ਯੂਪੀ ਵਿਧਾਨ ਸਭਾ ਚੋਣਾਂ: ਕਾਂਗਰਸ ਨੇ ਯੂਪੀ ਚੋਣਾਂ ਲਈ 50 ਔਰਤਾਂ ਸਣੇ 125 ਉਮੀਦਵਾਰ ਦੀ ਪਹਿਲੀ ਸੂਚੀ ਜਾਰੀ ਕੀਤੀ

ਨਵੀਂ ਦਿੱਲੀ, 13 ਜਨਵਰੀ – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ 50 ਔਰਤਾਂ ਸਮੇਤ 125 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਪ੍ਰਿਯੰਕਾ ਗਾਂਧੀ ਵਾਡਰਾ ਨੇ ਡਿਜੀਟਲ ਪ੍ਰੈੱਸ ਕਾਨਫ਼ਰੰਸ ਰਾਹੀਂ ਇਨ੍ਹਾਂ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਅਤੇ ਆਪਣੇ ਵਾਅਦੇ ਅਨੁਸਾਰ ਖ਼ਾਸ ਤੌਰ ‘ਤੇ 50 ਮਹਿਲਾ ਉਮੀਦਵਾਰਾਂ ਦੇ ਨਾਵਾਂ ਦਾ ਜ਼ਿਕਰ ਕੀਤਾ। ਇਨ੍ਹਾਂ 50 ਮਹਿਲਾਵਾਂ ਵਿੱਚ ਉਨਾਓ ਬਲਾਤਕਾਰ ਕਾਂਡ ਦੀ ਪੀੜਤਾ ਦੀ ਮਾਂ ਨੂੰ ਵੀ ਟਿਕਟ ਦਿੱਤੀ ਗਈ ਹੈ। ਕੁੱਝ ਮਹੀਨੇ ਪਹਿਲਾਂ ਪ੍ਰਿਯੰਕਾ ਗਾਂਧੀ ਨੇ ‘ਲੜਕੀ ਹੂੰ, ਲੜ ਸਕੀ ਹੂੰ’ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦੇਣ ਦਾ ਐਲਾਨ ਕੀਤਾ ਸੀ। ਉੱਤਰ ਪ੍ਰਦੇਸ਼ ਲਈ ਪਾਰਟੀ ਵੱਲੋਂ ਜਾਰੀ ਕੀਤੀ ਪਹਿਲੀ ਸੂਚੀ ਵਿੱਚ ਪਾਰਟੀ ਵਿਧਾਇਕ ਦਲ ਦੀ ਨੇਤਾ ਅਰਾਧਨਾ ਮਿਸ਼ਰਾ, ਸਾਬਕਾ ਕੇਂਦਰੀ ਮੰਤਰੀ ਸਲਮਾਨ ਖ਼ੁਰਸ਼ੀਦ ਦੀ ਪਤਨੀ ਲੁਈਸ ਖ਼ੁਰਸ਼ੀਦ ਦੇ ਨਾਲ-ਨਾਲ ਪੰਖੁੜੀ ਪਾਠਕ, ਸਦਫ਼ ਜਾਫ਼ਰ ਅਤੇ ਵੱਖ-ਵੱਖ ਖੇਤਰਾਂ ਵਿੱਚ ਸੰਘਰਸ਼ ਕਰ ਰਹੀਆਂ ਕੁੱਝ ਹੋਰ ਔਰਤਾਂ ਸ਼ਾਮਲ ਹਨ।