ਨਵੀਂ ਦਿੱਲੀ, 12 ਜਨਵਰੀ – ਮਸਕਟ ਵਿੱਚ 21 ਤੋਂ 28 ਜਨਵਰੀ ਤੱਕ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ ਭਾਰਤ ਦੀ ਤਜਰਬੇਕਾਰ ਗੋਲਕੀਪਰ ਸਵਿਤਾ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਲਈ ਅੱਜ ਹਾਕੀ ਇੰਡੀਆ ਨੇ ਟੀਮ ਦਾ ਐਲਾਨ ਕੀਤਾ, ਜਿਸ ਵਿੱਚ ਟੋਕੀਓ ਉਲੰਪਿਕ ਵਿੱਚ ਹਿੱਸਾ ਲੈਣ ਵਾਲੀਆਂ 16 ਖਿਡਾਰਨਾਂ ਸ਼ਾਮਲ ਹਨ। ਭਾਰਤੀ ਮਹਿਲਾ ਹਾਕੀ ਟੀਮ ਦੀ ਨਿਯਮਤ ਕਪਤਾਨ ਰਾਣੀ ਰਾਮਪਾਲ ਜੋ ਸੱਟ ਤੋਂ ਉੱਭਰ ਰਹੀ ਹੈ ਅਤੇ ਇਸ ਲਈ ਸਵਿਤਾ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ।
ਭਾਰਤ ਨੂੰ ਜਾਪਾਨ, ਮਲੇਸ਼ੀਆ ਅਤੇ ਸਿੰਗਾਪੁਰ ਦੇ ਨਾਲ ਪੂਲ ‘ਏ’ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ ਟੂਰਨਾਮੈਂਟ ਦੇ ਪਹਿਲੇ ਦਿਨ 21 ਜਨਵਰੀ ਨੂੰ ਮਲੇਸ਼ੀਆ ਖ਼ਿਲਾਫ਼ ਖ਼ਿਤਾਬੀ ਬਚਾਅ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ ਤੋਂ ਬਾਅਦ ਉਸ ਦਾ ਸਾਹਮਣਾ 23 ਜਨਵਰੀ ਨੂੰ ਜਾਪਾਨ ਅਤੇ 24 ਜਨਵਰੀ ਨੂੰ ਸਿੰਗਾਪੁਰ ਨਾਲ ਹੋਵੇਗਾ।
ਸੈਮੀਫਾਈਨਲ 26 ਜਨਵਰੀ ਨੂੰ ਅਤੇ ਫਾਈਨਲ 28 ਜਨਵਰੀ ਨੂੰ ਖੇਡਿਆ ਜਾਵੇਗਾ। ਮੁਕਾਬਲੇ ਵਿੱਚ ਸਿਖਰਲੀਆਂ ਚਾਰ ਟੀਮਾਂ ਸਪੇਨ ਅਤੇ ਨੀਦਰਲੈਂਡ ਵਿੱਚ ਹੋਣ ਵਾਲੇ ‘2022 ਵਰਲਡ ਕੱਪ’ ਲਈ ਕੁਆਲੀਫ਼ਾਈ ਕਰਨਗੀਆਂ।
ਅਨੁਭਵੀ ਦੀਪ ਗ੍ਰੇਸ ਇੱਕਾ ਨੂੰ ਟੀਮ ਦੀ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਭਾਰਤੀ ਟੀਮ ਦੀ ਮੁੱਖ ਕੋਚ ਯਾਨੇਕ ਸ਼ੋਪਮੈਨ ਹੈ। ਭਾਰਤੀ ਮਹਿਲਾ ਟੀਮ ਇਸ ਪ੍ਰਕਾਰ ਹੈ:-
ਗੋਲਕੀਪਰ: ਸਵਿਤਾ (ਕਪਤਾਨ), ਰਜਨੀ ਇਤਿਮਾਰਪੂ
ਡਿਫੈਂਡਰ: ਦੀਪ ਗ੍ਰੇਸ ਇੱਕਾ (ਉਪ ਕਪਤਾਨ), ਗੁਰਜੀਤ ਕੌਰ, ਨਿੱਕੀ ਪ੍ਰਧਾਨ, ਉਦਿਤਾ
ਮਿਡ ਫੀਲਡਰ: ਨਿਸ਼ਾ, ਸੁਸ਼ੀਲਾ ਚਾਨੂ, ਮੋਨਿਕਾ, ਨੇਹਾ, ਸਲੀਮਾ ਟੇਟੇ, ਜੋਤੀ, ਨਵਜੋਤ ਕੌਰ
ਫਾਰਵਰਡ: ਨਵਨੀਤ ਕੌਰ, ਲਾਲਰੇਮਸਿਆਮੀ, ਵੰਦਨਾ ਕਟਾਰੀਆ, ਮਾਰੀਆਨਾ ਕੁਜੂਰ, ਸ਼ਰਮੀਲਾ ਦੇਵੀ
Hockey ਮਹਿਲਾ ਏਸ਼ੀਆ ਕੱਪ ਹਾਕੀ: ਭਾਰਤੀ ਟੀਮ ਦੀ ਕਮਾਨ ਸਵਿਤਾ ਹੱਥ, ਬਣਾਇਆ ਕਪਤਾਨ