ਇੰਡੀਆ ਗੇਟ ‘ਤੇ ਬਲਦੀ ਅਮਰ ਜਵਾਨ ਜਯੋਤੀ ਨੂੰ ਹਟਾ ਕੇ ਕੌਮੀ ਜੰਗੀ ਯਾਦਗਾਰ ਦੀ ਲਾਟ ਨਾਲ ਮਿਲਾਇਆ ਗਿਆ

ਨਵੀਂ ਦਿੱਲੀ, 21 ਜਨਵਰੀ – ਇੱਥੇ ਇੰਡੀਆ ਗੇਟ ‘ਤੇ ਬਲਦੀ ਅਮਰ ਜਵਾਨ ਜਯੋਤੀ ਦੀ ਲਾਟ ਨੂੰ ਅੱਜ ਕੌਮੀ ਜੰਗੀ ਯਾਦਗਾਰ ਵਿੱਚ ਮਿਲਾ ਦਿੱਤੀ ਗਿਆ। ਇਸ ਦੌਰਾਨ ਅਮਰ ਜਵਾਨ ਜਯੋਤੀ ਦੀ ਲਾਟ ਨੂੰ ਇਕੱਠਾ ਕਰਨ ਲਈ ਵਿਸ਼ੇਸ਼ ਮਸ਼ਾਲਾਂ ਦੀ ਵਰਤੋਂ ਕੀਤੀ ਗਈ। ਇੰਡੀਆ ਗੇਟ ਸਥਿਤ ਰਾਸ਼ਟਰੀ ਜੰਗੀ ਯਾਦਗਾਰ ਵਿਖੇ ਅਮਰ ਜਵਾਨ ਜਯੋਤੀ ਦੀ ਜੋਤ ਨੂੰ ਲਾਟ ਨਾਲ ਮਿਲਾਉਣ ਲਈ ਕਰੀਬ ਅੱਧੇ ਘੰਟੇ ਦੀ ਵਿਸ਼ੇਸ਼ ਰਸਮ ਅਦਾ ਕੀਤੀ ਗਈ। ਫ਼ੌਜੀ ਸਮਾਰੋਹ ਦੀ ਪ੍ਰਧਾਨਗੀ ਏਅਰ ਮਾਰਸ਼ਲ ਬੀ. ਆਰ. ਕ੍ਰਿਸ਼ਨਾ ਨੇ ਕੀਤੀ। ਹੁਣ ਇਹ ਅਮਰ ਜਵਾਨ ਜਯੋਤੀ ਦੀ ਲਾਟ ਇੰਡੀਆ ਗੇਟ ਸਥਿਤ ਅਮਰ ਜਵਾਨ ਜਯੋਤੀ ‘ਤੇ ਦਿਖਾਈ ਨਹੀਂ ਦੇਵੇਗੀ। ਜ਼ਿਕਰਯੋਗ ਹੈ ਕਿ ਅਮਰ ਜਵਾਨ ਜਯੋਤੀ 1972 ‘ਚ ਇੰਡੀਆ ਗੇਟ ‘ਤੇ ਬਣਾਈ ਗਈ ਸੀ। ਇਹ 1971 ਦੀ ਭਾਰਤ-ਪਾਕਿਸਤਾਨ ਜੰਗ ਵਿੱਚ ਸ਼ਹੀਦ ਹੋਏ ਫ਼ੌਜੀਆਂ ਦੀ ਯਾਦ ਨੂੰ ਸਮਰਪਿਤ ਸੀ। ਇਸ ਦਾ ਉਦਘਾਟਨ 26 ਜਨਵਰੀ, 1972 ਵਿਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤਾ ਸੀ। ਜਦੋਂ ਕਿ ਕੌਮੀ ਜੰਗੀ ਯਾਦਗਾਰ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 26 ਫਰਵਰੀ, 2019 ਨੂੰ ਕੀਤਾ ਸੀ। ਇਸ ਯਾਦਗਾਰ ‘ਤੇ 25,942 ਫ਼ੌਜੀਆਂ ਦੇ ਨਾਂ ਦਰਜ ਕੀਤੇ ਗਏ ਹਨ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਇੰਡੀਆ ਗੇਟ ‘ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ ਵਿਸ਼ਾਲ ਬੁੱਤ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗ੍ਰੇਨਾਈਟ ਦੀ ਮੂਰਤੀ ਮੁਕੰਮਲ ਨਹੀਂ ਹੋ ਜਾਂਦੀ ਉਦੋਂ ਤੱਕ ਉਨ੍ਹਾਂ ਦਾ ਹੋਲੋਗ੍ਰਾਮ ਬੁੱਤ ਉਸੇ ਸਥਾਨ ‘ਤੇ ਮੌਜੂਦ ਰਹੇਗਾ। ਮੋਦੀ ਨੇ ਕਿਹਾ ਕਿ ਉਹ ਆਜ਼ਾਦ ਹਿੰਦ ਫ਼ੌਜ ਦੇ ਸੰਸਥਾਪਕ ਦੀ 125ਵੀਂ ਜੈਅੰਤੀ ‘ਤੇ 22 ਜਨਵਰੀ ਨੂੰ ਹੋਲੋਗ੍ਰਾਮ ਬੁੱਤ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨੇਤਾਜੀ ਦਾ ਕਰਜ਼ਦਾਰ ਹੈ। ਪ੍ਰਧਾਨ ਮੰਤਰੀ ਦਾ ਇਹ ਐਲਾਨ ਉਸ ਸਮੇਂ ਆਇਆ ਹੈ ਜਦੋਂ ਕੇਂਦਰ ਸਰਕਾਰ ਨੂੰ ਇੰਡੀਆ ਗੇਟ ‘ਤੇ ਅਮਰ ਜਵਾਨ ਜਯੋਤੀ ਦੀ ਲਾਟ ਨੂੰ ਰਾਸ਼ਟਰੀ ਜੰਗੀ ਸਮਾਰਕ ‘ਤੇ ਬਲਦੀ ਲਾਟ ਨਾਲ ਮਿਲਾਉਣ ਲਈ ਵਿਰੋਧੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਾਂਗਰਸ ਨੇ ਇੰਡੀਆ ਗੇਟ ਤੋਂ ਅਮਰ ਜਵਾਨ ਜਯੋਤੀ ਦੀ ਲਾਟ ਨੂੰ ਹਟਾਏ ਜਾਣ ‘ਤੇ ਭਾਜਪਾ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਇੰਡੀਆ ਗੇਟ ਉੱਤੇ ਅਮਰ ਜਵਾਨ ਜਯੋਤੀ ਨੂੰ ਬੁਝਾ ਕੇ ਇਸ ਨੂੰ ਕੌਮੀ ਜੰਗੀ ਸਮਾਰਕ ਦੀ ਸਦੀਵੀ ਲਾਟ ਵਿੱਚ ਮਿਲਾਉਣਾ ‘ਇਤਿਹਾਸ ਮਿਟਾਉਣ’ ਦੇ ਬਰਾਬਰ ਹੈ।