਸ਼ ਭਗਤੀ ਉਸ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਹੈ। ਇਸ ਦਾ ਮੁੱਖ ਕਾਰਨ ਉਨ੍ਹਾਂ ਦੀ ਦੇਸ਼ ਭਗਤਾਂ ਦੀ ਅਮੀਰ ਵਿਰਾਸਤ ਹੈ। ਉਨ੍ਹਾਂ ਦੇ ਪੜਨਾਨਾ ਤਾਰਾ ਸਿੰਘ ਜੈਤੋ ਦੇ ਮੋਰਚੇ ਵਿੱਚ ਗ੍ਰਿਫ਼ਤਾਰੀ ਹੋਏ ਅਤੇ ਨਾਭਾ ਜੇਲ੍ਹ ਵਿੱਚ ਤੇਜਾ ਸਿੰਘ ਸਮੁੰਦਰੀ ਨਾਲ ਨਜ਼ਰਬੰਦ ਰਹੇ। ਇਸੇ ਤਰ੍ਹਾਂ ਉਨ੍ਹਾਂ ਦੇ ਦਾਦਾ ਜਗਜੀਤ ਸਿੰਘ ਸਾਰੀ ਉਮਰ ਆਪਣੇ ਪਿੰਡ ਦੇ ਸਰਪੰਚ ਹੁੰਦਿਆਂ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਹਿੱਸਾ ਲੈਂਦੇ ਰਹੇ ਸਨ। ਇਹ ਤਾਂ ਵੇਖਣ ਨੂੰ ਮਿਲਦਾ ਹੈ ਕਿ ਇਨਸਾਨ ਆਪੋ ਆਪਣੇ ਖੇਤਰ ਵਿੱਚ ਮੁਹਾਰਤ ਰੱਖਦਾ ਹੋਵੇ ਪ੍ਰੰਤੂ ਡਾ ਸਵੈਮਾਨ ਸਿੰਘ ਪੱਖੋਕੇ ਅਜਿਹੇ ਵਿਅਕਤੀ ਹਨ, ਜਿਹੜੇ ਡਾਕਟਰੀ ਖੇਤਰ ਤੋਂ ਇਲਾਵਾ ਪ੍ਰਬੰਧਕੀ ਯੋਗਤਾ ਵੀ ਰੱਖਦੇ ਹਨ। ਉਹ ਆਪਣੀ ਡਾਕਟਰਾਂ ਦੀ ਟੀਮ ਨਾਲ ਹਰ ਪੰਡਾਲ, ਝੌਂਪੜੀ, ਟਰਾਲੀ ਅਤੇ ਲੰਗਰਾਂ ਵਿੱਚ ਜਾ ਕੇ ਮਰੀਜ਼ਾਂ ਨੂੰ ਦਵਾਈਆਂ ਦਿੰਦੇ ਰਹੇ। ਅੱਧੀ ਅੱਧੀ ਰਾਤ ਤੱਕ ਉਹ ਲੋਕ ਸੇਵਾ ਵਿੱਚ ਜੁਟੇ ਰਹਿੰਦੇ ਸਨ। ਉਨ੍ਹਾਂ ਦੀ ਲੋਕ ਸੇਵਾ ਦੀ ਲਗਨ ਅਤੇ ਦ੍ਰਿੜ੍ਹਤਾ ਨੇ ਅੰਦੋਲਨਕਾਰੀਆਂ ਦੇ ਦਿਲ ਜਿੱਤ ਲਏ। ਉਹ ਸਥਾਨਕ ਲੋਕਾਂ ਨੂੰ ਵੀ ਦਵਾਈਆਂ ਦਿੰਦੇ ਰਹੇ ਹਨ। ਭਾਈ ਘਨੱਈਆ ਦੇ ਪੈਰ ਚਿੰਨ੍ਹਾਂ ‘ਤੇ ਚਲਦੇ ਹੋਏ ਹਰ ਵਰਗ ਦੀ ਸੇਵਾ ਭਾਵੇਂ ਉਹ ਪੁਲਿਸ ਵਾਲੇ ਹੀ ਕਿਉਂ ਨਾ ਹੋਣ ਸੱਚੇ ਦਿਲੋਂ ਕੀਤੀ? ਜੇ ਉਨ੍ਹਾਂ ਨੂੰ ਗੁਣਾ ਦੀ ਗੁਥਲੀ ਕਹਿ ਲਿਆ ਜਾਵੇ ਤਾਂ ਕੋਈ ਅੱਤਕਥਨੀ ਨਹੀਂ। ਅੱਜ ਦਿਨ ਉਹ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰ ਰਹੇ ਹਨ। ਜਦੋਂ ਉਨ੍ਹਾਂ ਨੂੰ ਗਰਮੀਆਂ ਦੇ ਮੌਸਮ ਵਿੱਚ ਕਿਸਾਨਾਂ ਲਈ ਰੈਣ ਬਸੇਰਿਆਂ ਦੀ ਘਾਟ ਮਹਿਸੂਸ ਹੋਈ ਤਾਂ ਉਨ੍ਹਾਂ ਇਸਤਰੀਆਂ ਲਈ ਰੈਣ ਬਸੇਰਾ ਬਣਾ ਦਿੱਤਾ, ਜਦੋਂ ਅੰਦੋਲਨਕਾਰੀਆਂ ਵਿੱਚ ਬਿਮਾਰੀਆਂ ਫੈਲਣ ਲੱਗੀਆਂ ਤਾਂ ਸਫ਼ਾਈ ਦਾ ਪ੍ਰਬੰਧ ਕਰ ਦਿੱਤਾ। ਏਥੇ ਹੀ ਬਸ ਨਹੀਂ ਪੀਣ ਲਈ ਸਾਫ਼ ਪਾਣੀ ਦਾ ਇੰਤਜ਼ਾਮ ਕਰਵਾ ਦਿੱਤਾ। ਸਭ ਤੋਂ ਵਿਲੱਖਣ ਕੰਮ ਅੰਦੋਲਨਕਾਰੀਆਂ ਦੇ ਪੜ੍ਹਨ ਲਈ ਲਾਇਬਰੇਰੀ ਸਥਾਪਤ ਕਰ ਦਿੱਤੀ। ਇੱਥੋਂ ਤੱਕ ਕਿ ਜਦੋਂ ਹਰਿਆਣਾ ਵਿੱਚ ਕਿਸਾਨਾਂ ਨੇ ਕਰਨਾਲ ਜੀ ਟੀ ਰੋਡ ‘ਤੇ ਅੰਦੋਲਨ ਸ਼ੁਰੂ ਕੀਤਾ ਤਾਂ ਸ਼ਾਮਿਆਨੇ ਦਾ ਸਾਮਾਨ ਟਰੱਕਾਂ ਵਿੱਚ ਲੱਦ ਕੇ ਉੱਥੇ ਪਹੁੰਚ ਗਏ ਤਾਂ ਜੋ ਅੰਦੋਲਨਕਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਭਾਸ਼ਣ ਦੇ ਕੇ ਲੋਕਾਂ ਨੂੰ ਕੀਲ ਕੇ ਰੱਖਣ ਅਤੇ ਉਨ੍ਹਾਂ ਨੂੰ ਅੰਦੋਲਨ ਵਿੱਚ ਸ਼ਾਂਤਮਈ ਢੰਗ ਨਾਲ ਹਿੱਸਾ ਪਾਉਣ ਦੀ ਪ੍ਰੇਰਨਾ ਵੀ ਆਪਣੀ ਕਿਸਮ ਦੀ ਸੀ, ਜਿਸ ਕਰਕੇ ਲੋਕ ਉਨ੍ਹਾਂ ਦੀ ਹਰ ਆਖੀ ਗੱਲ ਉੱਪਰ ਵਿਸ਼ਵਾਸ ਹੀ ਨਹੀਂ ਕਰਦੇ ਸਨ, ਸਗੋਂ ਅਮਲ ਵੀ ਕਰਦੇ ਸਨ। ਉਹ ਨੌਜਵਾਨਾ, ਬਜ਼ੁਰਗਾਂ ਅਤੇ ਮਾਤਾਵਾਂ ਭੈਣਾਂ ਦੇ ਮਾਰਗ ਦਰਸ਼ਕ ਬਣੇ। ਨੌਜਵਾਨਾ ਨੂੰ ਲਾਮਬੰਦ ਕਰਕੇ ਉਨ੍ਹਾਂ ਦੇ ਮਨੋਰੰਜਨ ਲਈ ਖੇਡਾਂ ਕਰਵਾਉਂਦੇ ਰਹੇ। ਉਨ੍ਹਾਂ ਤੋਂ ਅੰਦੋਲਨਕਾਰੀ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਵੱਖ-ਵੱਖ ਪੰਡਾਲਾਂ ਵਿੱਚ ਭਾਸ਼ਣ ਦੇਣ ਲਈ ਬੁਲਾਇਆ ਜਾਣ ਲੱਗ ਪਿਆ। 26 ਜਨਵਰੀ ਦੀ ਲਾਲ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਉਨ੍ਹਾਂ ਦੀ ਅਪੀਲ ਲੋਕਾਂ ਦੇ ਦਿਲਾਂ ਨੂੰ ਹਲੂਣ ਗਈ ਸੀ। ਅਜਿਹੇ ਉੱਦਮ ਉਹ ਵਿਅਕਤੀ ਹੀ ਕਰ ਸਕਦਾ ਹੈ, ਜਿਸ ਦਾ ਅਕਸ ਸਾਫ਼ ਹੋਵੇ ਅਤੇ ਲੋਕਾਂ ਦਾ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਹੋ ਜਾਵੇ। ਲੋਕਾਂ ਤੋਂ ਸਹਿਯੋਗ ਪ੍ਰਾਪਤ ਕਰਨ ਦੀ ਸਮਰੱਥਾ ਵੀ ਉਨ੍ਹਾਂ ਦੀ ਕਮਾਲ ਦੀ ਹੈ। ਦੇਸ਼ ਵਿਦੇਸ਼ ਤੋਂ ਹਰ ਵਿਅਕਤੀ ਉਨ੍ਹਾਂ ਨੂੰ ਸਹਿਯੋਗ ਦਿੰਦਾ ਰਿਹਾ ਹੈ। ਅੰਦੋਲਨ ਖ਼ਤਮ ਹੋਣ ਤੋਂ ਬਾਅਦ ਉਨ੍ਹਾਂ ਨੇ ਅੰਦੋਲਨਕਾਰੀਆਂ ਨੂੰ ਸਾਰੀਆਂ ਥਾਵਾਂ ਦੀ ਸਫ਼ਾਈ ਕਰਨ ਲਈ ਪ੍ਰਬੰਧ ਕੀਤੇ ਤਾਂ ਜੋ ਸਮਾਜ ‘ਤੇ ਅੰਦੋਲਨ ਦਾ ਮਾੜਾ ਪ੍ਰਭਾਵ ਨਾ ਪਵੇ। ਇਸ ਸਮੇਂ ਸਮੁੱਚੇ ਪੰਜਾਬ ਵਿੱਚ ਡਾ ਸਵੈਮਾਨ ਸਿੰਘ ਦੀ ਮੰਗ ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ ਹੈ। ਹਰ ਸੰਸਥਾ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕਰਨਾ ਚਾਹੁੰਦੀ ਹੈ। ਹੁਣ ਉਹ ਪੰਜਾਬੀਆਂ ਨੇ ਜਿਸ ਤਰ੍ਹਾਂ ਅੰਦੋਲਨ ਦੀ ਸਫਲਤਾ ਲਈ ਇਕਮੁਠਤਾ ਦਾ ਸਬੂਤ ਦਿੱਤਾ ਹੈ, ਉਨ੍ਹਾਂ ਨੂੰ ਉਸੇ ਤਰ੍ਹਾਂ ਪੰਜਾਬ ਦੀ ਰਾਜਨੀਤੀ ਵਿੱਚ ਸਾਫ਼ ਸੁਥਰੇ ਅਕਸ ਵਾਲੇ ਵਿਧਾਨਕਾਰਾਂ ਦੀ ਚੋਣ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਨਿਮਰਤਾ ਅਤੇ ਦੇਸ਼ ਭਗਤੀ ਦੇ ਪੁਜਾਰੀ ਡਾ ਸਵੈਮਾਨ ਸਿੰਘ ਦਾ ਹਰ ਪੰਜਾਬੀ ਆਪਣੇ ਆਪ ਨੂੰ ਉਨ੍ਹਾਂ ਦਾ ਕਰਜ਼ਈ ਸਮਝਦਾ ਹੈ। ਅੰਦੋਲਨ ਸਮਾਪਤ ਹੋਣ ਤੋਂ ਬਾਅਦ ਲਗਪਗ ਹਰ ਅੰਦੋਲਨਕਾਰੀ ਆਪਣੇ ਪਰਿਵਾਰਾਂ ਵਿੱਚ ਆਉਣ ਲਈ ਤਤਪਰ ਸੀ ਪ੍ਰੰਤੂ ਡਾ ਸਵੈਮਾਨ ਸਿੰਘ ਪੱਖੋਕੇ ਵਾਪਸ ਆਪਣੇ ਪਰਿਵਾਰ ਵਿੱਚ ਜਾਣ ਦੀ ਥਾਂ ਪੰਜਾਬੀਆਂ ਨੂੰ ਸਵੱਛ ਲੋਕਾਂ ਦੀ ਰਾਜਨੀਤਕ ਤਬਦੀਲੀ ਲਿਆਉਣ ਲਈ ਪੰਜਾਬ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਪੰਜਾਬੀਆਂ ਨੂੰ ਉਨ੍ਹਾਂ ਦੀ ਡੈਡੀਕੇਸ਼ਨ ਤੋਂ ਸਬਕ ਸਿੱਖਣਾ ਚਾਹੀਦਾ ਹੈ।
Columns 2021 ਦਾ ਸਤਿਕਾਰਤ ਸਰਵੋਤਮ ਪੰਜਾਬੀ, ਪੰਜਾਬੀਆਂ ਦਾ ਮਾਣ : ਡਾ ਸਵੈਮਾਨ ਸਿੰਘ...