ਵੈਲਿੰਗਟਨ, 25 ਜਨਵਰੀ (ਕੂਕ ਪੰਜਾਬੀ ਸਮਾਚਾਰ) – ਨਿਊਜ਼ੀਲੈਂਡ ‘ਚ ਕੋਵਿਡ -19 ਦੇ ਡੈਲਟਾ ਪ੍ਰਕੋਪ ਦੇ ਕਮਿਊਨਿਟੀ ਨਾਲ ਸੰਬੰਧਿਤ ਅੱਜ 25 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਜਦੋਂ ਕਿ ਅੱਜ ਓਮੀਕਰੋਨ ਦੇ 10 ਹੋਰ ਨਵੇਂ ਮਾਮਲਿਆਂ ਨਾਲ ਵਾਧਾ ਹੋਇਆ ਹੈ, ਜਿਸ ਨਾਲ ਦੇਸ਼ ਵਿੱਚ ਓਮੀਕਰੋਨ ਕਲੱਸਟਰ ਦੀ ਗਿਣਤੀ ਵੱਧ ਕੇ ਹੁਣ 29 ਹੋ ਗਈ ਹੈ। ਅੱਜ ਬਾਰਡਰ ਤੋਂ 37 ਨਵੇਂ ਕੇਸ ਆਏ ਹਨ।
ਸਿਹਤ ਮੰਤਰਾਲੇ ਨੇ ਕਿਹਾ ਕਿ ਆਕਲੈਂਡ ਦੇ ਦੋ ਵਿਆਹ ਸਮਾਗਮ ਹੁਣ ਓਮੀਕਰੋਨ ਕਮਿਊਨਿਟੀ ਫੈਲਣ ਦਾ ਕੇਂਦਰ ਹਨ ਕਿਉਂਕਿ ਸ਼ਹਿਰ ਭਰ ਵਿੱਚ ਨਵੀਆਂ ਐਕਸਪੋਜਰ ਸਾਈਟਾਂ ਵਿੱਚ ਉੱਭਰ ਰਹੀਆਂ ਹਨ ਜਿਸ ਵਿੱਚ ਬੋਤਲ ਦੀ ਦੁਕਾਨ, ਇੱਕ ਬੇਕਰੀ ਅਤੇ ਬੱਸ ਰੂਟ ਸ਼ਾਮਲ ਹਨ। ਲੋਕੇਸ਼ਨ ਆਫ਼ ਇੰਟਰੈਸਟ ਵਿੱਚ ਪਾਪਾਟੋਏਟੋਏ ਸਥਿਤ ਇੱਕ ਭਾਰਤੀ ਰੈਸਟੋਰੈਂਟ ਵੀ ਸ਼ਾਮਲ ਹੈ, ਜਿੱਥੇ 16 ਜਨਵਰੀ ਦਿਨ ਐਤਵਾਰ ਨੂੰ ਪਾਜ਼ੇਟਿਵ ਆਏ ਵਿਅਕਤੀ ਨੇ 12.00 ਤੋਂ 1.00 ਵਜੇ ਦੇ ਵਿੱਚ ਗੇੜਾ ਮਾਰਿਆ। ਸਿਹਤ ਮੰਤਰਾਲੇ ਨੇ ਇਨ੍ਹਾਂ ਸਾਰੀਆਂ ਥਾਵਾਂ ਉੱਤੇ ਮੌਜੂਦ ਲੋਕਾਂ ਨੂੰ ਜਲਦੀ ਤੋਂ ਜਲਦੀ ਟੈੱਸਟ ਕਰਵਾਉਣ ਅਤੇ ਆਈਸੋਲੇਟ ਹੋਣ ਲਈ ਕਿਹਾ ਹੈ ਅਤੇ ਆਪਣੇ ਟੈੱਸਟ ਦੀ ਰਿਪੋਰਟ ਉੱਤੇ ਨਜ਼ਰ ਰੱਖਣ ਦੀ ਹਦਾਇਤ ਕੀਤੀ ਹੈ।
ਸਿਹਤ ਮੰਤਰਾਲੇ ਨੇ ਕਿਹਾ ਕਿ ਇਹ ਮੰਨਿਆ ਜਾਂਦਾ ਹੈ ਕਿ ਓਮੀਕਰੋਨ ਬੇਅ ਆਫ਼ ਪਲੇਨਟੀ ਵਿੱਚ ਪਹੁੰਚਿਆ ਹੈ, ਟੌਰੰਗਾ ਵਿੱਚ ਆਕਲੈਂਡ ਕਲੱਸਟਰ ਨਾਲ ਜੁੜੇ ਦੋ ਕੇਸਾਂ ਦਾ ਪਤਾ ਲਗਾਇਆ ਗਿਆ ਹੈ। ਅੱਜ ਦੇ 10 ਨਵੇਂ ਓਮੀਕਰੋਨ ਕਮਿਊਨਿਟੀ ਕੇਸਾਂ ਵਿੱਚੋਂ, ਘੱਟੋ-ਘੱਟ 6 ਕੇਸ ਆਕਲੈਂਡ ਵਿੱਚ ਹਨ ਅਤੇ 15 ਅਤੇ 16 ਜਨਵਰੀ ਦੇ ਹਫ਼ਤੇ ਦੇ ਅੰਤ ਵਿੱਚ ਆਕਲੈਂਡ ਵਿੱਚ ਹੋਏ ਇੱਕ ਪਰਿਵਾਰਕ ਸਮਾਗਮ ਅਤੇ ਹੋਰ ਸਬੰਧਿਤ ਸਮਾਗਮਾਂ ਨਾਲ ਸਿੱਧੇ ਜਾਂ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ, ਜਿੱਥੇ ਓਮੀਕਰੋਨ ਕਲੱਸਟਰ ਬਣਨਾ ਸ਼ੁਰੂ ਹੋਇਆ ਹੈ।
ਓਮੀਕਰੋਨ ਦੇ ਨਵੇਂ ਕੇਸਾਂ ਵਿੱਚ ਨੈਲਸਨ/ਤਸਮਾਨ ਵਿੱਚ ਇੱਕ ਕੇਸ ਸ਼ਾਮਲ ਹੈ, ਜੋ ਪਹਿਲਾਂ ਰਿਪੋਰਟ ਕੀਤੇ ਗਏ ਕੇਸ ਦਾ ਇੱਕ ਘਰੇਲੂ ਸੰਪਰਕ ਸੀ ਅਤੇ ਜਦੋਂ ਉਸ ਦਾ ਸਕਾਰਾਤਮਿਕ ਟੈੱਸਟ ਆਇਆ ਸੀ ਤਾਂ ਉਹ ਪਹਿਲਾਂ ਹੀ ਆਈਸੋਲੇਟ ਕਰ ਰਿਹਾ ਸੀ। ਪਾਮਰਸਟਨ ਨੌਰਥ ਵਿੱਚ ਇੱਕ ਨਵਾਂ ਓਮੀਕਰੋਨ ਕੇਸ ਵੀ ਸੀ ਜੋ ਪਹਿਲਾਂ ਰਿਪੋਰਟ ਕੀਤੇ ਗਏ ਕੇਸ ਦਾ ਇੱਕ ਘਰੇਲੂ ਸੰਪਰਕ ਹੈ ਅਤੇ ਜਦੋਂ ਉਸ ਦਾ ਸਕਾਰਾਤਮਿਕ ਟੈੱਸਟ ਆਇਆ ਸੀ ਤਾਂ ਉਹ ਪਹਿਲਾਂ ਹੀ ਆਈਸੋਲੇਟ ਕਰ ਰਿਹਾ ਸੀ।
ਕੇਸਾਂ ਨਾਲ ਜੁੜੀ ਦੂਜੀ ਪਰਿਵਾਰਕ ਘਟਨਾ
ਸਿਹਤ ਮੰਤਰਾਲੇ ਨੇ ਕਿਹਾ ਕਿ ਜਨਵਰੀ ਓਮੀਕਰੋਨ ਕਲੱਸਟਰ ਦੇ ਇੱਕ ਕੇਸ ਨੇ ਆਪਣੀ ਛੂਤ ਦੀ ਮਿਆਦ ਦੇ ਦੌਰਾਨ ਆਕਲੈਂਡ ਵਿੱਚ ਹੋਏ ਇੱਕ ਦੂਜੇ ਨਿੱਜੀ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਇਹ ਸਮਾਗਮ 16 ਜਨਵਰੀ (ਐਤਵਾਰ) ਦੀ ਸ਼ਾਮ ਨੂੰ ਆਕਲੈਂਡ ਦੇ ਪੁਕੇਕੋਹੇ ਇੰਡੀਅਨ ਹਾਲ ਵਿਖੇ ਹੋਇਆ। ਵਧੇਰੇ ਵੇਰਵੇ ਸਿਹਤ ਮੰਤਰਾਲੇ ਦੇ ਦਿਲਚਸਪੀ ਵਾਲੇ ਸਥਾਨਾਂ (ਲੋਕੇਸ਼ਨ ਆਫ਼ ਇੰਟਰੈਸਟ) ‘ਤੇ ਮਿਲ ਸਕਦੇ ਹਨ।
ਆਕਲੈਂਡ ਰਿਜਨਲ ਪਬਲਿਕ ਹੈਲਥ ਸਰਵਿਸ ਦਾ ਮੰਨਣਾ ਹੈ ਕਿ ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਸਬੰਧਿਤ ਸਮੇਂ (6.45 ਤੋਂ 10.45 ਵਜੇ ਦੇ ਵਿੱਚ) ‘ਤੇ ਇਸ ਸਥਾਨ ‘ਤੇ ਮੌਜੂਦ ਕਿਸੇ ਵੀ ਵਿਅਕਤੀ ਨੂੰ ਤੁਰੰਤ ਟੈੱਸਟ ਕਰਵਾਉਣ ਲਈ ਕਿਹਾ ਗਿਆ ਹੈ ਅਤੇ ਜਦੋਂ ਤੱਕ ਕੋਈ ਨਕਾਰਾਤਮਿਕ ਨਤੀਜਾ ਨਹੀਂ ਆ ਜਾਂਦਾ ਉਦੋਂ ਤੱਕ ਸੈਲਫ਼-ਆਈਸੋਲੇਸ਼ਨ ਰਹਿਣ ਲਈ ਕਿਹਾ ਗਿਆ ਹੈ।
ਮੰਤਰਾਲੇ ਨੇ ਕਿਹਾ ਕਿ ਕ੍ਰਿਪਾ ਕਰਕੇ ਦਿਲਚਸਪੀ ਵਾਲੇ ਸਥਾਨਾਂ ਦੀ ਵੈੱਬਸਾਈਟ ‘ਤੇ, ਜਾਂ ਹੈਲਥ ਲਾਈਨ ਨਾਲ 0800 358 5453 ‘ਤੇ ਮੁਫ਼ਤ ਵਿੱਚ ਸੰਪਰਕ ਕਰਕੇ ਆਪਣੀ ਮੁਲਾਕਾਤ ਨੂੰ ਵੀ ਰਿਕਾਰਡ ਕਰੋ। ਹੋਰ ਜਾਣਕਾਰੀ, ਆਈਸੋਲੇਸ਼ਨ ਅਤੇ ਟੈਸਟਿੰਗ ਲੋੜਾਂ ਸੰਪਰਕ ਟਰੇਸਰਾਂ ਦੁਆਰਾ ਪ੍ਰਦਾਨ ਕੀਤੀਆਂ ਜਾਣਗੀਆਂ।
ਮੰਤਰਾਲੇ ਨੇ ਕਿਹਾ ਕਿ ਓਮੀਕਰੋਨ ਦੇ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲੇ ਸੁਭਾਅ ਦੇ ਮੱਦੇਨਜ਼ਰ ਕੇਸਾਂ ਅਤੇ ਸੰਪਰਕਾਂ ਦੀ ਗਿਣਤੀ ਵਧਣ ਦੀ ਉਮੀਦ ਕੀਤੀ ਜਾਂਦੀ ਹੈ ਅਤੇ ਜਿਵੇਂ ਕਿ ਅਸੀਂ ਕੇਸ ਇੰਟਰਵਿਊਆਂ ਤੋਂ ਹੋਰ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ।
ਸਿਹਤ ਮੰਤਰਾਲੇ ਨੇ ਕਿਹਾ ਕਿ ਅੱਜ ਦੇ ਨਵੇਂ 25 ਕੇਸਾਂ ਨਾਲ ਡੈਲਟਾ ਪ੍ਰਕੋਪ ਦੇ ਕੇਸਾਂ ਦੀ ਗਿਣਤੀ ਹੁਣ ਵਧ ਕੇ 11,541 ਹੋ ਗਈ ਹੈ। ਇਨ੍ਹਾਂ 25 ਕੇਸਾਂ ਵਿੱਚੋਂ ਆਕਲੈਂਡ ‘ਚ 18 ਕੇਸ, 2 ਕੇਸ ਬੇਅ ਆਫ਼ ਪਲੇਨਟੀ ‘ਚ, 1 ਕੇਸ ਨੌਰਥਲੈਂਡ ‘ਚ, 1 ਕੇਸ ਨੈਲਸਨ ਮਾਰਲਬਰੋਅ ‘ਚ, 2 ਕੇਸ ਲੇਕਸ ‘ਚ ਅਤੇ 1 ਕੇਸ ਮਿਡ ਸੈਂਟਰਲ ਵਿੱਚ ਹੈ।
ਵਾਇਰਸ ਨਾਲ ਹਸਪਤਾਲ ਵਿੱਚ 10 ਲੋਕ ਹਨ। ਜਿਨ੍ਹਾਂ ਵਿੱਚੋਂ 5 ਕੇਸ ਨੌਰਥ ਸ਼ੋਰ, 2 ਕੇਸ ਆਕਲੈਂਡ ਸਿਟੀ ਹਸਪਤਾਲ, 1 ਮਿਡਲਮੋਰ ਅਤੇ 2 ਰੋਟੋਰੂਆ ਵਿੱਚ ਹੈ। 0 ਕੇਸ ਇੰਟੈਂਸਿਵ ਕੇਅਰ ਯੂਨਿਟਾਂ ਵਿੱਚ ਹੈ। ਹਸਪਤਾਲ ਵਿੱਚ ਦਾਖਲ ਲੋਕਾਂ ਦੀ ਔਸਤ ਉਮਰ 62 ਸਾਲ ਹੈ।
ਮੰਤਰਾਲੇ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ 12,687 ਕੋਵਿਡ ਟੈੱਸਟ ਕੀਤੇ ਗਏ ਹਨ। ਸੱਤ ਦਿਨਾਂ ਦੀ ਰੋਲਿੰਗ ਔਸਤ 13,814 ਟੈੱਸਟ ਹੈ। ਜਦੋਂ ਕਿ ਆਕਲੈਂਡ ਵਿੱਚ 5,713 ਕੋਵਿਡ ਟੈੱਸਟ ਕੀਤੇ ਗਏ ਹਨ।
Home Page ਕੋਵਿਡ -19: ਅੱਜ ਕਮਿਊਨਿਟੀ ‘ਚ ਡੈਲਟਾ ਵੇਰੀਐਂਟ ਦੇ 25 ਅਤੇ ਓਮੀਕਰੋਨ ਦੇ...