ਨਵੀਂ ਦਿੱਲੀ, 15 ਜਨਵਰੀ – ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਅੱਜ 107 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਭਾਜਪਾ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਗੋਰਖਪੁਰ ਸ਼ਹਿਰੀ ਸੀਟ ਤੋਂ ਟਿਕਟ ਦਿੱਤੀ ਹੈ ਜਦਕਿ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਸਿਰਾਥੂ ਤੋਂ ਚੋਣ ਲੜਨਗੇ। ਯੋਗੀ ਪਹਿਲੀ ਵਾਰ ਵਿਧਾਨ ਸਭਾ ਚੋਣ ਲੜਨਗੇ ਜਦਕਿ ਉਹ ਲਗਾਤਾਰ ਪੰਜ ਵਾਰ ਗੋਰਖਪੁਰ ਤੋਂ ਹੀ ਸੰਸਦ ਮੈਂਬਰ ਚੁਣ ਕੇ ਆਉਂਦੇ ਰਹੇ ਹਨ। ਆਦਿੱਤਿਆਨਾਥ ਅਤੇ ਮੌਰਿਆ ਨੂੰ ਛੱਡ ਕੇ ਚੋਣਾਂ ਦੇ ਪਹਿਲੇ ਦੋ ਗੇੜਾਂ (10 ਅਤੇ 14 ਫਰਵਰੀ) ਲਈ 113 ਸੀਟਾਂ ‘ਚੋਂ ਭਾਜਪਾ ਨੇ 105 ਉਮੀਦਵਾਰਾਂ ਦੇ ਨਾਮ ਐਲਾਨ ਦਿੱਤੇ ਹਨ। ਇਨ੍ਹਾਂ ‘ਚੋਂ 44 ਸੀਟਾਂ ਓਬੀਸੀ ਅਤੇ 19 ਐੱਸਸੀ ਉਮੀਦਵਾਰਾਂ ਨੂੰ ਦਿੱਤੀਆਂ ਗਈਆਂ ਹਨ। ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਚੀ ‘ਚ ਸੁਰੇਸ਼ ਖੰਨਾ, ਸੁਰੇਸ਼ ਰਾਣਾ ਅਤੇ ਸ੍ਰੀਕਾਂਤ ਸ਼ਰਮਾ ਜਿਹੇ ਮੰਤਰੀਆਂ ਸਮੇਤ 63 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਮਿਲੀਆਂ ਹਨ ਜਦਕਿ 20 ‘ਤੇ ਉਮੀਦਵਾਰ ਬਦਲੇ ਗਏ ਹਨ। ਉੱਤਰਾਖੰਡ ਦੀ ਸਾਬਕਾ ਰਾਜਪਾਲ ਅਤੇ ਹੁਣ ਭਾਜਪਾ ਦੀ ਮੀਤ ਪ੍ਰਧਾਨ ਤੇ ਦਲਿਤ ਆਗੂ ਬੇਬੀ ਰਾਣੀ ਮੌਰਿਆ ਨੂੰ ਆਗਰਾ ਦਿਹਾਤੀ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਪੁੱਤਰ ਪੰਕਜ ਸਿੰਘ ਨੂੰ ਮੁੜ ਨੌਇਡਾ ਤੋਂ ਟਿਕਟ ਦਿੱਤੀ ਗਈ ਹੈ। ਪਹਿਲੇ ਦੋ ਪੜਾਅ ਦੀਆਂ ਚੋਣਾਂ ਜਾਟ ਆਧਾਰਿਤ ਖ਼ਿੱਤੇ ‘ਚ ਹੋਣੀਆਂ ਹਨ ਅਤੇ ਭਾਜਪਾ ਨੇ ਜਾਟਾਂ ਨੂੰ 16 ਸੀਟਾਂ ਦਿੱਤੀਆਂ ਹਨ। ਆਮ ਵਰਗਾਂ ਦੀਆਂ ਐਲਾਨੀਆਂ 43 ਸੀਟਾਂ ‘ਚੋਂ ਭਾਜਪਾ ਨੇ 18 ਠਾਕੁਰਾਂ, 10 ਬ੍ਰਾਹਮਣਾਂ ਅਤੇ 8 ਵੈਸ਼ਿਆ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਹੈ। ਪ੍ਰਧਾਨ ਨੇ ਕਿਹਾ ਕਿ ਪਾਰਟੀ ਯੂਪੀ ‘ਚ ਮੁੜ ਸਰਕਾਰ ਬਣਾਏਗੀ।
Home Page ਯੂਪੀ ਵਿਧਾਨ ਸਭਾ ਚੋਣਾਂ: ਭਾਜਪਾ ਨੇ 107 ਉਮੀਦਵਾਰਾਂ ਦੇ ਨਾਮ ਐਲਾਨੇ, ਪਹਿਲੀ...