ਸਿੱਧੂ ਮੂਸੇਵਾਲਾ, ਮਾਲਵਿਕਾ ਸੂਦ, ਮੋਹਿਤ ਮਹਿੰਦਰਾ, ਸੰਦੀਪ ਜਾਖੜ ਸਮੇਤ 16 ਨਵੇਂ ਚਿਹਰਿਆਂ ਨੂੰ ਮਿਲੀ ਟਿਕਟ
ਚੰਡੀਗੜ੍ਹ, 16 ਜਨਵਰੀ – 15 ਜਨਵਰੀ ਨੂੰ ਕਾਂਗਰਸ ਪਾਰਟੀ ਨੇ ਕਈ ਦਿਨਾਂ ਦੇ ਸਿਆਸੀ ਮੰਥਨ ਤੋਂ ਬਾਅਦ ਆਖ਼ਰ ਅੱਜ ਪੰਜਾਬ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸੂਚੀ ‘ਚ ਪਾਰਟੀ ਦੇ ਵੱਡੇ ਚਿਹਰੇ ਸ਼ਾਮਲ ਕੀਤੇ ਗਏ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਚੋਣ ਲੜਨਗੇ ਜਦੋਂ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਹੋਣਗੇ। ਕਾਂਗਰਸ ਨੇ ਪਹਿਲੀ ਸੂਚੀ ਵਿਚ ਚਾਰ ਮੌਜੂਦਾ ਵਿਧਾਇਕਾਂ ਦੀ ਟਿਕਟ ਕੱਟ ਦਿੱਤੀ ਹੈ ਜਦਕਿ ਪੰਜਾਬ ਕੈਬਨਿਟ ‘ਚੋਂ ਥੋੜ੍ਹਾ ਸਮਾਂ ਪਹਿਲਾਂ ਛਾਂਟੀ ਕੀਤੇ ਚਾਰ ਵਜ਼ੀਰਾਂ ਨੂੰ ਮੁੜ ਤੋਂ ਉਮੀਦਵਾਰ ਬਣਾਇਆ ਹੈ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਕਾਦੀਆਂ ਅਤੇ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੂੰ ਲਹਿਰਾਗਾਗਾ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਸਕਰੀਨਿੰਗ ਕਮੇਟੀ ਦੀ ਸਿਫ਼ਾਰਸ਼ ਮਗਰੋਂ ਕੇਂਦਰੀ ਚੋਣ ਕਮੇਟੀ ਨੇ 14 ਫਰਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨ ਦਿੱਤੀ ਹੈ। ਕਾਂਗਰਸ ਨੇ ਅੰਦਰੂਨੀ ਖਿੱਚੋਤਾਣ ਨੂੰ ਦੇਖਦਿਆਂ ਟਿਕਟਾਂ ਦੀ ਵੰਡ ‘ਚ ਸਿਆਸੀ ਤਵਾਜ਼ਨ ਬਣਾਇਆ ਹੈ ਤਾਂ ਜੋ ਸੰਭਾਵੀ ਬਗ਼ਾਵਤ ਨੂੰ ਠੱਲ੍ਹਿਆ ਜਾ ਸਕੇ।
ਕੇਂਦਰੀ ਚੋਣ ਕਮੇਟੀ ਦੇ ਇੰਚਾਰਜ ਮੁਕੁਲ ਵਾਸਨਿਕ ਨੇ ਕਾਂਗਰਸ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪਹਿਲੀ ਸੂਚੀ ਤੋਂ ਸਾਫ਼ ਝਲਕ ਮਿਲਦੀ ਹੈ ਕਿ ਕਾਂਗਰਸ ਨੇ ‘ਇੱਕ ਪਰਿਵਾਰ ਇੱਕ ਟਿਕਟ’ ਨੀਤੀ ‘ਤੇ ਪਹਿਰਾ ਦਿੱਤਾ ਹੈ ਪਰ ਯੂਪੀ ਚੋਣਾਂ ਦੀ ਤਰਜ਼ ‘ਤੇ ਪੰਜਾਬ ‘ਚ ਔਰਤਾਂ ਨੂੰ 40 ਫੀਸਦੀ ਟਿਕਟਾਂ ਦੇਣ ਤੋਂ ਨਿਕਾਰਾ ਕੀਤਾ ਹੈ। ਪਹਿਲੀ ਸੂਚੀ ਵਿਚ ਕਾਂਗਰਸ ਨੇ ਕਰੀਬ 59 ਮੌਜੂਦਾ ਵਜ਼ੀਰਾਂ ਅਤੇ ਵਿਧਾਇਕਾਂ ਨੂੰ ਮੁੜ ਉਮੀਦਵਾਰ ਬਣਾਇਆ ਹੈ। ਬ੍ਰਹਮ ਮਹਿੰਦਰਾ ਦਾ ਨਾਮ ਸੂਚੀ ‘ਚ ਸ਼ਾਮਲ ਨਹੀਂ ਹੈ ਪਰ ਉਨ੍ਹਾਂ ਨੂੰ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਬਣਾਏ ਜਾਣ ਦੀ ਸੰਭਾਵਨਾ ਹੈ। ਕਾਂਗਰਸ ਨੇ ਪਹਿਲੀ ਸੂਚੀ ਵਿਚ 16 ਨਵੇਂ ਚਿਹਰਿਆਂ ਨੂੰ ਵੀ ਟਿਕਟ ਦਿੱਤੀ ਹੈ। ਪਾਰਟੀ ਨੇ ਅਜੇ ਪਟਿਆਲਾ ਸ਼ਹਿਰੀ ਅਤੇ ਜਲਾਲਾਬਾਦ ਤੋਂ ਉਮੀਦਵਾਰ ਨਹੀਂ ਐਲਾਨੇ ਹਨ ਜਦਕਿ ਮਜੀਠਾ ਤੋਂ ਜਗਵਿੰਦਰਪਾਲ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਦੇ ਦੋ ਹਲਕਿਆਂ ਤੋਂ ਚੋਣ ਲੜਨ ਦੀ ਚਰਚਾ ਨੂੰ ਵੀ ਹੁਣ ਵਿਰਾਮ ਲੱਗ ਗਿਆ ਹੈ। ਚੰਨੀ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਬੱਸੀ ਪਠਾਣਾ ਅਤੇ ਰਿਸ਼ਤੇਦਾਰ ਮਹਿੰਦਰ ਸਿੰਘ ਕੇਪੀ ਨੂੰ ਆਦਮਪੁਰ ਤੋਂ ਟਿਕਟ ਦਿਵਾਉਣ ਵਿਚ ਨਾਕਾਮ ਰਹੇ ਹਨ। ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਆਪਣੇ ਲੜਕੇ ਮੋਹਿਤ ਮਹਿੰਦਰਾ ਨੂੰ ਪਟਿਆਲਾ ਦਿਹਾਤੀ, ਸੰਸਦ ਮੈਂਬਰ ਸੰਤੋਖ ਸਿੰਘ ਆਪਣੇ ਲੜਕੇ ਵਿਕਰਮਜੀਤ ਸਿੰਘ ਨੂੰ ਫਿਲੌਰ ਅਤੇ ਸੰਸਦ ਮੈਂਬਰ ਡਾ. ਅਮਰ ਸਿੰਘ ਆਪਣੇ ਲੜਕੇ ਕਾਮਿਲ ਅਮਰ ਸਿੰਘ ਨੂੰ ਰਾਏਕੋਟ ਤੋਂ ਟਿਕਟ ਦਿਵਾਉਣ ‘ਚ ਸਫਲ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਐਤਕੀਂ ਚੋਣ ਲੜਨ ਦੇ ਇੱਛੁਕ ਨਹੀਂ ਹਨ ਅਤੇ ਉਨ੍ਹਾਂ ਅਬੋਹਰ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਨੂੰ ਟਿਕਟ ਦਿਵਾਈ ਹੈ।
ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਫ਼ਤਿਹਗੜ੍ਹ ਸਾਹਿਬ, ਸੁਖਵਿੰਦਰ ਡੈਨੀ ਜੰਡਿਆਲਾ ਗੁਰੂ ਅਤੇ ਸੰਗਤ ਸਿੰਘ ਗਿਲਜੀਆ ਉੜਮੁੜ ਤੋਂ ਉਮੀਦਵਾਰ ਬਣਾਏ ਗਏ ਹਨ। ਸੂਚੀ ਅਨੁਸਾਰ ਕੈਬਨਿਟ ਮੰਤਰੀਆਂ ‘ਚੋਂ ਓ ਪੀ ਸੋਨੀ ਨੂੰ ਅੰਮ੍ਰਿਤਸਰ ਕੇਂਦਰੀ, ਸੁਖਜਿੰਦਰ ਰੰਧਾਵਾ ਨੂੰ ਡੇਰਾ ਬਾਬਾ ਨਾਨਕ, ਮਨਪ੍ਰੀਤ ਬਾਦਲ ਨੂੰ ਬਠਿੰਡਾ, ਰਾਣਾ ਗੁਰਜੀਤ ਸਿੰਘ ਨੂੰ ਕਪੂਰਥਲਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਫ਼ਤਿਹਗੜ੍ਹ ਚੂੜੀਆਂ, ਰਜ਼ੀਆ ਸੁਲਤਾਨਾ ਨੂੰ ਮਲੇਰਕੋਟਲਾ, ਅਰੁਣਾ ਚੌਧਰੀ ਨੂੰ ਦੀਨਾਨਗਰ, ਸੁਖਬਿੰਦਰ ਸਿੰਘ ਸਰਕਾਰੀਆ ਨੂੰ ਰਾਜਾਸਾਂਸੀ, ਵਿਜੇਇੰਦਰ ਸਿੰਗਲਾ ਨੂੰ ਸੰਗਰੂਰ, ਭਾਰਤ ਭੂਸ਼ਨ ਆਸ਼ੂ ਨੂੰ ਲੁਧਿਆਣਾ ਪੱਛਮੀ, ਰਣਦੀਪ ਸਿੰਘ ਨਾਭਾ ਨੂੰ ਅਮਲੋਹ, ਰਾਜ ਕੁਮਾਰ ਵੇਰਕਾ ਨੂੰ ਅੰਮ੍ਰਿਤਸਰ ਪੱਛਮੀ, ਪਰਗਟ ਸਿੰਘ ਨੂੰ ਜਲੰਧਰ ਕੈਂਟ, ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਿੱਦੜਬਾਹਾ ਅਤੇ ਗੁਰਕੀਰਤ ਕੋਟਲੀ ਨੂੰ ਖੰਨਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ।
ਪੰਜਾਬ ਵਜ਼ਾਰਤ ਚੋਂ ਹਟਾਏ ਗਏ ਵਜ਼ੀਰਾਂ ‘ਚੋਂ ਬਲਬੀਰ ਸਿੰਘ ਸਿੱਧੂ ਨੂੰ ਮੁਹਾਲੀ, ਗੁਰਪ੍ਰੀਤ ਸਿੰਘ ਕਾਂਗੜ ਨੂੰ ਰਾਮਪੁਰਾ ਫੂਲ, ਸਾਧੂ ਸਿੰਘ ਧਰਮਸੋਤ ਨੂੰ ਨਾਭਾ ਅਤੇ ਸੁੰਦਰ ਸ਼ਾਮ ਅਰੋੜਾ ਨੂੰ ਹੁਸ਼ਿਆਰਪੁਰ ਤੋਂ ਮੁੜ ਟਿਕਟ ਦਿੱਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਰਹੇ ਕੈਪਟਨ ਸੰਦੀਪ ਸੰਧੂ ਨੂੰ ਦਾਖਾ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਹਲਕਾ ਸੁਜਾਨਪੁਰ ਤੋਂ ਨਰੇਸ਼ ਪੁਰੀ, ਪਠਾਨਕੋਟ ਤੋਂ ਅਮਿਤ ਵਿੱਜ, ਗੁਰਦਾਸਪੁਰ ਤੋਂ ਬਰਿੰਦਰਜੀਤ ਸਿੰਘ ਪਾਹੜਾ, ਸ੍ਰੀ ਹਰਗੋਬਿੰਦਪੁਰ ਤੋਂ ਮਨਦੀਪ ਸਿੰਘ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਅਜਨਾਲਾ, ਅੰਮ੍ਰਿਤਸਰ ਉੱਤਰੀ ਤੋਂ ਸੁਨੀਲ ਦੱਤੀ, ਅੰਮ੍ਰਿਤਸਰ ਦੱਖਣੀ ਤੋਂ ਇੰਦਰਬੀਰ ਸਿੰਘ ਬੁਲਾਰੀਆ, ਤਰਨ ਤਾਰਨ ਤੋਂ ਡਾ. ਧਰਮਵੀਰ ਅਗਨੀਹੋਤਰੀ, ਪੱਟੀ ਤੋਂ ਹਰਮਿੰਦਰ ਸਿੰਘ ਗਿੱਲ, ਬਾਬਾ ਬਕਾਲਾ ਤੋਂ ਸੰਤੋਖ ਸਿੰਘ ਭਲਾਈਪੁਰ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ, ਸ਼ਾਹਕੋਟ ਤੋਂ ਹਰਦੇਵ ਸਿੰਘ ਲਾਡੀ, ਕਰਤਾਰਪੁਰ ਤੋਂ ਚੌਧਰੀ ਸੁਰਿੰਦਰ ਸਿੰਘ, ਜਲੰਧਰ ਪੱਛਮੀ ਤੋਂ ਸੁਸ਼ੀਲ ਕੁਮਾਰ ਰਿੰਕੂ, ਜਲੰਧਰ ਕੇਂਦਰੀ ਤੋਂ ਰਾਜਿੰਦਰ ਬੇਰੀ, ਜਲੰਧਰ ਉੱਤਰੀ ਤੋਂ ਅਵਤਾਰ ਸਿੰਘ ਜੂਨੀਅਰ, ਆਦਮਪੁਰ ਤੋਂ ਸੁਖਵਿੰਦਰ ਸਿੰਘ ਕੋਟਲੀ ਉਮੀਦਵਾਰ ਐਲਾਨੇ ਗਏ ਹਨ। ਇਸੇ ਤਰ੍ਹਾਂ ਹਲਕਾ ਮੁਕੇਰੀਆਂ ਤੋਂ ਇੰਦੂ ਬਾਲਾ, ਦਸੂਹਾ ਤੋਂ ਅਰੁਣ ਡੋਗਰਾ, ਸ਼ਾਮ ਚੁਰਾਸੀ ਤੋਂ ਪਵਨ ਕੁਮਾਰ ਅਧੀਆ, ਚੱਬੇਵਾਲ ਤੋਂ ਡਾ. ਰਾਜ ਕੁਮਾਰ, ਗੜ੍ਹਸ਼ੰਕਰ ਤੋਂ ਅਮਰਪ੍ਰੀਤ ਸਿੰਘ ਲਾਲੀ, ਬਲਾਚੌਰ ਤੋਂ ਦਰਸ਼ਨ ਲਾਲ, ਆਨੰਦਪੁਰ ਸਾਹਿਬ ਤੋਂ ਕੰਵਰਪਾਲ ਸਿੰਘ, ਰੋਪੜ ਤੋਂ ਬਰਿੰਦਰ ਸਿੰਘ ਢਿੱਲੋਂ, ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ, ਲੁਧਿਆਣਾ ਪੂਰਬੀ ਤੋਂ ਸੰਜੀਵ ਤਲਵਾੜ, ਆਤਮ ਨਗਰ ਤੋਂ ਕਮਲਜੀਤ ਸਿੰਘ ਕੜਵਲ, ਲੁਧਿਆਣਾ ਕੇਂਦਰੀ ਤੋਂ ਸੁਰਿੰਦਰ ਕੁਮਾਰ ਡਾਵਰ, ਲੁਧਿਆਣਾ ਉੱਤਰੀ ਤੋਂ ਰਾਕੇਸ਼ ਪਾਂਡੇ, ਪਾਇਲ ਤੋਂ ਲਖਵੀਰ ਸਿੰਘ ਲੱਖਾ, ਬਾਘਾ ਪੁਰਾਣਾ ਤੋਂ ਦਰਸ਼ਨ ਸਿੰਘ ਬਰਾੜ, ਮੋਗਾ ਤੋਂ ਮਾਲਵਿਕਾ ਸੂਦ, ਧਰਮਕੋਟ ਤੋਂ ਸੁਖਜੀਤ ਸਿੰਘ ਲੋਹਗੜ੍ਹ ਨੂੰ ਉਮੀਦਵਾਰ ਬਣਾਇਆ ਹੈ। ਇਸ ਤੋਂ ਇਲਾਵਾ ਜ਼ੀਰਾ ਤੋਂ ਕੁਲਬੀਰ ਸਿੰਘ ਜ਼ੀਰਾ, ਫ਼ਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਪਿੰਕੀ, ਬੱਲੂਆਣਾ ਤੋਂ ਰਾਜਿੰਦਰ ਕੌਰ, ਲੰਬੀ ਤੋਂ ਜਗਪਾਲ ਸਿੰਘ ਅਬਲਖੁਰਾਣਾ, ਮਲੋਟ ਤੋਂ ਰੁਪਿੰਦਰ ਕੌਰ ਰੂਬੀ, ਫ਼ਰੀਦਕੋਟ ਤੋਂ ਕੁਸ਼ਲਦੀਪ ਸਿੰਘ ਢਿੱਲੋਂ, ਭੁੱਚੋ ਮੰਡੀ ਤੋਂ ਪ੍ਰੀਤਮ ਸਿੰਘ ਕੋਟਭਾਈ, ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ, ਤਲਵੰਡੀ ਸਾਬੋ ਤੋਂ ਖੁਸ਼ਬਾਜ ਸਿੰਘ ਜਟਾਣਾ, ਮੌੜ ਤੋਂ ਡਾ. ਮਨੋਜ ਬਾਲਾ ਬਾਂਸਲ, ਬੁਢਲਾਡਾ ਤੋਂ ਰਣਵੀਰ ਕੌਰ ਮੀਆਂ, ਧੂਰੀ ਤੋਂ ਦਲਵੀਰ ਸਿੰਘ ਗੋਲਡੀ, ਰਾਜਪੁਰਾ ਤੋਂ ਹਰਦਿਆਲ ਸਿੰਘ ਕੰਬੋਜ, ਘਨੌਰ ਤੋਂ ਮਦਨ ਲਾਲ ਜਲਾਲਪੁਰ, ਸਨੌਰ ਤੋਂ ਹਰਿੰਦਰ ਪਾਲ ਸਿੰਘ ਮਾਨ ਅਤੇ ਸਮਾਣਾ ਤੋਂ ਰਾਜਿੰਦਰ ਸਿੰਘ ਕਾਂਗਰਸ ਦੇ ਉਮੀਦਵਾਰ ਹੋਣਗੇ।
Home Page ਪੰਜਾਬ ਵਿਧਾਨ ਸਭਾ ਚੋਣਾਂ: ਕਾਂਗਰਸ ਵੱਲੋਂ 86 ਉਮੀਦਵਾਰਾਂ ਦਾ ਐਲਾਨ, ਮੁੱਖ...