ਪ੍ਰੋ. ਇੰਦਰਜੀਤ ਕੌਰ ਸੰਧੂ: ਵਿੱਦਿਆ ਦੀ ਰੌਸ਼ਨ ਵੰਡਣ ਵਾਲਾ ਚਿਰਾਗ਼ ਬੁਝ ਗਿਆ

ਤਸਵੀਰ- ਪ੍ਰੋ.ਇੰਦਰਜੀਤ ਕੌਰ ਸੰਧੂ

7 ਫਰਵਰੀ 2022 ਨੂੰ ਭੋਗ ‘ਤੇ ਵਿਸ਼ੇਸ਼
ਪ੍ਰੋ. ਇੰਦਰਜੀਤ ਕੌਰ ਸੰਧੂ ਸੂਰਤ ਅਤੇ ਸੀਰਤ ਦਾ ਸੁਮੇਲ ਸਨ। ਜਿੰਨੇ ਉਹ ਖ਼ੂਬਸੂਰਤ ਸਨ, ਉਸ ਤੋਂ ਵੀ ਕਿਤੇ ਸੌ ਗੁਣਾ ਕਾਬਲੀਅਤ ਦੇ ਮਾਲਕ ਸਨ। ਆਪਣੇ ਨੌਜਵਾਨੀ ਦੇ ਸਮੇਂ ਉਹ ਸੁੰਦਰਤਾ ਦੇ ਮੁਕਾਬਲੇ ਵਿੱਚ ਸ਼ਿਮਲਾ ਕੂਈਨ ਵੀ ਰਹੇ ਹਨ। ਫ਼ੌਜੀ ਪਿਤਾ ਦੇ ਘਰ ਜਨਮ ਲੈਣ ਕਰਕੇ ਦੇਸ਼ ਭਗਤੀ ਅਤੇ ਦਲੇਰੀ ਦਾ ਵੀ ਨਮੂਨਾ ਸਨ। ਮਜਾਲ ਹੈ ਕਦੀ ਉਨ੍ਹਾਂ ਦੇ ਦਿਮਾਗ਼ ਵਿੱਚ ਇਸਤਰੀ ਹੋਣ ਕਰਕੇ ਮਰਦ ਪ੍ਰਧਾਨ ਸਮਾਜ ਵਿੱਚ ਆਪਣੇ ਆਪ ਨੂੰ ਕਿਸੇ ਤੋਂ ਘੱਟ ਤਾਕਤਵਰ ਮੰਨਿਆਂ ਹੋਵੇ। ਅੱਧੀ ਸਦੀ ਤੋਂ ਵੱਧ ਵਿੱਦਿਆ ਦੀ ਰੌਸ਼ਨੀ ਵੰਡਣ ਵਾਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਾਬਕਾ ਉਪ ਕੁਲਪਤੀ ਪ੍ਰੋ ਇੰਦਰਜੀਤ ਕੌਰ ਸੰਧੂ 98 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋ ਗਏ ਹਨ। ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਇੱਕ ਸਫਲ ਮਰਦ ਦੀ ਸਫਲਤਾ ਪਿੱਛੇ ਕਿਸੇ ਸੁਘੜ ਸਿਆਣੀ ਇਸਤਰੀ ਦਾ ਹੱਥ ਹੁੰਦਾ ਹੈ। ਜਦੋਂ ਆਦਮੀ ਵੀ ਧਾਰਮਿਕ ਬਿਰਤੀ ਦਾ ਮਾਲਕ ਅਤੇ ਵਿਦਵਾਨ ਹੋਵੇ ਤਾਂ ਉਸ ਦੀ ਸਫਲਤਾ ਨੂੰ ਚਾਰ ਚੰਨ ਉਦੋਂ ਲੱਗ ਜਾਂਦੇ ਹਨ, ਜਦੋਂ ਉਨ੍ਹਾਂ ਦੀ ਪਤਨੀ ਵਿਦਵਤਾ ਦਾ ਮੁਜੱਸਮਾ ਹੋਵੇ। ਇਹ ਵੀ ਇਤਫ਼ਾਕ ਦੀ ਗੱਲ ਸੀ ਕਿ ਗਿਆਨੀ ਗੁਰਦਿੱਤ ਸਿੰਘ ਅਤੇ ਪ੍ਰੋ.ਇੰਦਰਜੀਤ ਕੌਰ ਸੰਧੂ ਦੋਵੇਂ ਵਿਦਵਤਾ, ਪ੍ਰਬੰਧਕੀ ਕਾਰਜਕੁਸ਼ਲਤਾ ਅਤੇ ਸਿਆਣਪ ਦਾ ਮੁਜੱਸਮਾ ਸਨ, ਜਿਸ ਕਰਕੇ ਦੋਵੇਂ ਇੱਕ ਦੂਜੇ ਦੇ ਪੂਰਕ ਬਣ ਕੇ ਤਾਅ ਜੀਵਨ ਨਿਭਦੇ ਰਹੇ। ਦੋਵੇਂ ਇੱਕ ਦੂਜੇ ਦੀ ਸਫਲਤਾ ਵਿਚ ਸਹਾਈ ਹੁੰਦੇ ਰਹੇ ਹਨ। ਪ੍ਰੋ.ਇੰਦਰਜੀਤ ਕੌਰ ਸੰਧੂ ਦੀ ਵਿਰਾਸਤ ਵੀ ਸਮਾਜਿਕ, ਆਰਥਿਕ ਅਤੇ ਵਿਦਵਤਾ ਦੇ ਤੌਰ ਤੇ ਅਮੀਰ ਸੀ, ਜਿਸ ਕਰਕੇ ਉਨ੍ਹਾਂ ਦੀ ਸ਼ਖ਼ਸੀਅਤ ਵਿਚ ਨਿਖਾਰ ਆਉਣਾ ਕੁਦਰਤੀ ਸੀ। ਪ੍ਰੋ. ਇੰਦਰਜੀਤ ਕੌਰ ਇੱਕ ਸੁਲਝੇ ਹੋਏ ਵਿੱਦਿਅਕ ਮਾਹਿਰ ਅਤੇ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੂੰ ਇੱਕ ਕੁਸ਼ਲ ਪ੍ਰਬੰਧਕ, ਅਨੁਭਵੀ ਅਤੇ ਸੁਲਝੇ ਹੋਏ ਅਧਿਆਪਕ ਹੋਣ ਕਰਕੇ ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਪੰਜਾਬ ਨੇ 6 ਮਈ 1975 ਨੂੰ ਪੰਜਾਬੀ ਯੂਨੀਵਰਸਿਟੀ ਦਾ ਉਪ ਕੁਲਪਤੀ ਲਗਾਇਆ ਗਿਆ, ਜਿਸ ਅਹੁਦੇ ‘ਤੇ ਅਕਤੂਬਰ 1977 ਤੱਕ ਰਹੇ। ਉੱਤਰੀ ਭਾਰਤ ਵਿਚ ਕਿਸੇ ਵੀ ਯੂਨੀਵਰਸਿਟੀ ਦੇ ਉਹ ਪਹਿਲੇ ਇਸਤਰੀ ਉਪ ਕੁਲਪਤੀ ਸਨ। ਉਹ ਕਲਾ ਦੇ ਕਦਰਦਾਨ ਸਨ। ਇਕ ਵਾਰ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਹੁੰਦੇ ਸਨ ਤਾਂ ਕਿਸੇ ਕਲਾਕਾਰ ਤੋਂ ਪੇਂਟਿੰਗ ਕਰਵਾਉਣੀਆਂ ਸਨ। ਸਰਕਾਰੀ ਨਿਯਮਾਂ ਅਨੁਸਾਰ ਜਿਹੜੀਆਂ ਕੁਟੇਸ਼ਨਾਂ ਆਈਆਂ ਤਾਂ ਦਫ਼ਤਰ ਨੇ ਘੱਟ ਕੀਮਤ ਦੀ ਮੰਗ ਕਰਨ ਵਾਲੇ ਕਲਾਕਾਰ ਦੀ ਪ੍ਰਵਾਨਗੀ ਲਈ ਫਾਈਲ ਉਨ੍ਹਾਂ ਕੋਲ ਭੇਜ ਦਿੱਤੀ। ਉਨ੍ਹਾਂ ਇਕ ਬਿਹਤਰੀਨ ਪੇਂਟਰ ਦੀ ਵੱਧ ਮੁੱਲ ਵਾਲੀ ਕੁਟੇਸ਼ਨ ਨੂੰ ਪ੍ਰਵਾਨ ਕਰਦਿਆਂ ਲਿਖ ਦਿੱਤਾ ਕਿ ਕਲਾ ਦੀ ਪਹਿਚਾਣ ਸਰਕਾਰੀ ਨਿਯਮਾਂ ਵਿੱਚ ਨਹੀਂ ਹੋ ਸਕਦੀ। ਸਗੋਂ ਕਲਾ ਦਾ ਮੁੱਲ ਹੀ ਨਹੀਂ ਪਾਇਆ ਜਾ ਸਕਦਾ। ਇਸ ਤੋਂ ਉਨ੍ਹਾਂ ਦੀ ਪਾਰਖੂ ਸੋਚ ਦੀ ਵੱਡੀ ਉਦਾਹਰਣ ਨਹੀਂ ਹੋ ਸਕਦੀ। ਉਸ ਤੋਂ ਬਾਅਦ ਜੁਲਾਈ 1980 ਤੋਂ 1985 ਤੱਕ ਕੇਂਦਰ ਸਰਕਾਰ ਦੇ ਸਟਾਫ਼ ਸਿਲੈੱਕਸ਼ਨ ਕਮਿਸ਼ਨ ਦੇ ਚੇਅਰਪਰਸਨ ਰਹੇ। ਇਸ ਅਹੁਦੇ ‘ਤੇ ਕੰਮ ਕਰਦਿਆਂ ਉਨ੍ਹਾਂ ਨੇ ਬੋਰਡ ਦੀ ਚੋਣ ਪ੍ਰਣਾਲੀ ਨੂੰ ਪਾਰਦਰਸ਼ੀ ਬਣਾ ਕੇ ਵੀ ਨਾਮਣਾ ਖੱਟਿਆ। ਇਸ ਦੇ ਨਾਲ ਹੀ ਅਕਾਦਮਿਕ ਖੇਤਰ ਵਿਚ ਉਨ੍ਹਾਂ ਨੇ ਦੇਸ਼ ਵਿਦੇਸ਼ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੈਮੀਨਾਰਾਂ ਵਿਚ ਖੋਜ ਪੇਪਰ ਪੜ੍ਹੇ। ਅਮਰੀਕਾ, ਇੰਗਲੈਂਡ ਅਤੇ ਨਿਊਜ਼ੀਲੈਂਡ ਵਿਚ ਵੱਖ ਵੱਖ ਸਮੇਂ ਕਾਨਫ਼ਰੰਸ ਆਫ਼ ਐਸੋਸੀਏਸ਼ਨ ਆਫ਼ ਕਾਮਨਵੈਲਥ ਯੂਨੀਵਰਸਿਟੀ, ਵੈਲਿੰਗਟਨ ਨਿਊਜ਼ੀਲੈਂਡ, ਬੋਸਟਨ, ਯੂਨੀਵਰਸਿਟੀ ਆਫ਼ ਰੋਜ਼ ਇਜ਼ਲੈਂਡ ਅਤੇ ਯੂਨੀਵਰਸਿਟੀ ਆਫ਼ ਹਲ, ਯੂ.ਕੇ. ਵਿਚ ਹਿੱਸਾ ਲਿਆ। ਉਹ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਦੇ ਸਲਾਹਕਾਰ ਵੀ ਰਹੇ ਸਨ। ਇਸੇ ਤਰ੍ਹਾਂ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੀ ਗਵਰਨਿੰਗ ਬਾਡੀ ਦੇ 1950 ਤੋਂ 53 ਤੱਕ ਪਹਿਲੇ ਇੱਕੋ ਇੱਕ ਇਸਤਰੀ ਮੈਂਬਰ ਵੀ ਰਹੇ। ਕਾਲਜ ਨੂੰ ਸਭਿਆਚਾਰਕ ਸਰਗਰਮੀਆਂ ਦਾ ਕੇਂਦਰ ਬਣਾ ਦਿੱਤਾ। ਹਸਮੁਖ ਸੁਭਾਅ, ਵਧੀਆ ਕਾਰਗੁਜ਼ਾਰੀ ਅਤੇ ਪ੍ਰਬੰਧਕੀ ਨਿਪੁੰਨਤਾ ਨੇ ਉਨ੍ਹਾਂ ਦੇ ਵਿਅਕਤਿਤਵ ਨੂੰ ਨਿਖਾਰਨ ਵਿਚ ਵੱਡਾ ਯੋਗਦਾਨ ਪਾਇਆ। ਉਨ੍ਹਾਂ ਆਪਣਾ ਸਾਰਾ ਜੀਵਨ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਤੇ ਲਾ ਦਿੱਤਾ। ਉਨ੍ਹਾਂ ਨੇ 21 ਸਾਲ ਵੱਖ ਵੱਖ ਵਿੱਦਿਅਕ ਸੰਸਥਾਵਾਂ ਵਿਚ ਪੜ੍ਹਾਇਆ ਅਤੇ 20 ਸਾਲ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪ੍ਰਬੰਧਕੀ ਕੰਮ ਕਰਦੇ ਰਹੇ। ਉਹ ਇੱਕ ਸਫਲ ਅਧਿਆਪਕਾ ਅਤੇ ਕੁਸ਼ਲ ਪ੍ਰਬੰਧਕ ਦੇ ਤੌਰ ਤੇ ਨਾਮਣਾ ਖੱਟ ਚੁੱਕੇ ਸਨ।
ਉਨ੍ਹਾਂ ਦਾ ਜਨਮ ਕਰਨਲ ਸ਼ੇਰ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ 1 ਸਤੰਬਰ 1923 ਨੂੰ ਹੋਇਆ। ਉਨ੍ਹਾਂ ਦੇ ਮਾਪਿਆਂ ਨੇ ਉਨ੍ਹਾਂ ਦੀ ਪਾਲਣ ਪੋਸ਼ਣ ਇੱਕ ਲੜਕੇ ਦੀ ਤਰ੍ਹਾਂ ਕੀਤੀ ਤਾਂ ਜੋ ਸਮਾਜਿਕ ਅਤੇ ਸੰਸਾਰਕ ਜੀਵਨ ਵਿੱਚ ਉਨ੍ਹਾਂ ਨੂੰ ਕਠਨਾਈਆਂ ਦਾ ਸਾਹਮਣਾ ਕਰਨ ਵਿੱਚ ਮੁਸ਼ਕਲ ਪੇਸ਼ ਨਾ ਆਵੇ। ਜਦੋਂ ਉਨ੍ਹਾਂ ਦਾ ਜਨਮ ਹੋਇਆ ਤਾਂ ਮਾਪਿਆਂ ਨੇ ਉਨ੍ਹਾਂ ਦੇ ਜਨਮ ਨੂੰ ਵੱਡੇ ਪੱਧਰ ਤੇ ਮਨਾ ਕੇ ਲੜਕੇ ਅਤੇ ਲੜਕੀ ਦੇ ਫ਼ਰਕ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਜਿਹੇ ਵਾਤਾਵਰਨ ਵਿੱਚ ਪਾਲਣ ਪੋਸ਼ਣ ਹੋਣ ਕਰਕੇ ਦਲੇਰੀ ਅਤੇ ਹਿੰਮਤ ਵਿੱਚ ਵਾਧਾ ਹੋਇਆ। ਉਨ੍ਹਾਂ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਵਿਕਟੋਰੀਆ ਗਰਲਜ਼ ਸਕੂਲ ਪਟਿਆਲਾ ਤੋਂ ਪਾਸ ਕੀਤੀ। ਫਿਰ ਉਨ੍ਹਾਂ ਨੇ ਬੀ.ਟੀ.ਸੋਹਨ ਲਾਲ ਟਰੇਨਿੰਗ ਕਾਲਜ ਲਾਹੌਰ ਤੋਂ ਪਾਸ ਕੀਤੀ। ਸਰਕਾਰੀ ਕਾਲਜ ਲਾਹੌਰ ਤੋਂ ਹੀ ਉਨ੍ਹਾਂ ਨੇ ਐਮ.ਏ.ਫ਼ਿਲਾਸਫ਼ੀ ਦੀ ਡਿਗਰੀ ਹੋਸਟਲ ਵਿਚ ਰਹਿੰਦਿਆਂ ਪ੍ਰਾਪਤ ਕੀਤੀ। ਪਟਿਆਲਾ ਦੀ ਉਹ ਪਹਿਲੀ ਲੜਕੀ ਸਨ, ਜਿਹੜੀ ਪੜ੍ਹਾਈ ਕਰਨ ਲਈ ਲਾਹੌਰ ਗਈ ਸੀ। ਇਹ ਕਾਲਜ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਅਧੀਨ ਸੀ। ਜਦੋਂ ਪਹਿਲੀ ਵਾਰ ਮਹਿੰਦਰਾ ਕਾਲਜ ਪਟਿਆਲਾ ਵਿਚ ਐਮ.ਏ. ਪੰਜਾਬੀ ਦੀਆਂ ਕਲਾਸਾਂ ਸ਼ੁਰੂ ਹੋਈਆਂ ਤਾਂ ਉਨ੍ਹਾਂ ਨੇ ਆਪਣੀ ਐਮ.ਏ. ਪੰਜਾਬੀ ਇੱਥੋਂ ਪਾਸ ਕੀਤੀ, ਉਦੋਂ ਇਹ ਕਾਲਜ ਪੰਜਾਬ ਯੂਨੀਵਰਸਿਟੀ ਸੋਲਨ ਨਾਲ ਸੰਬੰਧਿਤ ਸੀ। ਉਨ੍ਹਾਂ ਦਿਨਾ ਵਿਚ ਲੜਕੀਆਂ ਦੀ ਪੜ੍ਹਾਈ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ ਸੀ, ਇੱਥੋਂ ਤੱਕ ਕਿ ਲੜਕੀਆਂ ਦਾ ਘਰੋਂ ਬਾਹਰ ਨਿਕਲਣਾ ਵੀ ਚੰਗਾ ਨਹੀਂ ਸਮਝਿਆ ਜਾਂਦਾ ਸੀ। ਉਨ੍ਹਾਂ ਨੇ ਵਿਕਟੋਰੀਆ ਇੰਟਰਮੀਡੀਏਟ ਕਾਲਜ ਵਿਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਉਹ ਅੰਗਰੇਜ਼ੀ, ਉਰਦੂ, ਪੰਜਾਬੀ ਅਤੇ ਹਿੰਦੀ ਦੇ ਵੀ ਵਿਦਵਾਨ ਸਨ। ਉਹ 16 ਦਸੰਬਰ 1940 ਵਿਚ ਹੀ ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਵਿਚ ਲੈਕਚਰਾਰ ਲੱਗ ਗਏ ਸਨ ਅਤੇ ਇੱਥੇ 11 ਅਕਤੂਬਰ 1955 ਤੱਕ ਪੜ੍ਹਾਉਂਦੇ ਰਹੇ। ਇਸ ਤੋਂ ਬਾਅਦ 12 ਅਕਤੂਬਰ 1955 ਤੋਂ 16 ਸਤੰਬਰ 1958 ਤੱਕ ਸਟੇਟ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਵਿੱਚ ਪ੍ਰੋਫੈਸਰ ਅਤੇ 17 ਸਤੰਬਰ 1959 ਤੋਂ 30 ਮਈ 1967 ਤੱਕ ਚੰਡੀਗੜ੍ਹ ਵਿਖੇ ਟ੍ਰ੍ਰੇਨਿੰਗ ਕਾਲਜ ਦੇ ਵਾਈਸ ਪ੍ਰਿੰਸੀਪਲ ਰਹੇ। ਇੰਦਰਜੀਤ ਕੌਰ ਸੰਧੂ 31 ਮਈ 1965 ਤੋਂ 1972 ਤੱਕ ਲੜਕੀਆਂ ਦੇ ਸਰਕਾਰੀ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਇਸ ਕਾਲਜ ਦੀ ਨੁਹਾਰ ਬਦਲ ਦਿੱਤੀ ਅਤੇ ਜਲਦੀ ਹੀ ਇਹ ਕਾਲਜ ਲੜਕੀਆਂ ਲਈ ਖਿੱਚ ਦਾ ਕੇਂਦਰ ਬਣ ਗਿਆ। ਉਨ੍ਹਾਂ ਨੇ ਹੀ ਇਸ ਕਾਲਜ ਵਿਚ ਸਾਇੰਸ ਗਰੁੱਪ ਦੀਆਂ ਕਲਾਸਾਂ ਸ਼ੁਰੂ ਕਰਵਾਈਆਂ ਸਨ। ਫਿਰ ਮਈ 1972 ਤੋਂ 1977 ਤੱਕ ਸਰਕਾਰੀ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਵੀ ਰਹੇ। ਪ੍ਰੋ. ਇੰਦਰਜੀਤ ਕੌਰ ਸਰਵਪੱਖੀ ਸ਼ਖ਼ਸੀਅਤ ਦੀ ਮਾਲਕ ਸਨ। ਸਕੂਲ ਅਤੇ ਕਾਲਜ ਦੇ ਵਿਦਿਆਰਥੀ ਜੀਵਨ ਵਿਚ ਉਹ ਗਿੱਧੇ ਦੀ ਟੀਮ ਦੇ ਮੈਂਬਰ ਸਨ। ਇਸੇ ਕਰਕੇ ਉਨ੍ਹਾਂ ਨੇ ਸਰਕਾਰੀ ਲੜਕੀਆਂ ਦੇ ਕਾਲਜ ਪਟਿਆਲਾ ਵਿਚ ਲੜਕੀਆਂ ਦੀ ਗਿੱਧਾ ਟੀਮ ਦੀ ਹਮੇਸ਼ਾ ਸਰਪ੍ਰਸਤੀ ਕੀਤੀ ਅਤੇ ਉਨ੍ਹਾਂ ਵੱਲੋਂ ਤਿਆਰ ਕੀਤੀਆਂ ਟੀਮਾਂ ਨੇ ਗਣਰਾਜ ਦਿਵਸ ਦੇ ਮੌਕੇ ਤੇ ਦਿੱਲੀ ਵਿਖੇ ਆਪਣੀਆਂ ਪ੍ਰਫਾਰਮੈਂਸਜ਼ ਦਿੱਤੀਆਂ। ਉਨ੍ਹਾਂ ਦਾ ਵਿਆਹ ਸਿੱਖ ਸਕਾਲਰ ਅਤੇ ਜਾਣੇ ਪਛਾਣੇ ਵਿਦਵਾਨ ਸਾਹਿਤਕਾਰ ਗਿਆਨੀ ਗੁਰਦਿੱਤ ਸਿੰਘ ਨਾਲ ਹੋਇਆ। ਉਨ੍ਹਾਂ ਦੇ ਦੋ ਸਪੁੱਤਰ ਰੁਪਿੰਦਰ ਸਿੰਘ ਅਤੇ ਰਾਵਿੰਦਰ ਸਿੰਘ ਹਨ। ਰੁਪਿੰਦਰ ਸਿੰਘ ‘ਦੀ ਟ੍ਰਿਬਿਊਨ’ ਅਖ਼ਬਾਰ ਵਿਚ ਕਾਰਜਕਾਰੀ ਸੰਪਾਦਕ ਰਹੇ ਹਨ। ਇੰਦਰਜੀਤ ਕੌਰ ਸੰਧੂ ਨੇ ਗਿਆਨੀ ਗੁਰਦਿੱਤ ਸਿੰਘ ਦੀ ਸ਼ਾਹਕਾਰ ਰਚਨਾ ‘ ਮੇਰਾ ਪਿੰਡ ‘ ਦੀ ਸੰਪਾਦਨਾ ਵਿਚ ਪੂਰਾ ਸਹਿਯੋਗ ਦਿੱਤਾ। ਗਿਆਨੀ ਗੁਰਦਿੱਤ ਸਿੰਘ ਦੀਆਂ ਅੰਗਰੇਜ਼ੀ ਦੀਆਂ ਪੁਸਤਕਾਂ ਵਿਚ ਵੀ ਉਹ ਆਪਣਾ ਯੋਗਦਾਨ ਪਾਉਂਦੇ ਰਹੇ। ਇਸੇ ਤਰ੍ਹਾਂ ਉਨ੍ਹਾਂ ਨੇ ਸਮਾਜ ਸੇਵਾ ਵਿਚ ਵੀ ਮਾਅਰਕੇ ਦਾ ਕੰਮ ਕੀਤਾ ਅਤੇ ਮਾਤਾ ਸਾਹਿਬ ਕੌਰ ਦੀ ਯਾਦ ਵਿਚ ‘ ਮਾਤਾ ਸਾਹਿਬ ਕੌਰ ਦਲ ‘ ਨਾਂ ਦੀ ਸੰਸਥਾ ਸਥਾਪਤ ਕੀਤੀ। ਪੈਪਸੂ ਦੇ ਉਦੋਂ ਦੇ ਮੁੱਖ ਮੰਤਰੀ ਗਿਆਨ ਸਿੰਘ ਰਾੜੇਵਾਲਾ ਦੀ ਪਤਨੀ ਮਨਮੋਹਨ ਕੌਰ ਇਸ ਸੰਸਥਾ ਦੇ ਪ੍ਰਧਾਨ ਅਤੇ ਉਹ ਸਕੱਤਰ ਸਨ। ਇਸ ਸੰਸਥਾ ਨੇ 400 ਪਰਿਵਾਰਾਂ ਨੂੰ ਮੁੜ ਵਸੇਬੇ ਵਿਚ ਪੂਰੀ ਮਦਦ ਕੀਤੀ। ਉਨ੍ਹਾਂ ਨੇ ਉਸ ਸਮੇਂ ਕਸ਼ਮੀਰ ਵਿਚ ਬਾਰਾਮੁਲਾ ਵਿਖੇ 4 ਟਰੱਕ ਲੋੜੀਂਦੇ ਸਾਮਾਨ ਦੇ ਪ੍ਰਭਾਵਿਤ ਲੋਕਾਂ ਲਈ ਭਿਜਵਾਏ। ਮਾਤਾ ਸਾਹਿਬ ਕੌਰ ਸਕੂਲ ਵੀ ਪਟਿਆਲਾ ਵਿਖੇ ਰਿਫ਼ਿਊਜੀ ਬੱਚਿਆਂ ਦੀ ਪੜ੍ਹਾਈ ਲਈ ਸਥਾਪਤ ਕੀਤਾ। ਭਾਰਤ ਦੀ ਵੰਡ ਸਮੇਂ ਪੰਜਾਬ ਵਿਚ ਪਿੱਛੇ ਰਹਿ ਗਈਆਂ ਮੁਸਲਿਮ ਇਸਤਰੀਆਂ ਨੂੰ ਵਾਪਸ ਪਾਕਿਸਤਾਨ ਭਿਜਵਾਉਣ ਦਾ ਪ੍ਰਬੰਧ ਵੀ ਕੀਤਾ। ਇਸਤਰੀਆਂ ਖ਼ਾਸ ਤੌਰ ਤੇ ਨੌਜਵਾਨ ਲੜਕੀਆਂ ਲਈ ਉਹ ਰੋਲ ਮਾਡਲ ਹਨ ਕਿਉਂਕਿ ਉਨ੍ਹਾਂ ਦਾ ਸਮੁੱਚਾ ਵਿੱਦਿਅਕ ਕੈਰੀਅਰ ਵਿਲੱਖਣ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਵਿਚ ਉਨ੍ਹਾਂ ਦੇ ਉਪ ਕੁਲਪਤੀ ਦੇ ਸਮੇਂ ਸਭ ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ਨੇ ਨੌਜਵਾਨ ਵਿਦਿਆਰਥੀਆਂ ਵਿਚ ਪੁਸਤਕਾਂ ਪੜ੍ਹਨ ਅਤੇ ਪੀ.ਐਚ.ਡੀ.ਕਰਨ ਦੀ ਰੁਚੀ ਪੈਦਾ ਕਰਕੇ ਬਿਹਤਰੀਨ ਕੰਮ ਕੀਤਾ।
ਪ੍ਰੋ. ਇੰਦਰਜੀਤ ਕੌਰ ਸੰਧੂ 27 ਜਨਵਰੀ ਨੂੰ ਚੰਡੀਗੜ੍ਹ ਵਿਖੇ ਸਵਰਗਵਾਸ ਹੋ ਗਏ ਸਨ। 7 ਫਰਵਰੀ 2022 ਦਿਨ ਸੋਮਵਾਰ ਨੂੰ ਉਨ੍ਹਾਂ ਦੀ ਯਾਦ ਵਿੱਚ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸੈਕਟਰ 11 ਚੰਡੀਗੜ੍ਹ ਵਿਖੇ ਦੁਪਹਿਰ 12.00 ਵਜੇ ਤੋਂ 1.00 ਵਜੇ ਦਰਮਿਆਨ ਹੋਵੇਗੀ।
ਲੇਖਕ – ਉਜਾਗਰ ਸਿੰਘ
ਮੋਬਾਈਲ: +91 94178 13072
E-mail: ujagarisngh48@yahoo.com